Page 510
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥
ਇਹ ਆਤਮਾ, ਤਾਂ ਹਮੇਸ਼ਾਂ ਲਈ ਮੋਖਸ਼ ਹੈ, ਤੇ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੀ ਹੈ।

ਪਉੜੀ ॥
ਪਉੜੀ।

ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥
ਜਗਤ ਨੂੰ ਰੱਚ ਕੇ, ਸੁਆਮੀ ਨੇ ਇਸ ਨੂੰ ਆਪਣੇ ਅਖਤਿਆਰ ਵਿੱਚ ਰੱਖਿਆ ਹੋਇਆ ਹੈ।

ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥
ਲੇਖੇ ਪੱਤੇ ਰਾਹੀਂ ਸਾਹਿਬ ਪ੍ਰਾਪਤ ਨਹੀਂ ਹੁੰਦਾ ਅਤੇ ਇਨਸਾਨ ਦਵੈਤ-ਭਾਵ ਅੰਦਰ ਭਟਕਦਾ ਹੈ।

ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥
ਸੱਚੇ ਗੁਰਾਂ ਨੂੰ ਭੇਟ ਕੇ, ਆਦਮੀ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਸਮਝ ਦੇ ਸੱਚ ਅੰਦਰ ਲੀਨ ਹੋ ਜਾਂਦਾ ਹੈ।

ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥
ਨਾਮ ਦੇ ਰਾਹੀਂ ਹੰਕਾਰ ਨਵਿਰਤ ਹੋ ਜਾਂਦਾ ਹੈ ਅਤੇ ਜੀਵ ਹਰੀ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।

ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥
ਪ੍ਰਭੂ ਸਾਰਾ ਕੁਝ ਜਾਣਦਾ ਹੈ ਅਤੇ ਸਭ ਕੁਛ ਆਪ ਹੀ ਕਰਦਾ ਹੈ। ਆਪਣੀ ਰਚਨਾ ਨੂੰ ਤੱਕ ਉਹ ਆਪ ਹੀ ਪ੍ਰਸੰਨ ਹੁੰਦਾ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥
ਜਿਸ ਨੇ ਆਪਣੀ ਬਿਰਤੀ ਸੱਚੇ ਗੁਰਾਂ ਦੇ ਨਾਲ ਨਹੀਂ ਜੋੜੀ ਅਤੇ ਜਿਸ ਦੇ ਚਿੱਤ ਅੰਦਰ ਨਾਮ ਨੇ ਆ ਕੇ ਨਿਵਾਸ ਨਹੀਂ ਕੀਤਾ,

ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥
ਲਾਨ੍ਹਤ ਹੈ ਉਸ ਦੇ ਐਹੋ ਜੇਹੇ ਜੀਵਨ ਨੂੰ। ਇਸ ਸੰਸਾਰ ਵਿੱਚ ਆ ਕੇ ਉਸ ਨੇ ਕੀ ਲਾਭ ਉਠਾਇਆ ਹੈ?

ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥
ਧਨ-ਦੌਲਤ ਇਕ ਜਾਹਲੀ ਪੂੰਜੀ ਹੈ। ਇਕ ਮੁਹਤ ਵਿੱਚ ਇਸ ਦਾ ਮੁਲੰਮਾ ਉਤਰ ਜਾਂਦਾ ਹੈ।

ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥
ਜਦੋਂ ਇਹ ਬੰਦੇ ਦੇ ਹੱਥੋਂ ਨਿਕਲ ਜਾਂਦੀ ਹੈ, ਉਸ ਦਾ ਸਰੀਰ ਕਾਲਾ ਹੋ ਜਾਂਦਾ ਹੈ ਤੇ ਚਿਹਰਾ ਮੁਰਝਾ ਜਾਂਦਾ ਹੈ।

ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ੍ਹ ਸੁਖੁ ਵਸਿਆ ਮਨਿ ਆਇ ॥
ਜਿਨ੍ਹਾਂ ਨੇ ਆਪਣੀ ਬਿਰਤੀ ਸੱਚੇ ਗੁਰਾਂ ਨਾਲ ਜੋੜੀ ਹੈ, ਆਰਾਮ ਆਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
ਵਾਹਿਗੁਰੂ ਦਾ ਨਾਮ ਉਹ ਪਿਆਰ ਨਾਲ ਸਿਮਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਵਿੱਚ ਹੀ ਉਹ ਲੀਨ ਰਹਿੰਦੇ ਹਨ।

ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
ਨਾਨਕ, ਸੱਚੇ ਗੁਰਾਂ ਨੇ ਉਨ੍ਹਾਂ ਨੂੰ ਉਹ ਦੌਲਤ ਬਖਸ਼ੀ ਹੈ, ਜੋ ਉਨ੍ਹਾਂ ਦੇ ਦਿਲ ਵਿੱਚ ਵਸੀ ਰਹਿੰਦੀ ਹੈ।

ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥
ਉਨ੍ਹਾਂ ਨੂੰ ਪ੍ਰਭੂ ਦੀ ਪਰਮ ਪ੍ਰੀਤ ਦੀ ਦਾਤ ਪ੍ਰਾਪਤ ਹੋਈ ਹੈ, ਜਿਸ ਦੀ ਰੰਗਤ ਰੋਜ਼-ਬਰੋਜ਼ ਵਧੇਰੇ ਹੁੰਦੀ ਜਾਂਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
ਮਾਇਆ ਇਕ ਸਰਪਣੀ ਹੈ, ਜਿਸ ਨੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
ਜਿਹੜਾ ਇਸ ਦੀ ਟਹਿਲ ਕਰਦਾ ਹੈ, ਆਖਰਕਾਰ ਇਹ ਉਸ ਨੂੰ ਹੀ ਖਾ ਜਾਂਦੀ ਹੈ।

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
ਕੋਈ ਵਿਰਲਾ ਹੀ ਗੁਰੂ-ਪਿਆਰਾ ਸੱਪਾਂ ਦਾ ਮੰਤ੍ਰੀ ਹੈ ਜਿਸ ਨੇ ਇਸ ਨੂੰ ਲਤਾੜ ਅਤੇ ਕੁਚਲ ਕੇ, ਆਪਣੇ ਪੈਰਾਂ ਹੇਠ ਸੁੱਟ ਲਿਆ ਹੈ।

ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥
ਨਾਨਕ, ਕੇਵਲ ਉਹੀ ਬਚਦੇ ਹਨ, ਜੋ ਸੱਚੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।

ਪਉੜੀ ॥
ਪਉੜੀ।

ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥
ਢਾਢੀ ਕੂਕ ਪੁਕਾਰ ਕਰਦਾ ਹੈ ਅਤੇ ਪ੍ਰਭੂ ਸੁਣਦਾ ਹੈ।

ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥
ਉਸ ਦੇ ਅੰਤਰ ਆਤਮੇ ਧੀਰਜ ਹੈ ਅਤੇ ਉਹ ਪੂਰਨ ਪ੍ਰਭੂ ਨੂੰ ਪਾ ਲੈਦਾ ਹੈ।

ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥
ਜਿਹੜੀ ਭਾਵੀ ਸਾਹਿਬ ਨੇ ਲਿਖੀ ਹੈ, ਓਹੀ ਅਮਲ ਉਹ ਕਮਾਉਂਦਾ ਹੈ।

ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥
ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਆਪਣੇ ਧਾਮ ਵਜੋਂ ਪਾ ਲੈਂਦਾ ਹੈ।

ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥
ਉਹ ਮੈਂਡਾ ਸਾਹਿਬ ਪਰਮ ਵਿਸ਼ਾਲ ਹੈ। ਗੁਰਾਂ ਦੇ ਰਾਹੀਂ ਉਹ ਮਿਲਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥
ਸਾਰਿਆਂ ਦਾ ਸੁਆਮੀ ਕੇਵਲ ਇਕ ਹੈ। ਉਹ ਹਮੇਸ਼ਾਂ ਹਾਜ਼ਰ ਨਾਜ਼ਰ ਰਹਿੰਦਾ ਹੈ।

ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
ਨਾਨਕ, ਜੇਕਰ ਪਤਨੀ ਉਸ ਦੀ ਰਜ਼ਾ ਨੂੰ ਨਾਂ ਮੰਨੇ ਤਾਂ ਉਸ ਦੇ ਗ੍ਰਿਹ ਵਿੱਚ ਹੀ ਸੁਆਮੀ ਬਹੁਤ ਦੁਰੇਡੇ ਭਾਸਦਾ ਹੈ।

ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥
ਕੇਵਲ ਓਹੀ ਸਾਹਿਬ ਦੇ ਫੁਰਮਾਨ ਦੀ ਪਾਲਣਾ ਕਰਦੇ ਹਨ, ਜਿਨ੍ਹਾਂ ਤੇ ਉਹ ਆਪਣੀ ਮਿਹਰ ਧਾਰਦਾ ਹੈ।

ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥
ਸੁਆਮੀ ਦਾ ਅਮਰ ਸਵੀਕਾਰ ਕਰਨ ਦੁਆਰਾ, ਉਹ ਆਰਾਮ ਪਾਉਂਦੀ ਹੈ ਅਤੇ ਉਸ ਦੀ ਪਿਆਰੀ ਪਤਨੀ ਬਣ ਜਾਂਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥
ਮੰਦੀ ਪਤਨੀ, ਜੋ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ, ਸਾਰੀ ਰਾਤ ਸੜਦੀ ਅਤੇ ਸੱਤਿਆਨਾਸ ਹੁੰਦੀ ਰਹਿੰਦੀ ਹੈ।

ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥੨॥
ਨਾਨਕ, ਪਾਕ ਪਤਨੀਆਂ, ਜਿਨ੍ਹਾਂ ਨੂੰ ਪ੍ਰਮੇਸ਼ਰ ਪਾਤਿਸ਼ਾਹ ਆਪਣੇ ਪਿਆਰੇ ਪਤੀ ਵੱਜੋਂ ਪ੍ਰਾਪਤ ਹੈ, ਆਰਾਮ ਵਿੱਚ ਵਸਦੀਆਂ ਹਨ।

ਪਉੜੀ ॥
ਪਉੜੀ।

ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
ਸਾਰੇ ਜਹਾਨ ਦਾ ਚੱਕਰ ਕੱਟ ਕੇ, ਮੈਂ ਕੇਵਲ ਵਾਹਿਗੁਰੂ ਨੂੰ ਹੀ ਦਾਤਾਰ ਵੇਖਿਆ ਹੈ।

ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥
ਕਿਸੇ ਭੀ ਢੰਗ ਦੁਆਰਾ ਕਿਸਮਤ ਦਾ ਲਿਖਾਰੀ ਵਾਹਿਗੁਰੂ ਪਾਇਆ ਨਹੀਂ ਜਾ ਸਕਦਾ।

ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥
ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਸੁਆਮੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਨੂੰ ਸੁਖੈਨ ਹੀ ਦਿੱਸ ਆਉਂਦਾ ਹੈ।

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
ਉਸ ਦੇ ਅੰਦਰੋਂ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਵਾਹਿਗੁਰੂ ਦੇ ਆਬਿ-ਹਿਯਾਤ (ਅੰਮ੍ਰਿਤ) ਦੇ ਤਲਾਅ ਵਿੱਚ ਨਹਾ ਲੈਂਦਾ ਹੈ।

ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥
ਗੁਰੂ-ਸਮਰਪਨ, ਉਚੇ ਪ੍ਰਭੂ ਦੀ ਉਚੀ ਉਚਤਾ ਨੂੰ ਉਚਾਰਨ ਕਰਦਾ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥
ਦੇਹ ਤੇ ਭਉਰ ਦਾ ਕੀ ਪਿਆਰ ਹੈ, ਜਿਹੜਾ ਇਸ ਨੂੰ ਡਿੱਗੀ ਪਈ ਦੇਖ ਕੇ ਟੁਰ ਜਾਂਦਾ ਹੈ?

ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥
ਤਾਂ ਇਸ ਦੇਹ ਨੂੰ ਝੂਠ ਬੋਲ ਕੇ ਕਿਉਂ ਖੁਆਈਏ, ਜਦ ਤੁਰਨ ਵੇਲੇ ਇਹ ਤੇਰੇ ਨਾਲ ਨਹੀਂ ਜਾਂਦੀ?

copyright GurbaniShare.com all right reserved. Email