Page 882

ਰਾਮਕਲੀ ਮਹਲਾ ੪ ॥
ਰਾਮਕਲੀ ਚੌਥੀ ਪਾਤਿਸ਼ਾਹੀ।

ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥
ਮੇਰੇ ਸੱਚੇ ਗੁਰੂ ਜੀ, ਮਿਹਰਬਾਨੀ ਕਰਕੇ, ਮੈਨੂੰ ਪ੍ਰਭੂ ਨਾਲ ਮਿਲਾ ਦਿਓ। ਵਾਹਿਗੁਰੂ, ਪਾਤਿਸ਼ਾਹ, ਮੇਰੀ ਜਿੰਦ ਜਾਨ ਦਾ ਮਿੱਤਰ ਹੈ।

ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥
ਗੋਲੀ ਬਣ ਕੇ ਮੈਂ ਆਪਣੇ ਗੁਰਾਂ ਦੇ ਪੈਰੀਂ ਪੈਦੀ ਹਾਂ ਜਿਨ੍ਹਾਂ ਨੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਸਤਾ ਅਤੇ ਰਾਹ ਵਿਖਾਲਿਆ ਹੈ।

ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥
ਮੇਰੇ ਮਾਲਕ, ਸੁਆਮੀ ਵਾਹਿਗੁਰੂ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥
ਵਾਹਿਗੁਰੂ ਦੇ ਬਾਝੋਂ, ਮੇਰਾ ਹੋਰ ਕੋਈ ਮਿੱਤਰ ਨਹੀਂ। ਕੇਵਲ ਪ੍ਰਭੂ ਹੀ ਮੇਰਾ ਬਾਬਲ, ਅੰਮੜੀ ਅਤੇ ਸੰਗੀ ਸਾਥੀ ਹੈ। ਠਹਿਰਾਓ।

ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥
ਆਪਣੇ ਪਿਆਰੇ ਦੇ ਬਾਝੋਂ ਮੈਂ ਇਕ ਮੁਹਤ ਭਰਬ ਲਈ ਭੀ ਜਿਊਂ ਨਹੀਂ ਸਕਦਾ। ਊਸ ਨੂੰ ਵੇਖਣ ਦੇ ਬਗੈਰ ਮੈਂ ਮਰ ਵੰਞਦਾ ਹਾਂ, ਹੇ ਮੇਰੀ ਮਾਤਾ!

ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥
ਮੁਬਾਰਕ, ਮੁਬਾਰਕ ਹੈ ਮੇਰੀ ਵਿਸ਼ਾਲ ਪ੍ਰਾਲਬਧ ਕਿ ਮੈਂ ਗੁਰਾਂ ਦੀ ਪਨਾਹ ਲਈ ਹੈ ਅਤੇ ਗੁਰਾਂ ਨਾਲ ਮਿਲ ਕੇ ਸਾਹਿਬ ਦਾ ਦੀਦਾਰ ਵੇਖ ਲਿਆ ਹੈ।

ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥
ਆਪਣੇ ਚਿੱਤ ਅੰਦਰ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰ ਸਕਦਾ। ਇਸ ਲਈ ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਉਚਾਰਦਾ ਅਤੇ ਵਖਾਣਦਾ ਹਾਂ।

ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥
ਬੇਸ਼ਰਮ ਬੰਦੇ ਨਾਮ ਦੇ ਬਿਨਾਂ ਭਟਕਦੇ ਫਿਰਦੇ ਹਨ। ਉਹਨਾਂ ਦੇ ਨੱਕ ਰਗੜ ਰਗੜ ਕੇ ਵੱਢੇ ਜਾਂਦੇ ਹਨ।

ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥
ਹੇ ਜਗਤ ਦੀ ਜਿੰਦ, ਮੇਰੇ ਮਾਲਕ! ਤੂੰ ਮੈਨੂੰ ਸੁਰਜੀਤ ਕਰ ਲੈ ਤਾਂ ਜੋ ਤੇਰੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾਂ।

ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥
ਹੇ ਨਾਨਕ! ਪੂਰਨ ਹਨ ਵੱਡੇ ਗੁਰਦੇਵ ਜੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਨਾਮ ਦਾ ਆਰਾਧਨ ਕਰਦਾ ਹਾਂ।

