ਧੰਨੁ ਸੁ ਤੇਰੇ ਭਗਤ ਜਿਨ੍ਹ੍ਹੀ ਸਚੁ ਤੂੰ ਡਿਠਾ ॥ ਮੁਬਾਰਕ ਹਨ, ਤੈਂਡੇ ਉਹ ਸੰਤ ਜੋ ਤੈਨੂੰ ਵੇਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥ ਕੇਵਲ ਉਹ ਹੀ ਤੇਰੀ ਉਸਤਤੀ ਗਾਉਂਦਾ ਹੈ, ਹੇ ਹਰੀ! ਜਿਸ ਉੱਤੇ ਤੇਰੀ ਮਿਹਰ ਹੈ। ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥ ਮੂਲ-ਰਹਿਤ ਅਤੇ ਪਵਿੱਤਰ ਹੈ ਉਹ, ਹੇ ਨਾਨਕ! ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥ ਹੇ ਫਰੀਦ! ਸੁੰਦਰ ਹੈ ਇਹ ਦੁਨੀਆਂ। ਇਸ ਦੇ ਅੰਦਰ ਇਕ ਕੰਡਿਆਂ ਵਾਲਾ ਬਗੀਚਾ ਹੈ। ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਨ ਲਾਗ ॥੧॥ ਜਿਨ੍ਹਾਂ ਪੁਰਸ਼ਾਂ ਉੱਤੇ ਗੁਰਾਂ ਦੀ ਰਹਿਮਤ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ। ਮਃ ੫ ॥ ਪੰਜਵੀਂ ਪਾਤਸ਼ਾਹੀ। ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ ਫਰੀਦਾ, ਸੋਹਣੀ ਹੈ ਆਯੂ, ਸੁੰਦਰ ਰੰਗ ਵਾਲੇ ਸਰੀਰ ਸਹਿਤ। ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥ ਬਹੁਤ ਹੀ ਥੋੜੇ, ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪ੍ਰੇਮ ਹੈ। ਪਉੜੀ ॥ ਪਉੜੀ। ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥ ਕੇਵਲ ਉਹ ਹੀ ਬੰਦਗੀ, ਕਰੜੀ ਘਾਲ ਸਵੈ-ਜ਼ਬਤ, ਰਹਿਮ ਅਤੇ ਈਮਾਨ ਨੂੰ ਹਾਸਿਲ ਕਰਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ। ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥ ਜਿਸ ਦੀ ਅੱਗ ਪ੍ਰਭੂ ਆਪੇ ਬੁਝਾਉਂਦਾ ਹੈ, ਉਹ ਨਾਮ ਦਾ ਆਰਾਧਨ ਕਰਦਾ ਹੈ। ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥ ਮੇਰਾ ਪਹੁੰਚ ਤੋਂ ਪਰੇ ਪ੍ਰਭੂ, ਅੰਦਰਲੀਆਂ ਜਾਣਨਹਾਰ, ਬੰਦੇ ਨੂੰ ਪੱਖ-ਪਾਤ ਰਹਿਤ ਅੱਖ ਨਾਲ ਵਿਖਾਲ ਦਿੰਦਾ ਹੈ। ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥ ਸਤਿ ਸੰਗਤ ਦੇ ਸਹਾਰੇ ਨਾਲ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈ ਜਾਂਦੀ ਹੈ। ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥ ਬਦੀਆਂ ਨੂੰ ਮੇਟ ਕੇ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਰਾਹੀਂ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥ ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ। ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥ ਉਸ ਨੂੰ ਆਪਣਾ ਪੱਲਾ ਪਕੜਾ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਧੂ ਲੈਂਦਾ ਹੈ। ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥ ਪ੍ਰਭੂ ਮਾਫ ਕਰਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਈ ਰਖੱਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ ॥ ਜੋ ਪ੍ਰਭੂ ਨੂੰ ਪਿਆਰ ਕਰਦਾ ਹੈ, ਉਹ ਗੜ੍ਹੀ ਲਾਲ ਰੰਗਤ ਨਾਲ ਰੰਗਿਆ ਜਾਂਦਾ ਹੈ। ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥ ਐਹੋ ਜੇਹਾ ਪੁਰਸ਼ ਕੋਈ ਵਿਰਲਾ ਮਿਲਦਾ ਹੈ। ਇਨਸਾਨ ਉਸ ਮਨੁੱਖ ਦਾ ਮੁਲ ਕਦੇ ਭੀ ਨਹੀਂ ਪਾ ਸਕਦਾ। ਮਃ ੫ ॥ ਪੰਜਵੀਂ ਪਾਤਸ਼ਾਹੀ। ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥ ਸੱਚੇ ਨਾਮ ਨੇ ਮੇਰਾ ਅੰਦਰਵਾਰ ਵਿੰਨ੍ਹ ਦਿੱਤਾ ਹੈ। ਬਾਹਰਵਾਰ ਭੀ ਮੈਂ ਸੱਚੇ ਸਾਈਂ ਨੂੰ ਵੇਖਦਾ ਹਾਂ। ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥ ਨਾਨਕ, ਸੁਆਮੀ ਸਾਰੀਆਂ ਥਾਵਾਂ ਜੰਗਲਾਂ, ਬੇਲਿਆਂ, ਬਨਸਪਤੀ, ਤਿੰਨਾਂ ਜਹਾਨਾਂ ਅਤੇ ਵਾਲ-ਵਾਲ ਅੰਦਰ ਵਿਆਪਕ ਹੋ ਰਿਹਾ ਹੈ। ਪਉੜੀ ॥ ਪਉੜੀ। ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ ਪ੍ਰਭੂ ਨੇ ਖੁਦ ਰਚਨਾ ਰਚੀ ਹੈ ਅਤੇ ਖੁਦ ਹੀ ਇਸ ਨਾਲ ਰੰਗਿਆ ਹੋਇਆ ਹੈ। ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ ਆਪ ਸੁਆਮੀ ਇਕ ਥੀ ਵੰਝਦਾ ਹੈ ਅਤੇ ਆਪ ਹੀ ਅਨੇਕਾਂ ਪ੍ਰਕਾਰ ਦਾ। ਆਪੇ ਸਭਨਾ ਮੰਝਿ ਆਪੇ ਬਾਹਰਾ ॥ ਉਹ ਆਪ ਸਾਰਿਆਂ ਦੇ ਅੰਦਰ ਹੈ ਅਤੇ ਆਪ ਹੀ ਉਨ੍ਹਾਂ ਦੇ ਬਾਹਰ। ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥ ਵਾਹਿਗੁਰੂ ਖੁਦ ਬੰਦੇ ਨੂੰ ਜਣਾਉਂਦਾ ਹੈ ਕਿ ਉਹ ਦੁਰੇਡੇ ਹੈ ਅਤੇ ਖੁਦ ਹੀ ਐਨ ਹਾਜ਼ਰ ਨਾਜ਼ਰ। ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥ ਤੂੰ ਖੁਦ, ਹੇ ਸੁਆਮੀ! ਅਦ੍ਰਿਸ਼ਟ ਹੋ ਜਾਂਦਾ ਹੈ ਅਤੇ ਖੁਦ ਹੀ ਜ਼ਾਹਿਰਾ ਜ਼ਹੂਰ। ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ ਕੋਈ ਭੀ ਤੇਰੀ ਰਚਨਾ ਦਾ ਮੁੱਲ ਨਹੀਂ ਪਾ ਸਕਦਾ, ਹੇ ਮੈਂਡੇ ਮਾਲਕ! ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥ ਤੂੰ, ਹੇ ਸਾਹਿਬ! ਡੁੰਘਾ, ਗੂੜ੍ਹਾ, ਬੇਥਾਹ, ਬੇਅੰਤ ਅਤੇ ਅਣਗਿਣਤ ਹੈਂ। ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥ ਨਾਨਕ, ਇਕ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਤੂੰ ਹੇ ਪ੍ਰਭੂ! ਕੇਵਲ ਇਕ ਹੀ ਹੈਂ। ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਰਾਮਕਲੀ ਦੀ ਵਾਰ। ਰਾਇ ਬਲਵੰਡ ਅਤੇ ਸਤੇ ਮਰਾਸੀ ਦੀ ਉਚਾਰਨ ਕੀਤੀ ਹੋਈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ ਉਸ ਦੇ ਬਚਨ, ਜੋ ਸਰਬ ਸ਼ਕਤੀਵਾਨ ਸਿਰਜਨਹਾਰ ਦੇ ਨਾਮ ਨੂੰ ਉਚਾਰਦਾ ਹੈ, ਕਿਸ ਤਰ੍ਹਾਂ ਤੋਲੋ ਜਾ ਸਕਦੇ ਹਨ? ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ ਦੈਵੀ ਗੁਣ ਸੱਚੀਆਂ ਭੈਣਾਂ ਅਤੇ ਵੀਰ ਹਨ। ਉਨ੍ਹਾਂ ਦੇ ਰਾਹੀਂ ਮੋਖਸ਼ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਨਾਨਕ ਨੇ ਪ੍ਰਭੂ ਦੀ ਪਾਤਿਸ਼ਾਹੀ ਕਾਇਮ ਕੀਤੀ ਅਤੇ ਸੱਚ ਦੇ ਕਿਲ੍ਹੇ ਦੀ ਨਿਹਾਇਤ ਮਜ਼ਬੂਤ ਬੁਨਿਆਦ ਰੱਖੀ। ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਨਾਨਕ ਨੇ ਪਾਤਸ਼ਾਹੀ ਰਾਜ ਅੰਗਦ ਦੇ ਸੀਸ ਤੇ ਟਿਕਾਇਆ, ਜਿਸ ਨੇ ਸੁਆਮੀ ਦੀ ਕੀਰਤੀ ਗਾਇਨ ਕਰ ਅੰਮ੍ਰਿਤ ਪਾਨ ਕੀਤਾ। ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਗੁਰੂ ਨਾਨਕ ਨੇ ਜਿੰਦੜੀ ਨੂੰ ਰੌਸ਼ਨ ਕਰਨ ਵਾਲੀ ਆਪਣੇ ਉਪਦੇਸ਼ ਦੀ ਪਰਮ ਤਾਕਤਵਰ ਤਲਵਾਰ ਨੂੰ ਲਹਿਣੇ ਦੇ ਹਿਰਦੇ ਅੰਦਰ ਟਿਕਾ ਦਿੱਤਾ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਗੁਰੂ ਨਾਨਕ ਨੇ, ਜੀਉਂਦੇ ਜੀਅ, ਅੰਦਰ, ਆਪਣੇ ਮੁਰੀਦ ਨੂੰ ਪ੍ਰਣਾਮ ਕੀਤੀ। ਸਹਿ ਟਿਕਾ ਦਿਤੋਸੁ ਜੀਵਦੈ ॥੧॥ ਗੁਰੂ ਨਾਨਕ ਪਾਤਸ਼ਾਹ ਨੇ, ਜੀਉਂਦੇ ਜੀ ਹੀ, ਗੁਰਿਆਈ ਦਾ ਤਿਲਕ ਅੰਗਦ ਨੂੰ ਦੇ ਦਿੱਤਾ। ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਉਸ ਦੀ ਸੇਵਾ ਦੇ ਸਿਲੇ ਵਜੋਂ, ਨਾਨਕ ਨੇ ਲਹਿਣੇ ਦੀ ਜਾਨਸ਼ੀਨੀ ਦੀ ਮੁਨਾਦੀ ਕਰਵਾ ਦਿੱਤੀ। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਉਹ ਹੀ ਈਸ਼ਵਰੀ ਨੂਰ ਹੈ ਅਤੇ ਵੈਸੀ ਹੀ ਜੀਵਨ ਰਹੁ ਰੀਤੀ। ਪਾਤਿਸ਼ਾਹ (ਗੁਰੂ ਨਾਨਕ) ਨੇ ਮੁੜ ਕੇ ਕੇਵਲ ਆਪਣਾ ਸਰੀਰ ਹੀ ਬਦਲਿਆ ਹੈ। ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਸੁੰਦਰ ਨਿਰੰਕਾਰੀ ਛਤ੍ਰ ਉਨ੍ਹਾਂ (ਗੁਰੂ ਅੰਗਦ) ਉੱਤੇ ਝੁਲਦਾ ਹੈ ਅਤੇ ਉਹ ਨਾਨਕ ਦੀ ਦੁਕਾਨ ਵਿੱਚ ਪਰਵਿਰਤ ਹੋ ਗਏ ਹਨ ਤੇ ਉਨ੍ਹਾਂ ਦੇ ਰਾਜ ਸਿੰਘਾਸਣ ਉੱਤੇ ਬਹਿੰਦੇ ਹਨ। ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥ ਉਹ, ਉਹੋ ਕੁੱਛ ਕਰਦੇ ਹਨ ਜੋ ਗੁਰੂ ਨਾਨਕ ਨੇ ਉਨ੍ਹਾਂ ਨੂੰ ਹੁਕਮ ਕੀਤਾ ਸੀ ਅਤੇ ਪ੍ਰਭੂ ਨਾਲ ਮਿਲਾਪ ਕਰਾਉਣ ਵਾਲੇ ਫਿਕਲੇ ਪੱਥਰ ਨੂੰ ਚੱਖਦੇ ਹਨ। copyright GurbaniShare.com all right reserved. Email |