Page 503
ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥
ਸਤਿ ਸੰਗਤ ਅੰਦਰ ਦਿਲ-ਕਮਲ ਖਿੜ ਜਾਂਦਾ ਹੈ। ਤੇ ਆਦਮੀ ਖੋਟੀ ਸਮਝ ਤੇ ਅਕਲ ਤੋਂ ਖਲਾਸੀ ਪਾ ਜਾਂਦਾ ਹੈ।

ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥
ਜੋ ਸਾਰਾ ਦਿਹੁੰ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਗਰੀਬਾਂ ਤੇ ਮਿਹਰਬਾਨ ਸੁਆਮੀ ਦਾ ਸਿਮਰਨ ਕਰਦਾ ਹੈ,

ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥
ਖੁਦ ਬਚ ਜਾਂਦਾ ਹੈ ਆਪਣੇ ਸਾਰੇ ਮੇਲੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਸਮੂਹ ਬੰਧਨ ਕੱਟੇ ਜਾਂਦੇ ਹਨ।

ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
ਤੇਰੇ ਪੈਰਾਂ ਦਾ ਮੈਨੂੰ ਆਸਰਾ ਹੈ, ਹੇ ਸਾਹਿਬ ਮਾਲਕ! ਤਾਣੇ ਤੇ ਪੇਟੇ ਦੀ ਮਾਨੰਦ ਤੂੰ ਮੇਰੇ ਅੰਗ ਸੰਗ ਹੈ, ਹੇ ਸੁਆਮੀ!

ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥
ਨਾਨਕ ਨੇ ਤੇਰੀ ਓਟ ਲਈ ਹੈ, ਹੇ ਮਾਲਕ! ਆਪਣਾ ਹੱਥ ਦੇ ਕੇ ਵਾਹਿਗੁਰੂ ਨੇ ਉਸ ਨੂੰ ਬਚਾ ਲਿਆ ਹੈ।

ਗੂਜਰੀ ਅਸਟਪਦੀਆ ਮਹਲਾ ੧ ਘਰੁ ੧
ਗੂਜਰੀ ਅਸ਼ਟਾਪਤੀਆਂ। ਪਹਿਲੀ ਪਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥
ਸਰੀਰ ਦੇ ਪਿੰਡ ਵਿੱਚ ਪੰਜ ਚੋਰ ਵਸਦੇ ਹਨ। ਹੋੜੇ ਜਾਣ ਦੇ ਬਾਵਜੂਦ ਉਹ ਬਾਹਰ ਚੋਰੀ ਕਰਨ ਚਲੇ ਜਾਂਦੇ ਹਨ।

ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥
ਜਿਹੜਾ ਤਿੰਨਾਂ ਗੁਣਾਂ ਅਤੇ ਦਸਾਂ ਵਿਸ਼ਿਆਂ ਤੋਂ ਆਪਣੇ ਮਾਲ ਧਨ ਨੂੰ ਬਚਾਈ ਰੱਖਦਾ ਹੈ। ਉਹ ਮੋਖਸ਼ ਤੇ ਕਲਿਆਣ ਨੂੰ ਪਾ ਲੈਂਦਾ ਹੈ, ਹੇ ਨਾਨਕ!

ਚੇਤਹੁ ਬਾਸੁਦੇਉ ਬਨਵਾਲੀ ॥
ਤੂੰ ਜੰਗਲਾਂ ਦਾ ਹਾ+ਚ23087ਰ ਪਹਿਰਨ ਵਾਲੇ, ਸਰਬ ਵਿਆਪਕ ਸੁਆਮੀ ਦਾ ਸਿਮਰਨ ਕਰ।

ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥
ਪ੍ਰਭੂ ਦਾ ਹਿਰਦੇ ਅੰਦਰ ਟਿਕਾਉਣਾ ਹੀ ਤਸਬੀ ਫੇਰਨੀ ਹੈ। ਠਹਿਰਾਉ।

ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥
ਜਿਸ ਦੀਆਂ ਜੜ੍ਹਾ ਉਪਰ ਨੂੰ ਅਤੇ ਟਹਿਣੀਆਂ ਹੇਠਾਂ ਨੂੰ ਹਨ ਅਤੇ ਜਿਸ ਨਾਲ ਚਾਰੇ ਵੇਦ ਜੁੜੇ ਹੋਏ ਹਨ,

ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥
ਜੋ ਸ਼੍ਰੋਮਣੀ ਸਾਹਿਬ ਦੇ ਪਿਆਰ ਅੰਦਰ ਸਾਵਧਾਨ ਰਹਿੰਦਾ ਹੈ, ਹੇ ਨਾਨਕ! ਉਹ ਸੁਖੈਨ ਹੀ ਉਸ ਵਿਰਛ ਕੋਲ ਪੁੱਜ ਜਾਂਦਾ ਹੈ।

ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥
ਕਲਪ ਬਿਰਛ ਮੇਰੇ ਮਕਾਨ ਦੇ ਵਿਹੜੇ ਵਿੱਚ ਹੈ ਅਤੇ ਇਸ ਦੇ ਫੁੱਲ, ਪੱਤੇ ਅਤੇ ਟਹਿਣੇ ਸੱਚ ਦੇ ਹਨ।

ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥
ਪ੍ਰਕਾਸ਼ਵਾਨ ਅਤੇ ਸਵੈ-ਹੋਂਦ ਵਾਲੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਨੂਰ ਸਾਰੇ ਰਮਿਆ ਹੋਇਆ ਹੈ ਅਤੇ ਹੋਰ ਅਨੇਕਾਂ ਸੰਸਾਰੀ ਪੁਆੜੇ ਤਿਆਗ ਦੇ।

ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥
ਤੂੰ ਸ੍ਰਵਣ ਕਰ, ਹੇ ਸਿੱਖਿਆ ਦੇ ਚਾਹਵਾਨ, ਨਾਨਕ ਦੁਨੀਆਂ ਦੇ ਝਮੇਲੇ ਛੱਡ ਦੇਣ ਲਈ ਤੈਨੂੰ ਬੇਨਤੀ ਕਰਦਾ ਹੈ।

ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥
ਆਪਣੇ ਚਿੱਤ ਅੰਦਰ ਖਿਆਲ ਕਰ ਲੈ ਕਿ ਇਕ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਤੂੰ ਮੁੜ ਕੇ ਜੰਮਣ ਅਤੇ ਮਰਨ ਵਿੱਚ ਨਹੀਂ ਆਵਨੂੰਗਾ।

ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥
ਕੇਵਲ ਉਹੀ ਗੁਰੂ ਆਖਿਆ ਜਾਂਦਾ ਹੈ, ਉਹੀ ਚੇਲਾ ਤੇ ਉਹੀ ਹਕੀਮ ਜੋ ਬੀਮਾਰ ਦੀ ਬੀਮਾਰੀ ਨੂੰ ਸਮਝਦਾ ਹੈ।

ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥
ਉਸ ਨੂੰ ਕੰਮ ਫਰਜ ਅਤੇ ਰੁਝੇਵੇ ਫਸਾਉਂਦੇ ਨਹੀਂ ਆਪਣੇ ਘਰਬਾਰੀ ਕਾਰਜ ਕਰਦਾ ਹੋਇਆ ਉਹ ਸੁਆਮੀ ਨਾਲ ਜੁੜਿਆ ਰਹਿੰਦਾ ਹੈ।

ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥
ਉਹ ਬਦ-ਫੈਲੀ, ਗੁੱਸੇ, ਹੰਕਾਰ ਲਾਲਚ ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾਂ ਨੂੰ ਛੱਡ ਦਿੰਦਾ ਹੈ।

ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥
ਆਪਣੇ ਚਿੱਤ ਅੰਦਰ ਉਹ ਸੱਚੇ ਅਤੇ ਅਵਿਨਾਸੀ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।

ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥
ਬ੍ਰਹਿਮ-ਗਿਆਤ ਅਤੇ ਬੰਦਗੀ ਸਭ ਬਖਸ਼ੀਸ਼ਾ ਰੱਬ ਵੱਲੋਂ ਉਸ ਨੂੰ ਮਿਲੀਆਂ ਆਖੀਆਂ ਜਾਂਦੀਆਂ ਹਨ। ਸਾਰੇ ਭੂਤਨੇ ਉਸ ਅੱਗੇ ਚਿੱਟੇ ਰੰਗ ਦੇ (ਦੇਵ ਬਿਰਤੀ ਵਾਲੇ) ਹੋ ਜਾਂਦੇ ਹਨ।

ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥
ਉਹ ਸੁਆਮੀ ਦੇ ਕੰਵਲ ਦੇ ਸ਼ਹਿਦ ਦਾ ਸੁਆਦ ਮਾਣਦਾ ਹੈ, ਜਾਗਦਾ ਰਹਿੰਦਾ ਹੈ ਅਤੇ ਸੌਂਦਾ ਨਹੀਂ।

ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥
ਸੁਆਮੀ ਦਾ ਇਹ ਕੰਵਲ ਪਰਮ ਡੂੰਘਾ ਹੈ ਇਸ ਦੇ ਪੱਤੇ ਪਤਾਲ ਹਨ ਅਤੇ ਇਹ ਸਮੂਹ ਸ੍ਰਿਸ਼ਟੀ ਨਾਲ ਜੁੜਿਆ ਹੋਇਆ ਹੈ, ਹੇ ਨਾਨਕ!

ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥
ਗੁਰਾਂ ਦੀ ਸਿੱਖਿਆ ਦੀ ਬਰਕਤ ਦੁਆਰਾ, ਮੈਂ ਮੁੜ ਕੇ ਪੇਟ ਵਿੱਚ ਪ੍ਰਵੇਸ਼ ਨਹੀਂ ਕਰਾਂਗਾ। ਮੈਂ ਜ਼ਹਿਰ ਨੂੰ ਛੱਡ ਕੇ ਨਾਮ ਸੁਧਾਰਸ ਪਾਨ ਕੀਤਾ ਹੈ।

ਗੂਜਰੀ ਮਹਲਾ ੧ ॥
ਗੂਜ਼ਰੀ ਪਹਿਲੀ ਪਾਤਿਸ਼ਾਹੀ।

ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥
ਕਿਹੜੇ ਅਤੇ ਕੌਣ ਕੌਣ ਦਾਤਾਰ ਸਾਹਿਬ ਪਾਸੋਂ ਮੰਗਦੇ ਹਨ, ਉਨ੍ਹਾਂ ਦਾ ਓੜਕ ਅਤੇ ਗਿਣਤੀ ਜਾਣੀ ਨਹੀਂ ਜਾ ਸਕਦੀ।

ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥
ਜਿਸ ਤਰ੍ਹਾਂ ਦੀ ਖਾਹਿਸ਼ ਇਨਸਾਨ ਦੇ ਹਿਰਦੇ ਅੰਦਰ ਹੈ, ਉਸ ਨੂੰ ਹੇ ਬਲਵਾਨ ਸੱਚੇ ਸੁਆਮੀ! ਤੂੰ ਪੂਰਨ ਕਰਦਾ ਹੈ।

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥
ਹੇ ਮਹਾਰਾਜ ਤੇਰੇ ਸੱਚੇ ਨਾਮ ਦਾ ਆਸਰਾ ਹੀ ਮੇਰੀ ਉਪਾਸ਼ਨਾ, ਤਪੱਸਿਆ ਅਤੇ ਇੰਦ੍ਰੀਆਂ ਦੀ ਰੋਕਥਾਮ ਹੈ।

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥
ਹੇ ਸੁਆਮੀ ਵਾਹਿਗੁਰੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਤਾਂ ਜੋ ਮੈਂ ਆਰਾਮ ਪਾ ਲਵਾਂ। ਤੇਰੇ ਖਜਾਨੇ ਸ਼ਰਧਾ ਪ੍ਰੇਮ ਨਾਲ ਲਬਾਲਬ (ਭਰਪੂਰ) ਹਨ। ਠਹਿਰਾਉ।

ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥
ਕਈ ਅਫੁਰ ਤਾੜੀ ਅੰਦਰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਰਹਿੰਦੇ ਹਨ। ਅਤੇ ਕੇਵਲ ਇਕ ਨਾਮ ਦਾ ਹੀ ਚਿੰਤਨ ਕਰਦੇ ਹਨ।

ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥
ਉਸ ਜਗ੍ਹਾ ਵਿੱਚ ਪਾਣੀ, ਧਰਤੀ, ਜਮੀਨ ਅਤੇ ਆਕਾਸ਼ ਨਹੀਂ ਹੁੰਦੇ ਅਤੇ ਕੇਵਲ ਸਿਰਜਣਹਾਰ ਖੁਦ-ਬ-ਖੁਦ ਹੀ ਹੁੰਦਾ ਹੈ।

ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥
ਤਦ ਉਥੇ ਨਾਂ ਧਨ-ਦੌਲਤ ਦੀ ਮਸਤੀ, ਨਾਂ ਬੇਸਮਝੀ ਦੀ ਛਾਂ, ਨਾਂ ਸੂਰਜ ਦੀ ਤੇ ਨਾਂ ਹੀ ਚੰਦ੍ਰਮੇ ਦੀ ਰੋਸ਼ਨੀ ਹੁੰਦੀ ਹੈ।

ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥
ਆਪਣੇ ਹਿਰਦੇ ਦੇ ਅੰਦਰ ਦੀਆਂ ਅੱਖਾਂ ਨਾਲ ਉਹ ਸਾਰਾ ਕੁਛ ਵੇਖਦਾ ਹੈ ਅਤੇ ਆਪਣੀ ਇਕ ਨਜ਼ਰ ਨਾਲ ਹੀ ਉਨ੍ਹਾਂ ਨੂੰ ਤਿੰਨਾਂ ਲੋਕਾਂ (ਸੁਰਗ, ਪਾਤਾਲ ਅਤੇ ਮਾਤ ਲੋਕ) ਦੀ ਗਿਆਤ ਹੋ ਜਾਂਦੀ ਹੈ।

copyright GurbaniShare.com all right reserved. Email