Page 883

ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥
ਜੋ ਉਸ ਸੁਆਮੀ ਨੂੰ ਅਨੁਭਵ ਕਰਦਾ ਹੈ, ਜਿਸ ਨੇ ਉਸ ਨੂੰ ਰਚਿਆ ਹੈ, ਉਹ ਸੁਆਮੀ ਦੇ ਲਾਸਾਨੀ ਮੰਦਿਰ ਨੂੰ ਅੱਪੜ ਜਾਂਦਾ ਹੈ।

ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥
ਹੇ ਸਾਹਿਬ! ਤੇਰਾ ਗੋਲਾ, ਨਾਨਕ, ਤੇਰਾ ਸਿਮਰਨ ਕਰਦਾ ਹੈ ਅਤੇ ਕੀਰਤੀ ਅਲਾਪਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥
ਤੂੰ ਪੈਰਾਂ ਹੇਠਾਂ ਢਹਿ ਪਉ, ਤਾਂ ਜੋ ਤੂੰ ਉਪਰ ਆ ਸਕੇਂ। ਐਹੋ ਜੇਹੀ ਘਾਲ ਤੂੰ ਆਪਣੇ ਸਾਹਿਬ ਦੀ ਕਮਾ।

ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥
ਤੂੰ ਸਾਰਿਆਂ ਨੂੰ ਆਪਣੇ ਨਾਲੋਂ ਉਚੇ ਸਮਝ, ਤਦ ਹੀ ਤੂੰ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾ ਲਵੇਗਾਂ।

ਸੰਤਹੁ ਐਸੀ ਕਥਹੁ ਕਹਾਣੀ ॥
ਹੇ ਸੰਤ ਜਨੋਂ ਮੈਨੂੰ ਐਹੋ ਜਿਹੀ ਵਾਹਿਗੁਰੂ ਦੀ ਵਾਰਤਾ ਸੁਣਾਓ,

ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥
ਅਤੇ ਮੁਖੀ ਗੁਰਾਂ ਦੀ ਬਾਣੀ ਸੁਣਾਓ, ਜਿਸ ਦਾ ਇਥ ਮੁਹਤ ਭਰ ਉਚਾਰਨ ਕਰਨ ਦੁਆਰਾ, ਦੇਵਤੇ ਪਾਵਨ ਅਤੇ ਦੈਵੀ ਮਨੁਸ਼ ਪੁਨੀਤ ਹੋ ਗਏ ਹਨ। ਠਹਿਰਾਓ।

ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥
ਆਪਣੇ ਵੱਲੋਂ ਛਲ ਨੂੰ ਤਿਆਗ ਦੇ, ਮਾਲਕ ਦੇ ਮੰਦਿਰ ਅੰਦਰ ਵੱਸ ਅਤੇ ਕਿਸੇ ਨੂੰ ਭੀ ਕੂੜਾ ਨਾਂ ਆਖ।

ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥
ਸੱਚੇ ਗੁਰਾਂ ਨਾਲ ਮਿਲ ਅਤੇ ਨੌਵਾਂ ਖਜਾਨਿਆਂ ਨੂੰ ਪ੍ਰਾਪਤ ਕਰ। ਇਸ ਤਰੀਕੇ ਨਾਲ ਤੂੰ ਅਸਲੀਅਤ ਨੂੰ ਲੱਭ ਲਵੇਗਾਂ।

ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥
ਹੇ ਵੀਰ! ਗੁਰਾਂ ਦੀ ਦਇਆ ਦੁਆਰਾ, ਆਪਣੇ ਸੰਦੇਹ ਨੂੰ ਛੱਡ, ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਆਪ ਨੂੰ ਸਮਝ।

ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥
ਸੁਆਮੀ ਸਦੀਵ ਹੀ ਹਾਜਰ ਨਾਜਰ ਹੈ। ਤੂੰ ਉਸ ਨੂੰ ਐਨ ਨੇੜੇ ਹੀ ਸਮਝ। ਤੂੰ ਕਿਸੇ ਨਾਲ ਕਿਉਂ ਬਦੀ ਕਰਦਾ ਹੈਂ?

ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਤੇਰਾ ਰਸਤਾ ਮੋਕਲਾ ਹੋ ਜਾਵੇਗਾ ਅਤੇ ਸੁਖੈਨ ਹੀ ਤੂੰ ਆਪਣੇ ਸਾਹਿਬ ਨੂੰ ਮਿਲ ਪਵੇਗਾਂ।

ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥
ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਕਲਯੁਗ ਅੰਦਰ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ। ਗੋਲਾ ਨਾਨਕ ਹਮੇਸ਼ਾਂ ਹੀ ਉਹਨਾਂ ਉਤੋਂ ਘੋਲੀ ਵੰਞਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥
ਨਾਂ ਧਨ ਦਾ ਆਉਣਾ ਮੈਨੂੰ ਖੁਸ਼ੀ ਕਰਦਾ ਹੈ, ਨਾਂ ਹੀ ਇਸ ਦਾ ਜਾਣਾ ਦੁਖੀ, ਮੇਰੀ ਆਤਮਾਂ ਨੂੰ ਇਹ ਬੀਮਾਰੀ ਨਹੀਂ ਚਿਮੜਦੀ।

ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥
ਪੂਰਨ ਗੁਰਾਂ ਨੂੰ ਪ੍ਰਾਪਤ ਕਰਕੇ ਮੈਂ ਸਦੀਵ ਹੀ ਪ੍ਰਸੰਨਤਾ ਅੰਦਰ ਵੱਸਦਾ ਹਾਂ ਅਤੇ ਇਸ ਲਈ ਮੇਰਾ ਸੁਆਮੀ ਨਾਲੋਂ ਵਿਛੋੜਾ ਪੂਰਨ ਤੌਰ ਤੇ ਮੁੱਕ ਗਿਆ ਹੈ।

ਇਹ ਬਿਧਿ ਹੈ ਮਨੁ ਜੋਗਨੀ ॥
ਇਸ ਰੀਤੀ ਨਾਲ ਮੈਂ ਆਪਦੇ ਮਨ ਨੂੰ ਪ੍ਰਭੂ ਨਾਲ ਜੋੜਿਆ ਹੈ।

ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥
ਸੰਸਾਰੀ ਮਮਤਾ, ਅਫਸੋਸ, ਜਹਿਮਤ ਅਤੇ ਲੋਕ-ਲੱਜਿਆ ਮੇਰੇ ਤੇ ਅਸਰ ਨਹੀਂ ਕਰਦੇ ਅਤੇ ਐਸੀ ਦਸ਼ਾ ਵਿੱਚ ਮੈਂ ਸੁਆਮੀ ਮਾਲਕ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹਾਂ। ਠਹਿਰਾਓ।

ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥
ਮੈਂ ਲੋਕਾਂ ਨਾਲੋਂ ਅਲੱਗ-ਥਲੱਗ ਰਹਿੰਦਾ ਹਾਂ ਅਤੇ ਪੁਨੀਤ (ਪਵਿੱਤਰ) ਹਾਂ ਮੈਂ ਬਹਿਸ਼ਤ ਵਿੱਚ ਪੁਨੀਤ ਮਾਤਲੋਕ ਵਿੱਚ ਅਤੇ ਪੁਨੀਤ ਹੀ ਹੇਠਲੇ ਲੋਕ ਵਿੱਚ।

ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥
ਮੈਂ ਸੁਆਮੀ ਦਾ ਫਰਮਾਬਰਦਾਰ ਹਾਂ, ਹਮੇਸ਼ਾਂ ਅਨੰਦ ਮਾਣਦਾ ਹਾਂ ਅਤੇ ਹਰ ਥਾਂ ਗੁਣਾਂ ਵਾਲੇ ਸਾਈਂ ਨੂੰ ਵੇਖਦਾ ਹਾਂ।

ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥
ਨਾਂ ਚੇਤਨਤਾ, ਨਾਂ ਜੜ੍ਹਤਾ, ਨਾਂ ਪਾਣੀ, ਨਾਂ ਹਵਾ, ਨਾਂ ਸਰੂਪ ਅਤੇ ਨਾਂ ਹੀ ਸੰਸਾਰ ਹੈ ਓਥੇ,

ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥
ਜਿਥੇ ਵਾਹਿਗੁਰੂ ਨਾਲ ਜੁੜੇ ਹੋਏ ਸੱਚੇ ਗੁਰੂ ਅਤੇ ਜਿਥੇ ਅਬਿਨਾਸੀ ਸੁਆਮੀ ਅਤੇ ਪਹੁੰਚ ਤੋਂ ਪਰ੍ਹੇ ਮਾਲਕ ਵੱਸਦੇ ਹਨ।

ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥
ਮੇਰੀ ਦੇਹ ਤੇ ਆਤਮਾਂ ਵਾਹਿਗੁਰੂ ਦੀ ਮਲਕੀਅਤ ਹਨ ਅਤੇ ਏਸ ਤਰ੍ਹਾਂ ਹੀ ਮੇਰੀ ਸਾਰੀ ਦੌਲਤ ਭੀ ਵਾਹਿਗੁਰੂ ਦੀ ਹੀ ਮਲਕੀਅਤ ਹੈ। ਮੈਂ ਪ੍ਰਭੂ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਗਿਣ ਸਕਦਾ ਹਾਂ?

ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥
ਗੁਰੂ ਜੀ ਆਖਦੇ ਹਨ, ਗੁਰਾਂ ਨੈ ਮੇਰੀ ਮੇਰ ਤੇਰ ਗੁਆ ਦਿੱਤੀ ਹੈ ਤੇ ਪਾਣੀ ਨਾਲ ਪਾਣੀ ਮਿਲਣ ਦੀ ਤਰ੍ਹਾਂ ਮੈਂ ਹਰੀ ਨਾਲ ਮਿਲ ਗਿਆ ਹਾਂ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥
ਨਾਮ ਵਸਤੂ ਤਿੰਨਾਂ ਲੱਛਣਾ (ਰਜੋ, ਸਤੋ, ਤਮੋ) ਤੋਂ ਨਿਵੇਕਲੀ ਰਹਿੰਦੀ ਹੈ। ਇਸ ਦੀ ਕੀਮਤ ਨੂੰ ਅਭਿਆਸੀ ਅਤੇ ਪੂਰਨ ਪੁਰਸ਼ ਨਹੀਂ ਜਾਣਦੇ।

ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥
ਗੁਰਾਂ ਦੇ ਖਜਾਨੇ ਵਿੱਚ ਨਾਮ-ਅੰਮ੍ਰਿਤ ਨਾਲ ਪਰੀਪੂਰਨ ਇਕ ਨਾਮ-ਰਤਨਾਂ ਦੀ ਕੁਟੀਆ ਹੈ।

ਅਚਰਜੁ ਕਿਛੁ ਕਹਣੁ ਨ ਜਾਈ ॥
ਅਸਚਰਜ ਹੈ ਇਹ ਵਸਤੂ, ਜੋ ਉਕੀ ਹੀ ਵਰਨਣ ਨਹੀਂ ਕੀਤੀ ਜਾ ਸਕਦੀ,

ਬਸਤੁ ਅਗੋਚਰ ਭਾਈ ॥੧॥ ਰਹਾਉ ॥
ਇਹ ਇਕ ਅਗਾਧ ਵਸਤੂ ਹੈ, ਹੇ ਵੀਰ! ਠਹਿਰਾਓ।

ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥
ਇਸ ਦਾ ਮੁੱਲ ਮੂਲੋਂ ਹੀ ਨਹੀਂ ਪਾਇਆ ਜਾ ਸਕਦਾ। ਕੋਈ ਵਿਰਲਾ ਕੀ ਆਖ ਤੇ ਉਚਾਰ ਸਕਦਾ ਹੈ?

ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥
ਵਰਣਨ ਤੇ ਬਿਆਨ ਕਰਨ ਦੁਆਰਾ ਇਨਸਾਨ ਇਸ ਨੂੰ ਸਮਝ ਨਹੀਂ ਸਕਦਾ। ਜਿਹੜਾ ਵੇਖਦਾ (ਮਾਣਦਾ) ਹੈ, ਉਹ ਹੀ ਇਸ ਨੂੰ ਅਨੁਭਵ ਕਰਦਾ ਹੈ।

ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥
ਕੇਵਲ ਉਹ ਸਿਰਜਣਹਾਰ ਹੀ ਇਸ ਦੀ ਕੀਮਤ ਨੂੰ ਜਾਣਦਾ ਹੈ। ਰਚਿਆ ਹੋਇਆ ਗਰੀਬ ਜੀਵ ਕੀ ਜਾਣ ਸਕਦਾ ਹੈ?

ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥
ਆਪਣੀ ਅਵਸਥਾ ਤੇ ਅੰਦਾਜੇ ਨੂੰ ਉਹ ਆਪ ਹੀ ਜਾਣਦਾ ਹੈ। ਵਾਹਿਗੁਰੂ ਆਪੇ ਹੀ ਪਰੀਪੂਰਨ ਖਜਾਨਾ ਹੈ।

ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥
ਐਹੋ ਜੇਹੇ ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਕੇ, ਮੇਰੀ ਜਿੰਦੜੀ ਰੱਜੀ ਪੁੱਜੀ ਰਹਿੰਦੀ ਹੈ।

ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
ਗੁਰੂ ਜੀ ਫਰਮਾਉਂਦੇ ਹਨ, ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੀ ਖਾਹਿਸ਼ ਪੂਰਨ ਹੋ ਗਈ ਹੈ।

copyright GurbaniShare.com all right reserved. Email