ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ ਮੇਰੇ ਸੁਆਮੀ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੈਂ ਆਪਣੇ ਸਾਰੇ ਦੁਸ਼ਮਨ ਸਿੱਧੇ ਕਰ ਲਏ ਹਨ। ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥ ਜਿਨ੍ਹਾਂ ਵੈਰੀਆਂ ਨੇ ਇਸ ਸੰਸਾਰ ਨੂੰ ਲੁੱਟ ਲਿਆ ਹੈ, ਉਹਨਾਂ ਵੈਰੀਆਂ ਨੂੰ ਮੈਂ ਨਰੜ ਲਿਆ ਹੈ। ਸਤਿਗੁਰੁ ਪਰਮੇਸਰੁ ਮੇਰਾ ॥ ਸੱਚੇ ਗੁਰੂ ਜੀ ਮੇਰੇ ਸ਼੍ਰੋਮਣੀ ਸਾਹਿਬ ਹਨ। ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥ ਤੇਰਾ ਨਾਮ ਉਚਾਰਨ ਤੇ ਤੇਰੇ ਵਿੱਚ ਨਿਸਚਾ ਕਰਨ ਦੁਆਰਾ, ਹੇ ਸਾਈਂ ਮੈਂ ਅਨੇਕਾਂ ਪਾਤਿਸ਼ਾਹੀਆਂ ਦੀਆਂ ਨਿਆਮਤਾਂ ਤੇ ਅਨੰਦ ਲੁਟਦਾ ਹਾਂ। ਠਹਿਰਾਓ। ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥ ਮੇਰਾ ਰੱਖਿਅਕ ਮੇਰੇ ਸੀਸ ਉਤੇ ਪਹਿਰਾ ਦਿੰਦਾ ਹੈ ਅਤੇ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰਦਾ। ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥ ਕੇਵਲ ਤੇਰੇ ਨਾਮ ਦੇ ਆਸਰੇ ਸਹਿਤ, ਹੇ ਸਾਹਿਬ! ਮੈਂ ਬੇਮੁਹਤਾਜ ਵਿਚਰਦਾ ਹਾਂ। ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥ ਆਰਾਮ-ਦੇਣਹਾਰ ਹਰੀ ਦੇ ਨਾਲ ਮਿਲਣ ਦੁਆਰਾ, ਮੈਂ ਮੁਕੰਮਲ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਭੀ ਚੀਜ ਦੀ ਕਮੀ ਨਹੀਂ। ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥ ਮੈਂ ਮਹਾਨ ਮਰਤਬੇ ਦੇ ਸ੍ਰੇਸ਼ਟ ਜੌਹਰ ਨੂੰ ਪਾ ਲਿਆ ਹੈ ਅਤੇ ਇਸ ਨੂੰ ਤਿਆਗ ਕੇ, ਮੈਂ ਹੋਰਸ ਕਿਧਰੇ ਨਹੀਂ ਜਾਂਦਾ। ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥ ਹੇ ਮੇਰੇ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ! ਜੇਹੋ ਜਿਹਾ ਤੂੰ ਹੈਂ, ਓਹੋ ਜੇਹਾ ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ। ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥ ਹੇ ਨਾਨਕ! ਮੇਰਾ ਮਾਲਕ ਅਮਾਪ, ਬੇਥਾਹ ਅਤੇ ਅਹਿੱਲ ਸਾਹਿਬ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥ ਤੂੰ ਸਿਆਣਾ ਹੈਂ, ਤੂੰ ਅਹਿੱਲ ਹੈਂ ਅਤੇ ਤੂੰ ਹੀ ਮੇਰੀ ਜਾਤ ਗੋਤ ਤੇ ਇਜਤ ਆਬਰੂ ਹੈਂ। ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥ ਤੂੰ ਅਥਿੜਕ ਹੈਂ ਅਤੇ ਕਦਾਚਿੱਤ ਥਿੜਕਦਾ ਨਹੀਂ। ਤਦ ਮੈਨੂੰ ਕਾਹਦੀ ਚਿੰਤਾ ਹੈ? ਏਕੈ ਏਕੈ ਏਕ ਤੂਹੀ ॥ ਕੇਵਲ ਤੂੰ ਹੀ ਮੇਰਾ ਇਕੋ ਇਕ ਅਦੁੱਤੀ ਸੁਆਮੀ ਹੈਂ। ਏਕੈ ਏਕੈ ਤੂ ਰਾਇਆ ॥ ਕੇਵਲ ਤੂੰ ਹੀ ਇਕੋ ਇਕ ਪਾਤਿਸ਼ਾਹ ਹੈਂ। ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥ ਤੇਰੀ ਰਹਿਮਤ ਦੁਆਰਾ, ਹੇ ਪ੍ਰਭੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ। ਠਹਿਰਾਓ। ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥ ਤੂੰ ਸਮੁੰਦਰ ਹੈਂ ਅਤੇ ਮੈਂ ਤੇਰਾ ਰਾਜ ਹੰਸ। ਤੇਰੇ ਵਿੱਚ ਮੋਤੀ ਤੇ ਮਣੀਆਂ ਹਨ। ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥ ਤੂੰ ਦਿੰਦਾ ਹੈਂ ਅਤੇ ਰਤਾ ਭਰ ਭੀ ਜੱਕੋ ਤੱਕੋ ਨਹੀਂ ਕਰਦਾ। ਮੈਂ ਖਾਂਦਾ ਹਾਂ ਅਤੇ ਸਦੀਵ ਹੀ ਪ੍ਰਸੰਨ ਹਾਂ। ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥ ਮੈਂ ਤੇਰਾ ਬਾਲ ਹਾਂ ਅਤੇ ਤੂੰ ਮੇਰਾ ਪਿਤਾ ਹੈਂ। ਤੂੰ ਮੇਰੇ ਮੂੰਹ ਵਿੱਚ ਦੁੱਧ ਪਾਉਂਦਾ ਹੈਂ। ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥ ਮੈਂ ਖੇਡਦਾ ਮਲ੍ਹਦਾ ਹਾਂ ਤੇ ਤੂੰ ਮੈਨੂੰ ਹਰ ਤਰ੍ਹਾਂ ਪਿਆਰ ਮੁਹੱਬਤ ਕਰਦਾ ਹੈਂ। ਤੂੰ ਸਦੀਵ ਹੀ ਗੁਣਾਂ ਦਾ ਸਮੁੰਦਰ ਹੈਂ। ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥ ਤੂੰ ਮੁਕੰਮਲ ਹੈਂ ਅਤੇ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈਂ। ਹੇ ਮੁਕੰਮਲ ਮਾਲਕ! ਤੇਰੀ ਸੰਗਤ ਅੰਦਰ ਮੈਂ ਰੱਜ ਗਿਆ ਹਾਂ। ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥ ਮੈਂ ਤੇਰੇ ਨਾਲ ਅਭੇਦ, ਅਭੇਦ ਹੋ ਗਿਆ ਹਾਂ ਅਤੇ ਅਭੇਦ ਹੋਇਆ ਰਹਾਂਗਾ, ਹੇ ਸੁਆਮੀ! ਨਾਨਕ ਇਸ ਅਵਸਥਾ ਨੂੰ ਵਰਨਣ ਨਹੀਂ ਕਰ ਸਕਦਾ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ ਆਪਣੇ ਹੱਥਾਂ ਨੂੰ ਛੈਣੇ, ਆਪਣੀਆਂ ਅੱਖਾਂ ਨੂੰ ਜੋੜੀ, ਅਤੇ ਆਪਣੇ ਮੱਥੇ ਨੂੰ ਵਜਾਉਣ ਲਈ ਸਰੰਦਾ ਬਣਾ। ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ ਆਪਣੇ ਕੰਨਾਂ ਅੰਦਰ ਤੂੰ ਬਾਂਸਰੀ ਦੀ ਮਿੱਠੀ ਲੈਅ ਆਲਾਪ ਅਤੇ ਆਪਣੀ ਜੀਭਾ ਨਾਲ ਤੂੰ ਬੈਕੁੰਠੀ ਕੀਰਤਨ ਗਾਇਨ ਕਰ। ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥ ਪੈਰਾਂ ਦੀਆਂ ਝਾਂਜਰਾਂ ਵਰਗੀਆਂ ਵਸਤੂਆਂ ਲਿਆ ਕੇ, ਹੇ ਇਨਸਾਨ! ਆਪਣੇ ਹੱਥਾਂ ਨੂੰ ਸੁਰਤਾਲ ਅੰਦਰ ਹਿਲਾ ਕੇ ਨਾਚ ਕਰ। ਰਾਮ ਕੋ ਨਿਰਤਿਕਾਰੀ ॥ ਕੇਵਲ ਇਹ ਹੀ ਸਾਹਿਬ ਦਾ ਨਾਚ ਹੈ। ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥ ਮਿਹਰਬਾਨ ਵੇਖਣ ਵਾਲਾ ਤੇਰੇ ਸਾਰੇ ਸਾਜ ਸਮਾਨ ਅਤੇ ਹਾਰ-ਸ਼ਿੰਗਾਰ ਨੂੰ ਵੇਖ ਰਿਹਾ ਹੈ। ਠਹਿਰਾਓ। ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ ਸਾਰੀ ਧਰਤੀ ਅਖਾੜੇ ਦਾ ਮੰਡਲ ਹੈ, ਜਿਸ ਦੇ ਉਤੇ ਅਸਮਾਨ ਦੀ ਚਾਨਣੀ ਤਾਣੀ ਹੋਈ ਹੈ। ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥ ਸੁਆਸ ਬਤੌਰ ਕੱਲਮਕੱਲੇ ਵਿਚੋਲੇ ਦੇ ਕੰਮ ਕਰਦਾ ਹੈ ਅਤੇ ਸਾਰੇ ਹੀ ਪਾਣੀ ਜੇਹੇ ਵੀਰਜ ਤੋਂ ਉਤਪੰਨ ਹੋਏ ਹਨ। ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥ ਪੰਜਾਂ ਮੂਲ ਅੰਸ਼ਾਂ ਤੋਂ ਵਾਹਿਗੁਰੂ ਨੇ ਕਠਪੁਤਲੀ ਰਚੀ ਹੈ, ਜਿਸ ਦੇ ਨਾਲ ਉਸ ਦੇ ਅਮਲ ਜੁੜੇ ਹੋਏ ਹਨ। ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ ਸਾਹਿਬ ਨੇ ਚੰਦਰਮਾਂ ਅਤੇ ਸੂਰਜ ਦੇ ਦੋ ਦੀਵੇ ਜਲਾਏ ਹਨ ਅਤੇ ਉਹਨਾਂ ਨੂੰ ਦੁਨੀਆਂ ਦੀਆਂ ਚਾਰ ਨੁੱਕਰਾਂ ਦੇ ਵਿੱਚ ਟਿਕਾਇਆ ਹੈ। ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ ਦਸੇ ਹੀ ਵੇਸਵਾਰੂਪ ਬੋਧ-ਇੰਦਰੇ ਅਤੇ ਪੰਜੇ ਵਿਸ਼ੇ ਗਾਵਣ ਵਾਲੇ ਹਨ। ਇਕ ਸਰੀਰ ਅੰਦਰ ਉਹ ਸੰਗੀ ਸਾਥੀ ਬਣੇ ਬੈਠੇ ਹਨ। ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥ ਉਹ ਅਲਹਿਦਾ ਅਲਹਿਦਾ ਨਾਜ਼-ਨਖਰੇ ਕਰਦੇ ਹਨ ਅਤੇ ਸਾਰੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਦੇ ਹਨ। ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥ ਹਰ ਇਕਗ੍ਰਹਿ ਅੰਦਰ ਦਿਨ ਰਾਤ ਨਾਚ ਹੁੰਦਾ ਹੈ ਅਤੇ ਹਰ ਦਿਲ ਵਿੱਚ ਬਿਗਲ ਵੱਜਦੇ ਹਨ। ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ ਇਕਨਾਂ ਨੂੰ ਉਹ ਸੰਸਾਰੀ ਵਿਹਾਰਾਂ ਵਿੱਚ ਨਚਾਉਂਦਾ ਹੈ, ਇਕਨਾਂ ਨੂੰ ਉਹ ਜੂਨੀਆਂ ਅੰਦਰ ਭੁਆਉਂਦਾ ਹੈ ਅਤੇ ਇਕ ਆਉਣ ਤੇ ਜਾਣ ਵਿੱਚ ਮਿੱਟੀ ਹੋ ਜਾਂਦੇ ਹਨ। ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥ ਗੁਰੂ ਜੀ ਫਰਮਾਉਂਦੇ ਹਨ ਜੋ ਪੂਰਨ ਗੁਰਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਮੁੜ ਕੇ ਨੱਚਦਾ ਨਹੀਂ। copyright GurbaniShare.com all right reserved. Email |