ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥
ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਤੇਰੀ ਟਹਿਲ ਕਮਾਉਂਦੇ ਹਨ, ਅਤੇ ਰੈਣ ਦਿਹੁੰ ਤੇਰੇ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ, ਹੇ ਜੰਗਲਾਂ ਦੇ ਸੁਆਮੀ! ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥ ਸੇਵਾ ਪ੍ਰਹਿਲਾਦ ਨੇ ਤੇਰੀ ਪਨਾਹ ਲਈ। ਤਾਂ ਤੂੰ ਉਸ ਦੀ ਲੱਜਿਆ ਰੱਖ ਲਈ। ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥ ਕੇਵਲ ਅਦ੍ਰਿਸ਼ਟ ਅਤੇ ਪਵਿੱਤਰ ਪ੍ਰਭੂ ਦਾ ਇਕ ਪ੍ਰਕਾਸ਼ ਹੀ ਹਰ ਥਾਂ ਰਵ ਰਿਹਾ ਹੈ। ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥ ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਹੈ। ਆਪਣੇ ਹੱਥ ਟੱਡ ਕੇ ਸਾਰੇ ਤੇਰੇ ਪਾਸੋਂ ਖੈਰ ਮੰਗਦੇ ਹਨ। ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥ ਸ੍ਰੇਸ਼ਟ ਹਨ ਬਚਨ ਬਿਲਾਸ ਨੇਕ ਬੰਦਿਆਂ ਦੇ, ਉਹ ਹਮੇਸ਼ਾਂ ਵਾਹਿਗੁਰੂ ਦੀ ਅਦਭੁੱਤ ਤੇ ਅਕਹਿ ਵਾਰਤਾ ਗਾਇਨ ਕਰਦੇ ਹਨ। ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥ ਫਲਦਾਇਕ ਹੋ ਵੰਞਦਾ ਹੈ ਉਨ੍ਹਾਂ ਦਾ ਜੀਵਨ, ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਵੰਸ਼ ਨੂੰ ਬਚਾ ਲੈਂਦੇ ਹਨ। ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥ ਆਪ-ਹੁਦਰੇ, ਦਵੈਤ-ਭਾਵ ਅਤੇ ਖੋਟੀ-ਬੁੱਧੀ ਵਿੱਚ ਖੱਚਤ ਹੋਏ ਹੋਏ ਹਨ। ਉਨ੍ਹਾਂਂ ਦੇ ਅੰਦਰ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ। ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥ ਸਾਧ ਸਰੂਪ ਪੁਰਸ਼ਾਂ ਦੀ ਗਿਆਨ ਗੋਸ਼ਟ ਨੂੰ ਉਹ ਪਿਆਰ ਨਹੀਂ ਕਰਦੇ। ਉਹ ਆਪਣੇ ਟੱਬਰ ਕਬੀਲੇ ਸਮੇਤ ਡੁੱਬ ਜਾਂਦੇ ਹਨ। ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥ ਬਦਖੋਈ ਕਰ ਕੇ, ਬਦਖੋਈ ਕਰਨ ਵਾਲਾ, ਹੋਰਨਾਂ ਦੀ ਮੈਲ ਧੋਂਦਾ ਹੈ। ਉਹ ਗੰਦ ਖਾਣ ਵਾਲਾ ਅਤੇ ਧਨ-ਦੌਲਤ ਦਾ ਉਪਾਸ਼ਕ ਹੈ। ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥ ਉਹ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪਰਵਿਰਤ ਹੁੰਦਾ ਹੈ। ਉਹ ਨਾਂ ਇਸ ਕਿਨਾਰੇ ਤੇ ਹੈ ਅਤੇ ਨਾਂ ਹੀ ਪਰਲੇ। ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥ ਜਗਤ ਦੀ ਇਹ ਸਾਰੀ ਖੇਡ ਸਿਰਜਣਹਾਰ ਨੇ ਹੀ ਸਾਜੀ ਹੈ ਅਤੇ ਵਾਹਿਗੁਰੂ ਸਿਰਜਣਹਾਰ ਨੇ ਹੀ ਸਾਰਿਆਂ ਅੰਦਰ ਸੱਤਿਆ ਅਸਥਾਪਨ ਕੀਤੀ ਹੈ। ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥ ਇਕ ਹਰੀ ਪ੍ਰਭੂ ਦਾ ਧਾਗਾ ਹੀ ਸੰਸਾਰ ਅੰਦਰ ਕੰਮ ਕਰਦਾ ਹੈ। ਜਦ ਉਹ ਧਾਗਾ ਨੂੰ ਖਿੱਚ ਲੈਂਦਾ ਹੈ, ਰਚਨਾ ਢਹਿ ਪੈਂਦੀ ਹੈ ਅਤੇ ਕੇਵਲ ਅਦੁੱਤੀ ਵਿਅਕਤੀ ਹਰੀ ਹੀ ਰਹਿ ਜਾਂਦਾ ਹੈ। ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥ ਆਪਣੀ ਜੀਭ੍ਹਾ ਨਾਲ ਸਾਧੂ, ਅੰਮ੍ਰਿਤ ਦੇ ਅੰਮ੍ਰਿਤ, ਹਰੀ ਜੱਸ ਨੂੰ ਗਾਉਂਦੇ ਹਨ ਅਤੇ ਆਪਣੀ ਜੀਭ੍ਹਾ ਉਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਟਿਕਾਉਂਦੇ ਹਨ। ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥ ਨਾਨਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕੁਛ ਨਹੀਂ ਮੰਗਦਾ। ਸੁਆਮੀ ਦੇ ਅੰਮ੍ਰਿਤ ਦਾ ਪ੍ਰੇਮ ਹੀ ਮੈਨੂੰ ਪਿਆਰਾ ਲੱਗਦਾ ਹੈ। ਗੂਜਰੀ ਮਹਲਾ ੫ ਘਰੁ ੨ ਗੂਜਰੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ ਪਾਤਿਸ਼ਾਹਾਂ ਵਿੱਚ ਤੂੰ ਪਾਤਿਸ਼ਾਹ ਆਖਿਆ ਜਾਂਦਾ ਹੈ ਅਤੇ ਵਿਸਵੇਦਾਰਾਂ ਅੰਦਰ ਵਿਸਵੇਦਾਰ। ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥ ਸਾਹਿਬਾਂ ਵਿੱਚ ਤੇਰੀ ਵੱਡੀ ਸਾਹਿਬੀ ਅਤੇ ਕੌਮਾਂ ਵਿਚੋਂ ਤੈਂਡੀ ਸ਼੍ਰੋਮਣੀ ਕੌਮ। ਪਿਤਾ ਮੇਰੋ ਬਡੋ ਧਨੀ ਅਗਮਾ ॥ ਮੇਰਾ ਬਾਬਲ ਵੱਡਾ ਧਨੀ ਤੇ ਅਗਾਧ ਮਾਲਕ ਹੈ। ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥ ਹੇ ਸਿਰਜਣਹਾਰ! ਮੈਂ ਤੇਰੀ ਕਿਹੜੀ ਮਹਿਮਾਂ ਵਰਣਨ ਕਰਾਂ। ਤੈਨੂੰ ਵੇਖਕੇ ਮੈਂ ਅਸਚਰਜਮਈ ਪ੍ਰਸੰਨ ਹੋ ਗਿਆ ਹਾਂ। ਠਹਿਰਾਉ। ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥ ਸੁਖਾਲਿਆ ਵਿਚੋਂ ਤੂੰ ਪਰਮ ਸੁਖਾਲਾ ਆਖਿਆ ਜਾਂਦਾ ਹੈ ਅਤੇ ਦਾਤਾਰ ਵਿੱਚ ਸ਼੍ਰੋਮਣੀ ਦਾਤਾਰ ਹੈ। ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥ ਪਰਤਾਪਵਾਨਾਂ ਵਿਚੋਂ ਤੂੰ ਪਰਮ ਪਰਤਾਪਵਾਨ ਕਿਹਾ ਜਾਂਦਾ ਹੈ ਅਤੇ ਸੁਆਦ ਮਾਨਣ ਵਾਲਿਆਂ ਵਿਚੋਂ ਮਹਾਨ ਸੁਆਦ ਮਾਨਣ ਵਾਲਾ। ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥ ਬਹਾਦਰਾਂ ਵਿਚੋਂ ਤੂੰ ਪਰਮ ਬਹਾਦਰ ਆਖਿਆ ਜਾਂਦਾ ਹੈ ਅਤੇ ਅਨੰਦ ਲੈਣ ਵਾਲਿਆਂ ਵਿਚੋਂ ਪਰਮ ਅਨੰਦ ਲੈਣ ਵਾਲਾ। ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥ ਘਰਬਾਰੀਆਂ ਅੰਦਰ ਤੂੰ ਵਿਸ਼ਾਲ ਘਰਬਾਰੀ ਹੈ ਅਤੇ ਯੋਗੀਆਂ ਅੰਦਰ ਤੂੰ ਵਿਸ਼ਾਲ ਯੋਗੀ। ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ ਰਚਣਹਾਰਾਂ ਵਿਚੋਂ ਤੂੰ ਵੱਡਾ ਰਚਣਹਾਰ ਆਖਿਆ ਜਾਂਦਾ ਹੈ ਅਤੇ ਕਰਮ ਕਾਂਡੀਆਂ ਵਿਚੋਂ ਵੱਡਾ ਕਰਮਕਾਂਡੀ। ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥ ਸ਼ਾਹੂਕਾਰਾਂ ਵਿੱਚ ਤੂੰ ਸੱਚਾ ਸ਼ਾਹੂਕਾਰ ਹੈ ਅਤੇ ਵਣਜਾਰਿਆਂ ਵਿੱਚ ਵਿਸ਼ਾਲ ਵਣਜਾਰਾ। ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ ਦੀਬਾਨਾਂ ਵਿਚੋਂ ਤੇਰਾ ਸੱਚਾ ਦਰਬਾਰ ਹੈ ਅਤੇ ਪਨਾਹ ਦੇਣ ਵਾਲਿਆਂ ਦਾ ਤੂੰ ਸ਼੍ਰੋਮਣੀ ਹੈ। ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥ ਕਿੰਨੀ ਕੁ ਹੈ ਤੇਰੀ ਦੌਲਤ, ਅੰਦਾਜਾ ਨਹੀਂ ਲਾਇਆ ਜਾ ਸਕਦਾ, ਤੈਂਡੇ ਸਿੱਕੇ ਮੈਂ ਗਿਣ ਨਹੀਂ ਸਕਦਾ। ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥ ਨਾਮਾਂ ਵਿਚੋਂ ਤੇਰਾ ਨਾਮ, ਹੇ ਸੁਆਮੀ! ਪਰਮ ਸ੍ਰੇਸ਼ਟ ਹੈ ਅਤੇ ਬ੍ਰਹਿਮ-ਬੇਤਿਆਂ ਵਿਚੋਂ ਤੂੰ ਪਰਮ ਬ੍ਰਹਿਮਬੇਤਾ ਹੈ। ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥ ਮਾਰਗਾਂ ਵਿਚੋਂ ਤੇਰਾ ਮਾਰਗ ਸਭ ਤੋਂ ਚੰਗਾ ਹੈ, ਹੇ ਸਾਹਿਬ! ਅਤੇ ਨ੍ਹਾਉਣ ਵਿਚੋਂ ਤੂੰ ਪਰਮ-ਸ੍ਰੇਸ਼ਟ ਨ੍ਹਾਉਣ ਵਾਲਾ ਹੈ। ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ ਕਰਾਮਾਤਾਂ ਵਿੱਚ, ਹੇ ਸੁਆਮੀ! ਤੇਰੀ ਕਰਾਮਾਤ ਸਭ ਤੋਂ ਸ੍ਰੇਸ਼ਟ ਹੈ ਅਤੇ ਕੰਮਾਂ ਵਿਚੋਂ ਤੇਰਾ ਕੰਮ ਸ਼੍ਰੋਮਣੀ ਹੈ। ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥ ਸਾਰੀਆਂ ਰਜ਼ਾਵਾਂ ਵਿਚੋਂ ਤੈਂਡੀ ਰਜ਼ਾ ਸ਼੍ਰੋਮਣੀ ਹੈ, ਹੇ ਸਾਈਂ! ਅਤੇ ਫੁਰਮਾਨਾਂ ਵਿਚੋਂ ਤੇਰਾ ਸਭ ਤੋਂ ਉਪਰ ਦਾ ਫੁਰਮਾਨ ਹੈ। copyright GurbaniShare.com all right reserved. Email |