Page 995

ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥
ਖ਼ੁਦ-ਮੁਖ਼ਤਿਆਰ ਹੈ ਮੈਡਾਂ ਮਾਲਕ, ਉਸ ਨੂੰ ਇਕ ਭੋਰਾਭਰ ਭੀ ਤਮ੍ਹਾਂ (ਲਾਲਚ) ਨਹੀਂ, ਹਢੋਂ ਹੀ ਨਹੀਂ।

ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥
ਤੂੰ ਛੇਤੀ ਦੋੜ ਕੇ ਉਸ ਦੀ ਪਨਾਹ ਲੈ ਲੈ, ਹੇ ਨਾਨਕ! ਮਾਫ਼ੀ ਦੇ ਕੇ, ਉਹ ਤੈਨੂੰ ਆਪਣੇ ਨਾਲ ਅਭੇਦ ਕਰ ਲਵੇਗਾ।

ਮਾਰੂ ਮਹਲਾ ੪ ਘਰੁ ੨
ਮਾਰੂ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥
ਸੁਕਦੇਵ ਅਤੇ ਜਨਕ ਨੇ ਗੁਰਾਂ ਦੇ ਉਪਦੇਸ਼ ਰਾਹੀਂ, ਨਾਮ ਦਾ ਆਰਾਧਨ ਕੀਤਾ ਅਤੇ ਵਾਹਿਗੁਰੂ, ਵਾਹਿਗੁਰੂ ਦੀ ਪਨਾਹ ਉਨ੍ਹਾਂ ਨੇ ਲਈ।

ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥
ਗ਼ਰੀਬੀ ਨੂੰ ਦੂਰ ਕਰਨਹਾਰ ਸੁਦਾਮੇ ਨੂੰ ਮਿਲ ਪਿਆ, ਜੋ ਪ੍ਰਭੂ ਦੀ ਪ੍ਰੇਮਮਈ ਸੇਵਾ ਰਾਹੀਂ, ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।

ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥
ਪੂਰੀਆਂ ਪਾਉਣ ਵਾਲਾ ਹੈ ਪ੍ਰਭੂ ਦਾ ਨਾਮ। ਵਾਹਿਗੁਰੂ ਆਪਣੇ ਸੰਤਾਂ ਦਾ ਪ੍ਰੀਤਮ ਹੈ। ਗੁਰਾਂ ਦੇ ਰਾਹੀਂ ਹੀ ਉਹ ਪ੍ਰਾਣੀਆਂ ਉੱਤੇ ਆਪਣੀ ਰਹਿਮਤ ਧਾਰਦਾ ਹੈ।

ਮੇਰੇ ਮਨ ਨਾਮੁ ਜਪਤ ਉਧਰੇ ॥
ਹੇ ਮੇਰੀ ਜਿੰਦੇ ਨਾਮ ਦਾ ਚਿੰਤਨ ਕਰਨ ਦੁਆਰਾ ਬੰਦਾ ਪਾਰ ਉਤੱਰ ਜਾਂਦਾ ਹੈ।

ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥
ਘਰੂ ਪ੍ਰਹਿਲਾਦ ਤੇ ਗੋਲੀ ਦਾ ਪੁਤ੍ਰ ਬਿਦਰ, ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ; ਪਾਰ ਉਤਰ ਗਏ। ਠਹਿਰਾਉ।

ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥
ਇਸ ਕਾਲੇ ਸਮੇਂ ਅੰਦਰ, ਸਾਈਂ ਦਾ ਨਾਮ ਮਹਾਨ ਦੌਲਤ ਹੈ। ਇਸ ਦੇ ਰਾਹੀਂ ਪਵਿੱਤਰ ਪੁਰਸ਼ ਪਾਰ ਉਤੱਰ ਜਾਂਦੇ ਹਨ।

ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥
ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ ਅਤੇ ਰਵਿਦਾਸ ਚਮਾਰ ਦੇ ਸਾਰੇ ਦੂਸ਼ਨ ਦੂਰ ਹੋ ਗਏ।

ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥
ਜੋ ਗੁਰਾਂ ਦੀ ਦਇਆ ਦੁਆਰਾ ਨਾਮ ਨਾਲ ਜੁੜਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਉਨ੍ਹਾਂ ਦੇ ਸਮੂਹ ਕੁਕਰਮ ਅਤੇ ਗੁਨਾਹ ਟਲ ਜਾਂਦੇ ਹਨ।

ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥
ਸਮੂਹ ਪਾਪੀ, ਜੋ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ।

ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥
ਅਜਾਮਲ ਜੋ ਵੇਸਵਾ ਗਾਮੀ ਸੀ, ਆਪਣੇ ਮੁਖ ਤੋਂ ਮਨੁਖ-ਸ਼ੇਰ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੁਕਤ ਹੋ ਗਿਆ।

ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥
ਨਾਮ ਦਾ ਉਚਾਰਨ ਕਰਨ ਨਾਲ ਉਗ੍ਰਸੈਨ ਨੇ ਮੁਕਤੀ ਪਾ ਲਈ। ਉਸ ਦੀਆਂ ਬੇੜੀਆਂ ਕੱਟੀਆਂ ਗਈਆਂ ਤੇ ਉਹ ਆਜ਼ਾਦ ਹੋ ਗਿਆ।

ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ ॥
ਵਾਹਿਗੁਰੂ ਨੇ ਆਪੇ ਹੀ ਆਪਣੇ ਗੋਲੇ ਉੱਤੇ ਤਰਸ ਕੀਤਾ ਹੈ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਾ ਲਿਆ ਹੈ।

ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥
ਆਲਮ ਦਾ ਸੁਆਮੀ ਮੈਡਾਂ ਵਾਹਿਗੁਰੂ, ਆਪਣੇ ਦਾਸ ਦੀ ਲੱਜਿਆ ਰਖਦਾ ਹੈ। ਜੋ ਉਸ ਦੀ ਪਨਾਹ ਲੈਂਦੇ ਹਨ, ਉਨ੍ਹਾਂ ਦੀ ਕਲਿਆਣ ਹੋ ਜਾਂਦੀ ਹੈ।

ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥
ਸੁਆਮੀ ਵਾਹਿਗੁਰੂ ਨੇ ਨਾਨਕ, ਆਪਣੇ ਗੁਮਾਸ਼ਤੇ ਉੱਤੇ, ਰਹਿਮਤ ਕੀਤੀ ਹੈ ਤੇ ਇਸ ਲਈ ਉਸ ਨੇ ਉਸ ਦਾ ਨਾਮ ਆਪਣੇ ਮਨ ਅੰਦਰ ਟਿਕਾ ਲਿਆ ਹੈ।

ਮਾਰੂ ਮਹਲਾ ੪ ॥
ਮਾਰੂ ਚੌਥੀ ਪਾਤਿਸ਼ਾਹੀ।

ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥
ਪੂਰਨ ਪੁਰਸ਼ ਆਪਣੀ ਤਾੜੀ ਅੰਦਰ ਪ੍ਰਭੂ ਨੂੰ ਪਿਆਰ ਕਰਦੇ ਅਤੇ ਉਸ ਨੂੰ ਹੀ ਸਿਮਰਦੇ ਹਨ। ਅਭਿਆਸੀ ਅਤੇ ਖ਼ਾਮੋਸ਼ ਰਿਸ਼ੀ ਭੀ ਉਸੇ ਦਾ ਹੀ ਆਰਾਧਨ ਕਰਦੇ ਹਨ।

ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ ॥
ਬ੍ਰਹਮਚਾਰੀ, ਪਰਹੇਜ਼ਗਾਰ ਅਤੇ ਸੰਤੁਸ਼ਟ ਪੁਰਸ਼ ਉਸ ਨੂੰ ਆਰਾਧਦੇ ਹਨ। ਇੰਦ੍ਰ ਆਦਿ ਭੀ ਆਪਣੇ ਮੂੰਹ ਨਾਲ ਉਸ ਦੇ ਨਾਮ ਨੂੰ ਉਚਾਰਦੇ ਹਲ।

ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥
ਜੋ ਸਾਈਂ ਦੀ ਪਨਾਹ ਲੈਂਦੇ ਹਨ ਅਤੇ ਉਸ ਨੂੰ ਸਿਮਰਦੇ ਹਨ, ਉਹ ਉਸ ਨੂੰ ਚੰਗੇ ਲਗਦੇ ਹਨ ਐਸੇ ਨੇਕ ਬੰਦੇ ਪਾਰ ਉਤੱਰ ਜਾਂਦੇ ਹਨ।

ਮੇਰੇ ਮਨ ਨਾਮੁ ਜਪਤ ਤਰਿਆ ॥
ਨਾਮ ਦਾ ਭਜਨ ਕਰਨ ਦੁਆਰਾ, ਬੰਦਾ ਬਚ ਜਾਂਦਾ ਹੈ ਹੇ ਮੈਂਡੀ ਜਿੰਦੜੀਏ!

ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥
ਧੰਨਾ ਜ਼ਿਮੀਦਾਰ ਅਤੇ ਬਾਲਮੀਕ ਰਸਤੇ ਦਾ ਧਾੜਵੀ, ਗੁਰਾਂ ਦੀ ਦਇਆ ਦੁਆਰਾ, ਮੁਕਤ ਹੋ ਗਏ ਸਨ। ਠਹਿਰਾਉ।

ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥
ਦੇਵਤੇ, ਮਨੁਸ਼, ਇਲਾਹੀ ਏਲਚੀ ਅਤੇ ਸਵਰਗੀ ਗਵੱਈਏ ਵਾਹਿਗੁਰੂ ਨੂੰ ਅਰਾਧਦੇ ਹਨ ਅਤੇ ਵਿਚਾਰਾ ਧਰਮਰਾਜਾ ਭੀ ਸੁਆਮੀ ਦੀ ਸਿਫ਼ਤ-ਸ਼ਲਾਘਾ ਗਾਇਨ ਕਰਦਾ ਹੈ।

ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥
ਸ਼ਿਵਜੀ, ਬਹ੍ਰਮਾ ਅਤੇ ਭਵਾਨੀ ਆਪਣੇ ਮੂੰਹ ਨਾਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਤੇ ਜਾਪ ਕਰਦੇ ਹਨ।

ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥
ਜਿੰਨਾਂ ਦੀ ਆਤਮਾ ਸੁਆਮੀ ਮਾਲਕ ਦੇ ਨਾਮ ਨਾਲ ਗੱਚ ਹੋ ਗਈ ਹੈ; ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉਤੱਰ ਜਾਂਦੇ ਹਨ।

ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥
ਤੇਤੀ ਕ੍ਰੋੜ ਅਤੇ ਅਣਗਿਣਤ ਦੇਵਤੇ ਉਸ ਨੂੰ ਸਿਮਰਦੇ ਹਨ। ਓਹ ਅਨੰਤ ਹੀ ਜੀਵ ਹਨ ਜੋ ਪ੍ਰਭੂ ਦਾ ਆਰਾਧਨ ਕਰਦੇ ਹਨ।

ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥
ਵੇਦ, ਪੁਰਾਣ ਅਤੇ ਸ਼ਾਸਤਰ ਵਾਹਿਗੁਰੂ ਨੂੰ ਆਰਾਧਦੇ ਹਨ ਅਤੇ ਵਿਦਵਾਨ ਭੀ ਆਪਣੇ ਮੂੰਹ ਨਾਲ ਵਾਹਿਗੁਰੂ ਦਾ ਜੱਸ ਗਾਉਂਦੇ ਹਨ।

ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥
ਜਿਨ੍ਹਾਂ ਦੇ ਹਿਰਦੇ ਅੰਦਰ, ਅੰਮ੍ਰਿਤ ਦਾ ਘਰ, ਹਰੀ ਦਾ ਨਾਮ ਵਸਦਾ ਹੈ, ਉਹ ਗੁਰੂ-ਅਨੁਸਾਰੀ ਪਾਰ ਉਤੱਰ ਜਾਂਦੇ ਹਨ।

ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥
ਜੋ ਬੇਅੰਤ ਲਹਿਰਾਂ ਵਾਲੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ; ਉਨ੍ਹਾਂ ਦੀ ਗਿਣਤੀ ਮੈਂ ਗਿਣ ਨਹੀਂ ਸਕਦਾ।

ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥
ਜੋ ਵਾਹਿਗੁਰੂ ਮਾਲਕ ਦੇ ਚਿੱਤ ਨੂੰ ਚੰਗਾ ਲਗਦਾ ਹੈ, ਉਸ ਨੂੰ ਕੁਲ ਆਲਮ ਦਾ ਸੁਆਮੀ ਮਿਹਰ ਧਾਰ ਕੇ ਪ੍ਰਵਾਨ ਕਰ ਲੈਂਦਾ ਹੈ।

ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥
ਆਪਣੀ ਰਹਿਮਤ ਧਾਰ ਕੇ, ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕੀਤਾ ਹੈ ਅਤੇ ਗੋਲਾ ਨਾਨਕ, ਕੇਵਲ ਨਾਮ ਦਾ ਹੀ ਉਚਾਰਨ ਕਰਦਾ ਹੈ।

copyright GurbaniShare.com all right reserved. Email