ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥ ਗੁਰੂ ਅਨੁਸਾਰੀ ਦੇ ਹਿਰਦੇ ਅੰਦਰ ਇਮਾਨ ਹੈ ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਸਾਈਂ ਦੇ ਨਾਮ ਵਿੱਚ ਲੀਨ ਹੋ ਜਾਂਣੇ ਹਨ। ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥ ਹੇ ਮੇਰੀ ਜਿੰਦੜੀਏ! ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ। ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥ ਹੇ ਮੇਰੇ ਮਨੂਏ! ਹਮੇਸ਼ਾ, ਹਮੇਸ਼ਾਂ ਹੀ ਤੂੰ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਸਵਾਮੀ ਦੀ ਅਕਹਿ ਸਾਖੀ ਨੂੰ ਵਰਨਣ ਕਰ। ਠਹਿਰਾਉ। ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥ ਕਿਸੇ ਨਾਂ ਕਿਸੇ ਤਰ੍ਹਾਂ ਇਸ ਨਾਂ-ਬਿਆਨ ਹੋਣ ਵਾਲੀ ਵਾਰਤਾ ਨੂੰ ਪ੍ਰਾਪਤ ਕਰਨ ਲਈ, ਮੈਂ ਆਪਣੇ ਮਨ ਤੇ ਸਰੀਰ ਦੀ ਖੋਜ-ਭਾਲ ਕੀਤੀ ਹੈ। ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥ ਨੇਕ ਪੁਰਸ਼ਾਂ ਨਾਲ ਮਿਲ ਕੇ, ਮੈਂ ਆਪਣੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤੇ ਅਕਹਿ ਰੱਬੀ ਵਾਰਤਾ ਨੂੰ ਸੁਣ ਕੇ ਮੇਰਾ ਚਿੱਤ ਪ੍ਰਸੰਨ ਥੀ ਗਿਆ ਹੈ। ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥ ਮੇਰੀ ਆਤਮਾ ਅਤੇ ਦੇਹ ਦੇ ਅੰਦਰ ਪ੍ਰਭੁ ਦੇ ਨਾਮ ਦਾ ਆਸਰਾ ਹੈ ਜਿਸ ਦੁਆਰਾ ਸਰਵਗ ਮਾਲਕ ਨਾਲ ਮੇਰਾ ਮਿਲਾਪ ਹੋ ਗਿਆ ਹੈ। ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥ ਬਲਵਾਨ ਗੁਰਦੇਵ ਜੀ ਨੇ ਮੈਨੂੰ ਬਲਵਾਨ ਸੁਆਮੀ ਨਾਲ ਮਿਲਾ ਦਿੱਤਾ ਹੈ ਅਤੇ ਉਸ ਨਾਲ ਮਿਲ ਕੇ, ਮੇਰੀ ਗਿਆਤ, ਪਰਮ ਗਿਆਤ ਅੰਦਰ ਲੀਨ ਹੋ ਗਈ ਹੈ। ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥ ਭਾਰੀ ਚੰਗੀ ਕਿਸਮਤ ਦੁਆਰਾ ਮੈਂ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਚਤੁਰ ਤੇ ਸਿਆਣੇ ਸਾਈਂ ਨੂੰ ਪ੍ਰਾਪਤ ਕਰ ਲਿਆ ਹੈ। ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥ ਪ੍ਰਤੀਕੂਲ ਪੁਰਸ਼ ਨਿਕਰਮਣ ਹਨ। ਉਨ੍ਹਾਂ ਦੀ ਜੀਵਨ ਰਾਤ੍ਰੀ ਤਕਲਫ਼ਿ ਅੰਦਰ ਹੀ ਬੀਤ ਜਾਂਦੀ ਹੈ। ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥ ਮੈਂ ਤੇਰਾ ਇੱਕ ਮਸਕੀਨ ਮੰਗਤਾ ਹਾਂ, ਹੇ ਸੁਆਮੀ! ਤੂੰ ਮੇਰੇ ਮੂੰਹ ਵਿੱਚ ਆਪਣੀ ਅੰਮ੍ਰਿਤ-ਗੁਰਬਾਣੀ ਚੋ। ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥ ਸੱਚੇ ਗੁਰਦੇਵ ਜੀ ਮੈਂਡੇ ਯਾਰ ਹਨ, ਹੇ ਮੇਰੇ ਗੁਰਦੇਵ ਜੀ! ਤੁਸੀਂ ਮੈਨੂੰ ਮੈਂਡੇ ਕਾਮਲ ਅਤੇ ਸਰੱਬਗ ਸੁਆਮੀ ਵਾਹਿਗੁਰੂ ਨਾਲ ਮਿਲਾ ਕਿਓ। ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥ ਦਾਸ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਮੇਰੇ ਵਾਹਿਗੁਰੂ! ਤੂੰ ਮਿਹਰ ਧਾਰ ਅਤੇ ਮੈਨੂੰ ਆਪਣੇ ਨਾਮ ਨਾਲ ਅਭੇਦ ਕਰ ਲੈ। ਮਾਰੂ ਮਹਲਾ ੪ ॥ ਮਾਰੂ ਚੌਥੀ ਪਾਤਸ਼ਾਹੀ। ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥ ਨਿਰ-ਇੱਛਤ ਵੰਝਣ ਦੁਆਰਾ, ਮੇਰੇ ਵਾਹਿਗੁਰੂ ਨਾਲ ਮੇਰਾ ਪਿਆਰ ਪੈ ਗਿਆ ਹੈ ਅਤੇ ਵੱਡੀ ਚੰਗੀ ਕਿਸਮਤ ਰਾਹੀਂ ਮੈਂ ਸੁਆਮੀ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥ ਸਤਿਸੰਗਤ ਨਾਲ ਜੁੜ ਕੇ, ਮੇਰੇ ਅੰਦਰ ਈਮਾਨ ਭਰੋਸਾ ਉਤੰਪਨ ਥੀ ਗਿਆ ਹੈ ਅਤੇ ਗੁਰਾ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਅੰਮ੍ਰਿਤ ਨੂੰ ਚਖਦਾ ਹਾਂ। ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥ ਗੁਰਾਂ ਦੀ ਬਾਣੀ ਰਾਹੀਂ ਸਾਹਿਬ ਦੀ ਕੀਰਤੀ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸਮੂਹ ਪ੍ਰਫੁੱਲਤ ਹੋ ਗਏ ਹਨ। ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥ ਹੇ ਮੇਰੀ ਮਿਠੱੜੀ ਆਤਮਾ! ਮੇਰਾ ਸਜਣੀਏ, ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ। ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥ ਪੂਰਨ ਗੁਰਾਂ ਦੇ ਰਾਹੀਂ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਜੋ ਇਸ ਲੋਕ ਤੇ ਪ੍ਰਲੋਕ ਵਿੱਚ ਮੇਰੀ ਇੱਜ਼ਤ ਆਬਰੂ ਰਖਦਾ ਹੈ। ਠਹਿਰਾਉ। ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥ ਤੂੰ ਆਪਣੇ ਸਾਈਂ ਰੱਬ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੀ ਮਹਿਮਾ ਦੇ ਸੁਆਦ ਨੂੰ ਚੱਖ। ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥ ਆਪਦੇ ਦੇਹ ਦੇ ਖੰਤ ਅੰਦਰ ਤੂੰ ਵਾਹਿਗੁਰੂ ਦੇ ਨਾਮ ਨੂੰ ਬੀਜ। ਰੱਬ ਸਾਈਂ ਸਤਿਸੰਗਤ ਅੰਦਰ ਵਸਦਾ ਹੈ। ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥ ਸੁਅਮੀ ਮਾਲਕ ਦਾ ਨਾਮ ਅੰਮ੍ਰਿਤ ਹੈ। ਪੂਰਨ ਗੁਰਾਂ ਦੇ ਰਾਹੀਂ, ਤੂੰ ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰ। ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥ ਅਧਰਮੀ ਖ਼ਾਹਿਸ਼ਾਂ ਨਾਲ ਭਰੇ ਹੋਏ ਹਨ। ਆਪਣੇ ਹਿਰਦੇ ਅੰਦਰ ਦਸੀਂ ਪਾਸੀਂ ਭੱਜ ਦੌੜ ਕਰਨ ਦੁਆਰਾ ਉਹ ਅਨੇਕ, ਲੱਖੂਖਾਂ ਇਕੱਤਰ ਕਰਨ ਦੀ ਉਮੈਦ ਰਖਦੇ ਹਨ। ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥ ਨਾਮ ਦੇ ਬਾਝੋਂ ਫਿਟਕਾਰਯੋਗ ਹੈ ਬੰਦੇ ਦਾ ਜੀਵਨ ਆਪ ਹੁਦਰਿਆਂ ਨੂੰ ਗੰਦਗੀ ਅੰਦਰ ਵਾਸਾ ਮਿਲਦਾ ਹੈ। ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥ ਉਹ ਆਉਂਦੇ ਤੇ ਜਾਂਦੇ ਹਨ ਅਤੇ ਘਣੇਰੀਆਂ ਜੂਨੀਆਂ ਵਿੱਚ ਧੱਕੇ ਜਾਂਦੇ ਹਨ। ਉਹ ਬਦਬੂਦਾਰ ਗੰਦਗੀ ਨੂੰ ਖਾਂਦੇ ਹਨ। ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥ ਹਾੜੇ ਤਰਲੇ ਕੱਢਦੇ ਹੋਏ ਨੇ, ਮੈਂ ਤੇਰੀ ਪਨਾਹ ਲਈ ਹੈ। ਮਿਹਰ ਕਰਕੇ ਤੂੰ ਮੇਰੀ ਰੱਖਿਆ ਕਰ ਹੇ ਮੇਰੇ ਸੁਆਮੀ ਵਾਹਿਗੁਰੂ! ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥ ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣੇ ਨਾਮ ਦੀ ਇੱਜ਼ਤ ਆਬਰੂ ਅਤੇ ਇਤਬਾਰ ਬਖਸ਼। ਹਰਿ ਹਰਿ ਨਾਮੁ ਧਨੁ ਪਾਇਆ ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥ ਮੈਨੂੰ ਰੱਬ ਸਾਈਂ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ, ਅਤੇ ਗੋਲਾ ਨਾਨਕ ਗੁਰੂ ਦੇ ਉਪਦੇਸ਼ ਤਾਬੇ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ। ਮਾਰੂ ਮਹਲਾ ੪ ਘਰੁ ੫ ਮਾਰੂ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਰਿ ਹਰਿ ਭਗਤਿ ਭਰੇ ਭੰਡਾਰਾ ॥ ਸਾਈਂ ਰੱਬ ਦੇ ਖ਼ਜ਼ਾਨੇ ਪ੍ਰੇਮ ਨਾਲ ਪਰੀਪੂਰਨ ਹਨ। ਗੁਰਮੁਖਿ ਰਾਮੁ ਕਰੇ ਨਿਸਤਾਰਾ ॥ ਗੁਰਾਂ ਦੇ ਰਾਹੀਂ ਹੀ ਸਾਂਈਂ, ਬੰਦੇ ਦਾ ਪਾਰ ਉਤਾਰਾ ਕਰਦਾ ਹੈ। ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥੧॥ ਜਿਸ ਕਿਸੇ ਉੱਤੇ ਮੈਡਾਂ ਮਾਲਕ ਮਿਹਰ ਧਾਰਦਾ ਹੈ; ਕੇਵਲ ਉਹ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥ ਹੇ ਮੇਰੇ ਫੂਲ ਮਾਲਾ ਵਾਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਮੇਰੇ ਉਤੇ ਤਰਸ ਕਰ, ਹਰਿ ਹਿਰਦੈ ਸਦਾ ਸਦਾ ਸਮਾਲੀ ॥ ਤਾਂ ਜੋ ਆਪਦੇ ਮਨ ਅੰਦਰ ਮੈਂ ਹਮੇਸ਼ਾਂ ਹਮੇਸ਼ਾਂ ਹੀ ਤੈਨੂੰ ਸਿਮਰਦਾ ਰਹਾਂ। ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥ ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੈਂਡੀ ਜਿਦੜੀਏ! ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੀ ਤੈਨੂੰ ਬੰਦਖ਼ਲਾਸ ਕਰਾਵੇਗਾ ਠਹਿਰਾਉ। copyright GurbaniShare.com all right reserved. Email |