ਰਾਮਕਲੀ ਮਹਲਾ ੪ ॥
ਰਾਮਕਲੀ ਚੌਥੀ ਪਾਤਿਸ਼ਾਹੀ।

ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰ ਧਾਰੇ ॥
ਵੱਡੀ ਦਾਤਾਰ ਹੈ ਵਿਸ਼ਾਲ ਵਿਅਕਤੀ ਸੱਚੇ ਗੁਰਾਂ ਦੀ, ਜਿਨ੍ਹਾਂ ਨਾਲ ਮਿਲਣ ਦੁਆਰਾ ਸਾਹਿਬ ਦਿਲ ਅੰਦਰ ਟਿਕ ਜਾਂਦਾ ਹੈ।

ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
ਪੂਰਨ ਗੁਰਦੇਵ ਜੀ ਨੇ ਮੈਨੂੰ ਆਤਮਕ ਜਿੰਦਗੀ ਪ੍ਰਦਾਨ ਕੀਤੀ ਹੈ ਅਤੇ ਮੈਂ ਹੁਣ ਸੁਧਾ-ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹਾਂ।

ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥
ਹੇ ਵਾਹਿਗੁਰੂ, ਸੁਆਮੀ ਮਾਲਕ! ਗੁਰਾਂ ਨੇ ਤੇਰਾ ਨਾਮ ਮੇਰੇ ਦਿਲ ਅੰਦਰ ਅਸਥਾਪਨ ਕਰ ਦਿੱਤਾ ਹੈ।

ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਮੈਂ ਈਸ਼ਵਰੀ ਵਾਰਤਾ ਸ੍ਰਵਣ ਕੀਤੀ ਹੈ ਜਿਸ ਨੇ ਮੇਰੇ ਚਿੱਤ ਨੂੰ ਪ੍ਰਸੰਨ ਕਰ ਦਿੱਤਾ ਹੈ। ਮੁਬਾਰਕ, ਮੁਬਾਰਕ ਹੈ ਮੇਰੀ ਪਰਮ ਸ੍ਰੇਸ਼ਟ ਪ੍ਰਾਲਬਧ। ਠਹਿਰਾਓ।

ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥
ਕ੍ਰੋੜਾਂ ਹੀ ਤਰੀਕਿਆਂ ਨਾਲ ਤੇਤੀ ਕ੍ਰੋੜ ਦੇਵਤੇ ਪ੍ਰਭੂ ਦਾ ਸਿਮਰਨ ਕਰਦੇ ਹਨ, ਪ੍ਰੰਤੂ ਉਹ ਉਸ ਦੇ ਓੜਕ ਅਤੇ ਅਖੀਰ ਨੂੰ ਲੱਭ ਨਹੀਂ ਸਕਦੇ।

ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥੨॥
ਚਿੱਤ ਅੰਦਰ ਕਾਮਚੇਸ਼ਟਾ ਦੇ ਕਾਰਨ ਉਹ ਇਸਤਰੀ ਦੀ ਖਾਹਸ਼ ਕਰਦੇ ਹਨ ਅਤੇ ਆਪਣਾ ਹੱਥ ਟੱਡ ਕੇ ਸੰਸਾਰੀ ਪਦਾਰਥ ਮੰਗਦੇ ਹਨ।

ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿ ਧਾਰੇ ॥
ਜੋ ਵਾਹਿਗੁਰੂ ਦੀ ਕੀਰਤੀ ਨੂੰ ਉਚਾਰਦਾ ਅਤੇ ਆਖਦਾ ਹੈ, ਉਹ ਉਚਿਆਂ ਦਾ ਪਰਮ ਉਚਾ ਹੈ। ਇਸ ਲਈ ਮੈਂ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।

ਜੇ ਵਡ ਭਾਗ ਹੋਵਹਿ ਤਾ ਜਪੀਐ ਹਰਿ ਭਉਜਲੁ ਪਾਰਿ ਉਤਾਰੇ ॥੩॥
ਜੇਕਰ ਬੰਦੇ ਦੀ ਸ੍ਰੇਸ਼ਟ ਪ੍ਰਾਲਬਧ ਹੋਵ, ਕੇਵਲ ਤਦ ਹੀ ਉਹ ਪ੍ਰਭੂ ਦਾ ਆਰਾਧਨ ਕਰਦਾ ਹੈ, ਜੋ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥
ਵਾਹਿਗੁਰੂ ਆਪਣੇ ਸੰਤ ਦੇ ਨੇੜੇ ਹੈ, ਅਤੇ ਸੰਤ ਆਪਦੇ ਵਾਹਿਗੁਰੂ ਦੇ ਨੇੜੇ ਹੈ। ਸੁਆਮੀ ਆਪਣੇ ਭਗਤ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।

ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
ਸੁਆਮੀ ਵਾਹਿਗੁਰੂ ਨਾਨਕ ਦਾ ਬਾਬਲ ਅਤੇ ਅੰਮੜੀ ਹੈ। ਵਾਹਿਗੁਰੂ ਮੇਰੀ, ਆਪਣੇ ਬੱਚੇ ਦੀ ਮਾਨੰਦ, ਪਾਲਣਾ ਪੋਸਣਾ ਕਰਦਾ ਹੈ।

ਰਾਗੁ ਰਾਮਕਲੀ ਮਹਲਾ ੫ ਘਰੁ ੧
ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਤੇ ਸੱਤਿ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਮੇਰੇ ਉਤੇ ਮਿਹਰ ਧਾਰ, ਹੇ ਮਸਕੀਨਾਂ ਦੇ ਦਾਤਾਰ! ਅਤੇ ਨੇਕੀਆਂ ਤੇ ਬਦੀਆਂ ਵੱਲ ਉਕਾ ਹੀ ਧਿਆਨ ਨਾਂ ਦੇ।

ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥
ਮਿੱਟੀ ਕਸ ਤਰ੍ਹਾਂ ਧੋਤੀ ਜਾ ਸਕਦੀ ਹੈ? ਐਹੋ ਜਿਹੀ ਹੀ ਹੈ ਦਸ਼ਾ ਇਨਸਾਨ ਦੀ, ਹੇ ਮੇਰੇ ਸਾਹਿਬ!

ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਘਾਲ ਕਮਾ ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ।

ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥
ਜਿਹੜੇ ਭੀ ਤੂੰ ਚਾਹੁੰਦਾ ਹੈਂ, ਓਹੀ ਮੇਵੇ ਤੂੰ ਪਾ ਲਵੇਗਾਂ ਅਤੇ ਤੈਨੂੰ ਮੁੜ ਕੇ ਕੋਈ ਬਿਪਤਾ ਨਹੀਂ ਵਾਪਰੇਗੀ। ਠਹਿਰਾਓ।

ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥
ਵਾਹਿਗੁਰੂ ਮਿੱਟੀ ਦਿਆਂ ਬਰਤਨਾਂ ਨੂੰ ਰਚਦਾ ਤੇ ਸ਼ਿੰਗਾਰਦਾ ਹੈ ਅਤੇ ਉਹਨਾਂ ਦੇ ਅੰਦਰ ਆਪਣਾ ਪ੍ਰਕਾਸ਼ ਭਰਦਾ ਹੈ।

ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥
ਜੇਹੋ ਜਿਹੀ ਸਿਰਜਣਹਾਰ ਦੀ ਮੁੱਢ ਦੀ ਲਿਖੀ ਲਿਖਤਾਕਾਰ ਹੈ, ਓਹੋ ਜੇਹੇ ਹੀ ਕਰਮ ਅਸੀਂ ਕਰਦੇ ਹਾਂ।

ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥
ਬੰਦਾ ਆਪਣੀ ਆਤਮਾਂ ਤੇ ਦੇਹਿ ਨੂੰ ਸਮੂਹ ਆਪਣੀਆਂ ਨਿਜ ਦੀਆਂ ਜਾਣਦਾ ਹੈ ਅਤੇ ਇਹ ਹੀ ਹੈ ਉਸ ਦੇ ਆਉਣ (ਜਨਮ) ਅਤੇ ਜਾਣ (ਮਰਨ) ਦਾ ਕਾਰਨ।

ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥
ਜਿਸ ਨੇ ਉਸ ਨੂੰ ਇਹ ਸ਼ੈਆਂ ਬਖਸ਼ੀਆਂ ਹਨ, ਉਸ ਨੂੰ ਉਹ ਯਾਦ ਨਹੀਂ ਕਰਦਾ। ਅੰਨ੍ਹਾਂ ਇਨਸਾਨ ਉਹਨਾਂ ਦੀ ਮੁਹੱਬਤ ਅੰਦਰ ਫਸਿਆ ਹੋਇਆ ਹੈ।

copyright GurbaniShare.com all right reserved. Email