ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸਾਹੀ। ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਅੰਮ੍ਰਿਤ ਹੈ ਗੁਰਾਂ ਦੀ ਬਾਣੀ, ਮਿੱਠਾ ਹੈ ਇਸ ਦਾ ਸੁਆਦ ਅਤੇ ਸੁਧਾ-ਸਰੁਪ ਹੈ ਸੁਆਮੀ ਦਾ ਨਾਮ। ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਆਪਣੇ ਚਿੱਤ ਦੇਹ ਅਤੇ ਦਿਲ ਅੰਦਰ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਅੱਠੇ ਪਹਿਰ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਆਲਾਪ। ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਹੇ ਗੁਰੂ ਦੇ ਸਿੱਖੋ! ਤੁਸੀਂ ਗੁਰਾਂ ਦੀ ਸਿਫ਼ਤ ਸ੍ਰਵਣ ਕਰੋ। ਕੇਵਲ ਇਹ ਹੀ ਤੁਹਾਡੀ ਜ਼ਿੰਦਗੀ ਦਾ ਸੱਚਾ ਮਨੋਰਥ ਹੈ। ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਇਸ ਤਰ੍ਹਾਂ ਤੁਹਾਡਾ ਅਮੋਲਕ ਜੀਵਨ ਫਲਦਾਇਕ ਥੀ ਵੰਝੇਗਾ ਅਤੇ ਤੁਹਾਡੇ ਚਿੱਤ ਵਿੱਚੱ ਪ੍ਰਭੂ ਨਾਲ ਪਿਆਰ ਪੈ ਜਾਵੇਗਾ। ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥ ਸਾਈਂ ਨੂੰ ਯਾਦ ਕਰਨ ਦੁਆਰਾ ਬੰਦਾ ਘਣੇਰੇ ਸੁਖ ਅਡੋਲਤਾ ਅਤੇ ਖ਼ੁਸ਼ੀ ਪਾ ਲੈਂਦਾ ਹੈ ਅਤੇ ਰੰਜ ਗਮ ਤੋਂ ਖਲਾਸੀ ਪਾ ਜਾਂਦਾ ਹੈ। ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥ ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਤੇ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚੱ ਥਾਂ ਮਿਲ ਜਾਂਦੀ ਹੈ। ਮਃ ੫ ॥ ਪੰਜਵੀਂ ਪਾਤਸ਼ਾਹੀ। ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ ॥ ਹੇ ਨਾਨਕ! ਪੂਰਨ ਗੁਰਦੇਵ ਜੀ ਸਿਖਮੱਤ ਦਿੰਦੇ ਹਨ, ਕਿ ਪ੍ਰਾਨੀ ਨੂੰ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥ ਸਾਈਂ ਦੀ ਰਜ਼ਾ ਅੰਦਰ, ਇਨਸਾਨ ਉਪਾਸ਼ਨਾ ਤਪੱਸਿਆ ਅਤੇ ਸਵੈ-ਜ਼ਬਤ ਕਮਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਸ ਨੂੰ ਬੰਦਖਲਾਸ ਕਰ ਦਿੰਦਾ ਹੈ। ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥ ਆਪਣੀ ਰਜ਼ਾ ਅੰਦਰ, ਸੁਆਮੀ ਪ੍ਰਾਨੀ ਨੂੰ ਜੂਨੀਆਂ ਅੰਦਰ ਧਕਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਸ ਨੂੰ ਮਾਫ ਕਰ ਦਿੰਦਾ ਹੈ। ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥ ਉਸ ਦੀ ਰਜ਼ਾ ਅੰਦਰ ਅਸੀਂ ਖੇਦ ਅਤੇ ਖੁਸ਼ੀ ਪਾਉਂਦੇ ਹਾਂ ਅਤੇ ਉਸ ਦੀ ਰਜ਼ਾ ਵਿੱਚ ਹੀ ਅਸੀਂ ਅਮਲ ਕਮਾਉਂਦੇ ਹਾਂ। ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥ ਆਪਣੀ ਰਜ਼ਾ ਅੰਦਰ ਧੂੜ ਨੂੰ ਸਰੂਪ ਦੇ ਕੇ ਸੁਆਮੀ ਆਪਣੀ ਰਜ਼ਾ ਦੁਆਰਾ, ਇਸ ਅੰਦਰ ਆਪਣਾ ਪ੍ਰਕਾਸ਼ ਟਿਕਾ ਦਿੰਦਾ ਹੈ। ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥ ਆਪਣੀ ਰਜ਼ਾ ਵਿੱਚ ਸੁਆਮੀ ਬੰਦੇ ਪਾਸੋਂ ਨੌਂ ਨਿਆਮਤਾਂ ਮਨਵਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਨ੍ਹਾਂ ਨੂੰ, ਉਸ ਨੂੰ ਨਹੀਂ ਦਿੰਦਾ। ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥ ਸਾਈਂ ਦੀ ਰਜ਼ਾ ਅੰਦਰ ਬੰਦਾ ਦੋਜ਼ਕ ਤੇ ਬਹਿਸ਼ਤ ਵਿੱਚ ਚਲਿਆ ਜਾਂਦਾ ਹੈ ਅਤੇ ਉਸਦੀ ਰਜ਼ਾ ਅੰਦਰ ਉਹ ਧਰਤੀ ਤੇ ਜਾ ਡਿਗਦਾ ਹੈ। ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥ ਨਾਨਕ, ਕੋਈ ਇੱਕ ਅੱਧਾ ਹੀ ਹੈ, ਜਿਸ ਨੂੰ ਸੁਆਮੀ ਆਪਣੇ ਹੁਕਮ ਦੁਆਰਾ, ਆਪਣੇ ਸਿਮਰਨ ਅੰਦਰ ਜੋੜਦਾ ਹੈ। ਪਉੜੀ ॥ ਪਉੜੀ। ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥ ਮੈਂ ਸੁਆਮੀ ਦੇ ਸੱਚੇ ਨਾਮ ਦੀ ਮਹਾਨਤਾ ਸ੍ਰਵਣ ਕਰ, ਕਰ ਕੇ ਜੀਉਂਦਾ ਹਾਂ। ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ ॥ ਇੱਕ ਮੁਹਤ ਅੰਦਰ, ਨਾਮ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਡੰਗਰਾਂ ਤੇ ਭੂਤਾਂ ਦੀ ਤਰ੍ਹਾਂ ਬੇਸਮਝ ਹਨ। ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥ ਸੋ ਦਿਹੁੰ ਤੇ ਰਾਤ ਅਤੇ ਸਦੀਵ ਤੇ ਹਮੇਸ਼ਾ, ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਮੈਂਡੇ ਮਾਲਕ! ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥ ਡਰਾਉਣੀ ਤ੍ਰੇਹ ਤੇ ਖੁਦਿਆ ਤੇਰੇ ਨਾਮ ਨਾਲ, ਹੇ ਵਾਹਿਗੁਰੂ, ਤ੍ਰਿਪਤ ਹੋ ਜਾਂਦੀਆਂ ਹਨ। ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ ॥ ਬੀਮਾਰੀ, ਸ਼ੋਕ ਅਤੇ ਕਸ਼ਟ ਕਿਸੇ ਪਾਸੋਂ ਦੋੜ ਜਾਂਦੇ ਹਨ, ਜਿਸ ਦੇ ਹਿਰਦੇ ਅੰਦਰ ਨਾਮ ਨਿਵਾਸ ਰਖਦਾ ਹੈ। ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥ ਕੇਵਲ ਉਹ ਹੀ ਆਪਣੇ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਾਂ ਦੀ ਬਾਣੀ ਦਾ ਪਿਆਰ ਨਾਲ ਉਚਾਰਨ ਕਰਦਾ ਹੈ। ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ ॥ ਅਨੰਤ ਸੁਆਮੀ ਖੰਡਾਂ ਬ੍ਰਹਮੰਡਾਂ ਅਤੇ ਪੂਰੀਆਂ ਦੇ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ। ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥ ਹੇ ਸੱਚੇ ਸੁਆਮੀ, ਮੈਂਡੇ ਪ੍ਰੀਤਮ! ਤੈਂਡੀ ਕੀਰਤੀ ਦੇ ਕੇਵਲ ਤੂੰ ਹੀ ਲਾਇਕ ਹੈਂ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥ ਕਸੁੰਭੇ ਦੇ ਫਲ ਦੀ ਰੰਗਤ ਦੀ ਬਹਿਕਾਈ ਹੋਈ ਨੇ, ਹੇ ਨਾਨਕ! ਮੈਂ ਆਪਣਾ ਪੂਜਯ ਪਿਆਰਾ ਸਜਨ ਤਿਆਗ ਕੇ ਹੱਥੋਂ ਵੰਝਾ ਲਿਆ ਹੈ। ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥ ਤੈਡਾਂ ਮੁੱਲ, ਹੇ ਮੈਂਡੇ ਮਿੱਤਰ! ਮੈਂ ਪਾ ਨਹੀਂ ਸਕਦੀ। ਤੇਰੇ ਬਗੈਰ ਮੇਰਾ ਅੱਧੀ ਕੋਡੀ ਭੀ ਮੁਲ ਨਹੀਂ ਪੈ ਸਕਦਾ। ਮਃ ੫ ॥ ਪੰਜਵੀਂ ਪਾਤਸ਼ਾਹੀ। ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥ ਮੇਰੀ ਸੱਸ ਮੇਰੀ ਵੈਰਨ ਹੈ, ਮੇਰਾ ਸਹੁਰਾ ਝਗੜਾਲੂ ਅਤੇ ਮੇਰਾ ਜੇਠ ਪੈਰ ਪੈਰ ਤੇ ਮੈਨੂੰ ਸਾੜਦਾ ਹੈ, ਹੇ ਨਾਨਕ! ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥ ਜਦ ਤੂੰ ਹੇ ਸੁਆਮੀ! ਮੈਡਾਂ ਮਿੱਤਰ ਹੈਂ, ਤਾਂ ਸਾਰੇ ਜਣੇ ਖੇਹ ਛਾਣਦੇ ਤੁਰੇ ਫਿਰਨ। ਪਉੜੀ ॥ ਪਉੜੀ। ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ ॥ ਤੂੰ ਹੇ ਸਾਹਿਬ! ਉਸ ਦੀ ਪੀੜ ਦੂਰ ਕਰ ਦਿੰਦਾ ਹੈਂ, ਜਿਸ ਦੇ ਹਿਰਦੇ ਅੰਦਰ ਤੂੰ ਵੱਸਦਾ ਹੈਂ। ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਨ ਹਾਰਣੋ ॥ ਜਿਸ ਦੇ ਮਨ ਅੰਦਰ ਤੂੰ ਵਸਦਾ ਹੈਂ, ਹੇ ਸੁਆਮੀ! ਉਹ ਕਦਾਚਿਤ ਨਹੀਂ ਹਾਰਦਾ। ਜਿਸੁ ਮਿਲਿਆ ਪੂਰਾ ਗੁਰੂ ਸੁ ਸਰਪਰ ਤਾਰਣੋ ॥ ਜਿਸ ਨੂੰ ਪੂਰਨ ਗੁਰੂ ਮਹਾਰਾਜ ਮਿਲ ਪੈਂਦੇ ਹਨ ਉਹ ਨਿਸਚਿੱਤ ਹੀ ਪਾਰ ਉਤਰ ਜਾਂਦਾ ਹੈ। ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਹ੍ਹਾਲਣੋ ॥ ਜਿਸ ਨੂੰ ਪ੍ਰਭੂ ਸੱਚ ਨਾਲ ਜੋੜਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ। ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ ਜਿਸ ਦੇ ਹੱਥ ਨਾਮ ਦਾ ਖਜ਼ਾਨਾ ਲੱਗ ਜਾਂਦਾ ਹੈ ਉਹ ਹੋਰਸ ਸ਼ੈ ਨੂੰ ਨਹੀਂ ਢੂੰਢਦਾ। ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥ ਜੋ ਕੇਵਲ ਇਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ, ਸਿਰਫ ਉਸ ਨੂੰ ਹੀ ਸੰਤ ਸਮਝ ਲੈ। ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥ ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮੀ ਹੈ, ਉਹ ਸਾਰਿਆਂ ਦੇ ਪੈਰਾਂ ਦੀ ਧੂੜ ਥੀ ਵੰਝਦਾ ਹੈ। ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥ ਹਰ ਸ਼ੈ ਤੇਰਾ ਅਸਚਰਜ ਕੌਤਕ ਹੈ ਅਤੇ ਸਮੂਹ ਸੰਸਾਰ ਤੈਂਡੇ ਕਰਕੇ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਆਪਣੇ ਚਿੱਤ ਵਿਚੋਂ ਹੋਰਨਾਂ ਦੀ ਤਾਰੀਫ ਅਤੇ ਬਦਖੋਈ ਕਰਨੀ ਮੈਂ ਹੱਢੋਂ ਹੀ ਗੁਆ ਦਿੱਤੀ ਹੈ ਅਤੇ ਮੈਂ ਸਾਰੇ ਸੰਸਾਰੀ ਧੰਦਿਆਂ ਨੂੰ ਭੀ ਤਰਕ ਕਰ ਕੇ ਤਲਾਂਜਲੀ ਦੇ ਦਿੱਤੀ ਹੈ, ਹੇ ਨਾਨਕ! ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ ਸਾਰੇ ਸਨਬੰਧੀਆਂ ਨੂੰ ਮੈਂ ਝੂਠੇ ਵੇਖਿਆ ਹੈ, ਤਦ ਹੀ ਮੈਂ ਤੇਰੇ ਲੜ ਲੱਗੀ ਹਾਂ, ਹੇ ਮੇਰੇ ਸੁਆਮੀ! ਮਃ ੫ ॥ ਪੰਜਵੀਂ ਪਾਤਸ਼ਾਹੀ। ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ ਹੇ ਮੈਂਡੇ ਮਹਾਰਾਜ ਗੁਰਦੇਵ! ਪ੍ਰਦੇਸਾਂ ਤੇ ਰਾਹਾਂ ਅੰਦਰ ਭਟਕਦੀ ਤੇ ਭੌਂਦੀ ਹੋਈ, ਮੈਂ ਕਮਲੀ ਹੋ ਗਈ ਹਾਂ। ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ ਪਰ ਜਦ ਗੁਰਾਂ ਨੂੰ ਮਿਲ ਕੇ, ਮੈਂ ਆਪਣੇ ਮਿਤ੍ਰ ਪ੍ਰਭੂ ਨੂੰ ਲੱਭ ਲਿਆ ਤਦ ਮੈਂ ਆਰਾਮ ਚੈਨ ਅੰਦਰ ਸੌਂ ਗਈ। copyright GurbaniShare.com all right reserved. Email |