ਬਲਵੰਤਿ ਬਿਆਪਿ ਰਹੀ ਸਭ ਮਹੀ ॥
ਬਲਵਾਨ ਮਾਇਆ ਸਾਰਿਆਂ ਅੰਦਰ ਵਸ ਰਹੀ ਹੈ। ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥ ਉਸ ਦਾ ਭੇਦ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ। ਹੋਰ ਕੋਈ ਇਸ ਨੂੰ ਨਹੀਂ ਜਾਣਦਾ। ਠਹਿਰਾਉ। ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ ਸਦਾ ਹੀ ਜਿੱਤਦੀ ਹੋਈ ਨੇ, ਸਾਰੀਆਂ ਜਗ੍ਹਾ ਜਿੱਤ ਲਈਆਂ ਹਨ ਅਤੇ ਉਹ ਸਾਰੇ ਜਹਾਨ ਨੂੰ ਚਿੰਮੜੀ ਹੋਈ ਹੈ। ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥ ਹੇ ਨਾਨਕ ਆਖ ਕਿ ਉਹ ਸੰਤ ਦੇ ਅਧੀਨ ਹੋ ਜਾਂਦੀ ਹੈ ਅਤੇ ਗੋਲੀ ਬਣ ਕੇ ਉਸ ਦੇ ਪੈਰ ਪਕੜ ਲੈਂਦੀ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥ ਮੈਂ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਦੋਨੋਂ ਹੱਥ ਬੰਨ੍ਹ ਕੇ ਪ੍ਰਾਰਥਨਾ ਕਰਦਾ ਹਾਂ। ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥ ਆਪਣਾ ਹੱਥ ਬੰਨ੍ਹ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਮੂਹ ਪਾਪ ਮੇਟ ਛਡੇ ਹਨ। ਠਾਕੁਰ ਹੋਏ ਆਪਿ ਦਇਆਲ ॥ ਸੁਆਮੀ ਖੁਦ ਮਿਹਰਬਾਨ ਹੋ ਗਿਆ ਹੈ। ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥ ਮੈਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਅਤੇ ਮੈਂ ਪਰਸੰਨਤਾ ਦਾ ਸਰੂਪ ਥੀ ਗਿਆ ਹਾਂ। ਸੁਆਮੀ ਦਾ ਬੱਚਾ ਬਣ ਕੇ ਮੈਂ ਪਾਰ ਉਤਰ ਗਿਆ ਹਾਂ। ਠਹਿਰਾਉ। ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ ਆਪਣੇ ਕੰਤ ਨੂੰ ਭੇਟ ਕੇ, ਪਤਨੀ ਖੁਸ਼ੀ ਦੇ ਗੀਤ ਗਾਉਂਦੀ ਹੈ ਅਤੇ ਆਪਣੇ ਪ੍ਰਭੂ ਦੀ ਪਰਸੰਨਤਾ ਕਰਦੀ ਹੈ। ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ ਹੇ ਨਾਨਕ ਆਖ ਕਿ ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਸਾਰਿਆਂ ਨੂੰ ਬੰਦ-ਖਲਾਸ ਕਰ ਦਿੱਤਾ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ ਅੰਮੜੀ, ਬਾਬਲ, ਭਰਾ, ਪੁੱਤ੍ਰ ਅਤੇ ਸਨਬੰਧੀਆਂ, ਉਨ੍ਹਾਂ ਦੀ ਤਾਕਤ ਥੋੜ੍ਹੀ ਹੈ। ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ ਮੈਂ ਧਨ-ਦੌਲਤ ਦੀਆਂ ਘਣੇਰੀਆਂ ਰੰਗ-ਰਲੀਆਂ ਵੇਖੀਆਂ ਹਨ, ਪ੍ਰੰਤੂ ਕੋਈ ਰਤਾ ਜਿੰਨੀ ਭੀ ਬੰਦੇ ਦੇ ਨਾਲ ਨਹੀਂ ਜਾਂਦੀ। ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ ਮੇਰੇ ਸੁਆਮੀ, ਤੇਰੇ ਬਗੈਰ ਮੇਰਾ ਕੋਈ ਭੀ ਨਹੀਂ ਹੈ। ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥ ਮੈਂ ਨੇਕੀ-ਵਿਹੁਣ ਯਤੀਮ ਹਾਂ। ਮੇਰੇ ਵਿੱਚ ਕੋਈ ਖੂਬੀ ਨਹੀਂ ਅਤੇ ਮੈਂ ਤੇਰਾ ਆਸਰਾ ਲੋੜਦਾ ਹਾਂ। ਠਹਿਰਾਉ। ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ ਮੈਂ ਤੇਰੇ ਪੈਰਾਂ ਉਤੋਂ ਕੁਰਬਾਨ, ਕੁਰਬਾਨ, ਕੁਰਬਾਨ ਹਾਂ। ਐਥੇ ਅਤੇ ਉਥੇ ਕੇਵਲ ਤੇਰੀ ਹੀ ਸੱਤਿਆ ਹੈ। ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥ ਸਤਿਸੰਗਤ ਅੰਦਰ, ਹੇ ਨਾਨਕ, ਮੈਂ ਤੇਰਾ ਦੀਦਾਰ ਪਾ ਲਿਆ ਹੈ ਅਤੇ ਮੇਰੀ ਹੋਰ ਸਾਰਿਆਂ ਦੀ ਮੁਥਾਜੀ ਚੁੱਕੀ ਗਈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥ ਗੁਰੂ ਬੰਦੇ ਨੂੰ ਘਰੋਗੀ ਬੰਧਨਾ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਆਜਾਦ ਕਰਾਉਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ ਪਿਆਰ ਪਾ ਦਿੰਦਾ ਹੈ। ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥ ਧੀਰੇ ਧੀਰੇ ਤੇ ਇਕਰਸ ਵਾਹਿਗੁਰੂ ਦਾ ਜੱਸ ਗਾਇਨ ਕਰ, ਆਦਮੀ ਦੇ ਅੰਦਰ ਗੁਰੂ ਜੀ ਇਹ ਸਿਖਮਤ ਪੱਕੀ ਕਰਦੇ ਹਨ। ਸਾਜਨ ਐਸੋ ਸੰਤੁ ਸਹਾਈ ॥ ਹੇ ਮ੍ਰਿੱਤ! ਐਹੋ ਜੇਹੇ ਸਹਾਇਕ ਸਾਧੂ ਗੁਰਦੇਵ ਜੀ ਹਨ; ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ ਜੀਹਨੂੰ ਮਿਲਣ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ ਤੇ ਬੰਦਾ ਸੁਆਮੀ ਨੂੰ ਕਦਾਚਿਤ ਨਹੀਂ ਭੁੱਲਦਾ। ਠਹਿਰਾਉ। ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥ ਅਨੇਕਾਂ ਕਰਮ ਘਣੇਰਿਆਂ ਤ੍ਰੀਕਿਆਂ ਨਾਲ ਲਗਾਤਾਰ ਕਰ ਕੇ, ਮੈਂ ਇਸ ਨੂੰ ਪਰਮ ਚੰਗਾ ਖਿਆਲ ਕੀਤਾ ਹੈ। ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥ ਕਿ ਸਤਿਸੰਗਤ ਨਾਲ ਜੁੜ ਕੇ ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ ਅਤੇ ਉਸ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥ ਇਕ ਮੁਹਤ ਵਿੱਚ ਸੁਆਮੀ ਅਸਥਾਪਨ ਕਰਦਾ ਹੈ ਤੇ ਢਾਹ ਦਿੰਦਾ ਹੈ। ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥ ਇਕ ਛਿਨ ਅੰਦਰ ਉਹ ਪਾਤਿਸ਼ਾਹ ਨੂੰ ਕੰਗਾਲ ਕਰ ਦਿੰਦਾ ਹੈ ਅਤੇ ਮਸਕੀਨ ਅੰਦਰ ਜਲਵਾ ਭਰ ਦਿੰਦਾ ਹੈ। ਧਿਆਈਐ ਅਪਨੋ ਸਦਾ ਹਰੀ ॥ ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਭਜਨ ਕਰ। ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥ ਆਦਮੀ ਇਸ ਦੁਨੀਆਂ ਦੇ ਬਾਰੇ ਕਿਉਂ ਫਿਕਰ ਅਤੇ ਚਿੰਤਾ ਕਰੇ, ਜਿਸ ਅੰਦਰ ਉਸ ਨੇ ਇਕ ਮੁਹਤ ਲਈ ਠਹਿਰਨਾ ਹੈ। ਠਹਿਰਾਉ। ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ ਤੂੰ ਮੇਰੀ ਓਟ ਹੈ, ਹੇ ਮੈਂਡੇ ਪੂਰਨ ਸਤਿਗੁਰੂ ਜੀ! ਮੇਰੀ ਜਿੰਦੜੀ ਨੇ ਤੇਰੀ ਪਨਾਹ ਲਈ ਹੈ। ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥ ਮੈਂ ਨਾਨਕ, ਬੇਖਬਰ, ਕਮਲਾ ਬੱਚਾਂ ਹਾਂ। ਆਪਣਾ ਹੱਥ ਦੇ ਕੇ ਮੈਨੂੰ ਬਚਾ ਲੈ, ਹੇ ਗੁਰਦੇਵ! ਗੂਜਰੀ ਮਹਲਾ ੫ ॥ ਗੂਜਰੀ ਪੰਜਵੀਂ ਪਾਤਿਸ਼ਾਹੀ। ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ ਤੂੰ ਸਾਰੇ ਜੀਵਾਂ ਦਾ ਦਾਤਾਰ ਸੁਆਮੀ ਹੈ। ਤੂੰ ਮੇਰੇ ਚਿੱਤ ਅੰਦਰ ਨਿਵਾਸ ਕਰ। ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ ਜਿਸ ਦਿਲ ਅੰਦਰ ਤੇਰੇ ਕੰਵਲ ਪੈਰ ਵੱਸੇ ਹੋਏ ਹਨ, ਉਥੇ ਕੋਈ ਸੰਦੇਹ ਅਤੇ ਅਨ੍ਹੇਰਾ ਨਹੀਂ। ਠਾਕੁਰ ਜਾ ਸਿਮਰਾ ਤੂੰ ਤਾਹੀ ॥ ਮੇਰੇ ਸਾਈਂ ਜਿਥੇ ਕਿਤੇ ਮੈਂ ਤੈਨੂੰ ਯਾਦ ਕਰਦਾ ਹਾਂ, ਉਥੇ ਹੀ ਤੈਨੂੰ ਮੈਂ ਪਾਉਂਦਾ ਹਾਂ। ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ ਹੇ ਸਮੂਹ ਦੀ ਪਾਲਣਾ-ਪੋਸਣਾ ਕਰਨ ਵਾਲੇ ਪ੍ਰਭੂ! ਮੇਰੇ ਉਤੇ ਆਪਣੀ ਰਹਿਮਤ ਧਾਰ, ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਰਹਾ। ਠਹਿਰਾਉ। ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ ਹਰ ਸੁਆਸ ਨਾਲ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਸੁਆਮੀ! ਅਤੇ ਕੇਵਲ ਤੇਰੀ ਹੀ ਤਾਂਘ ਰੱਖਦਾ ਹਾਂ। ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥ ਨਾਨਕ, ਮੇਰਾ ਆਸਰਾ ਕੇਵਲ ਸਿਰਜਣਹਾਰ ਹੀ ਹੈ। ਮੈਂ ਹੋਰਸ ਸਾਰੀਆਂ ਪਰਾਈਆਂ ਉਮੈਦਾਂ ਲਾ ਛੱਡੀਆਂ ਹਨ। copyright GurbaniShare.com all right reserved. Email |