Page 361
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥
ਗੁਰਾਂ ਦੇ ਧਰਮ ਅਥਵਾ ਦਰਸ਼ਨ ਦੁਆਰਾ ਮੋਖਸ਼ ਦਾ ਮਾਰਗ ਮਿਲ ਜਾਂਦਾ ਹੈ।

ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥
ਸੱਚਾ ਸੁਆਮੀ ਖੁਦ ਆ ਕੇ ਉਸ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।

ਗੁਰ ਦਰਸਨਿ ਉਧਰੈ ਸੰਸਾਰਾ ॥
ਗੁਰਾਂ ਦੇ ਰਸਤੇ ਦੁਆਰਾ ਜੱਗ ਪਾਰ ਉੱਤਰ ਜਾਂਦਾ ਹੈ,

ਜੇ ਕੋ ਲਾਏ ਭਾਉ ਪਿਆਰਾ ॥
ਜੇਕਰ ਆਦਮੀ ਇਸ ਨੂੰ ਪ੍ਰੇਮ ਤੇ ਪ੍ਰੀਤ ਕਰੇ।

ਭਾਉ ਪਿਆਰਾ ਲਾਏ ਵਿਰਲਾ ਕੋਇ ॥
ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੇ ਪੰਥ ਨੂੰ ਪਰਮ ਪਿਆਰ ਕਰਦਾ ਹੈ।

ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥
ਗੁਰਾਂ ਦੇ ਮਾਰਗ ਦੁਆਰਾ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ।

ਗੁਰ ਕੈ ਦਰਸਨਿ ਮੋਖ ਦੁਆਰੁ ॥
ਗੁਰਾਂ ਦੇ ਮੱਤ ਦੁਆਰਾ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।

ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਨਸਾਨ ਦਾ ਟੱਬਰ ਕਬੀਲਾ ਪਾਰ ਉਤਰ ਜਾਂਦਾ ਹੈ।

ਨਿਗੁਰੇ ਕਉ ਗਤਿ ਕਾਈ ਨਾਹੀ ॥
ਜੋ ਗੁਰੂ-ਹੀਣ ਹੈ, ਉਸ ਲਈ ਕੋਈ ਮੁਕਤੀ ਨਹੀਂ।

ਅਵਗਣਿ ਮੁਠੇ ਚੋਟਾ ਖਾਹੀ ॥੩॥
ਪਾਪ ਦਾ ਗੁਮਰਾਹ ਕੀਤਾ ਹੋਇਆ ਉਹ ਸੱਟਾਂ ਸਹਾਰਦਾ ਹੈ।

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥
ਗੁਰਾਂ ਦੇ ਉਪਦੇਸ਼ ਦੁਆਰਾ ਦੇਹਿ ਆਰਾਮ ਅਤੇ ਠੰਡ ਚੈਨ ਪਰਾਪਤ ਕਰ ਲੈਂਦੀ ਹੈ।

ਗੁਰਮੁਖਿ ਤਾ ਕਉ ਲਗੈ ਨ ਪੀਰ ॥
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਸ ਨੂੰ ਕੋਈ ਪੀੜ ਦੁਖਿਤ ਨਹੀਂ ਕਰਦੀ।

ਜਮਕਾਲੁ ਤਿਸੁ ਨੇੜਿ ਨ ਆਵੈ ॥
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।

ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥
ਨਾਨਕ ਗੁਰੂ-ਸਮਰਪਣ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਸਬਦਿ ਮੁਆ ਵਿਚਹੁ ਆਪੁ ਗਵਾਇ ॥
ਜੋ ਗੁਰਾਂ ਦੀ ਬਾਣੀ ਨਾਲ ਮਰ ਵੰਞਦਾ ਹੈ, ਉਹ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ,

ਸਤਿਗੁਰੁ ਸੇਵੇ ਤਿਲੁ ਨ ਤਮਾਇ ॥
ਅਤੇ ਇਕ ਤਿਲ ਮਾਤ੍ਰ ਦੀ ਮਤਲਬ-ਪ੍ਰਸਤੀ ਦੇ ਬਗੈਰ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ;

ਨਿਰਭਉ ਦਾਤਾ ਸਦਾ ਮਨਿ ਹੋਇ ॥
ਉਸ ਦੇ ਚਿੱਤ ਅੰਦਰ, ਹਮੇਸ਼ਾਂ ਹੀ ਦਾਤਾਰ ਨਿਡੱਰ ਸੁਆਮੀ ਨਿਵਾਸ ਰੱਖਦਾ ਹੈ।

ਸਚੀ ਬਾਣੀ ਪਾਏ ਭਾਗਿ ਕੋਇ ॥੧॥
ਕਿਸੇ ਵਿਰਲੇ ਨਸੀਬਾਂ ਵਾਲੇ ਪੁਰਸ਼ ਨੂੰ ਹੀ ਸੱਚੀ ਗੁਰਬਾਣੀ ਦੀ ਦਾਤ ਮਿਲਦੀ ਹੈ।

ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
ਭਲਾਈਆਂ ਨੂੰ ਇਕੱਤਰ ਕਰ ਤਾਂ ਜੋ ਮੇਰੇ ਅੰਦਰੋਂ ਬੁਰਿਆਈਆਂ ਭੱਜ ਜਾਣ।

ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਪੂਰਨ ਗੁਰਾਂ ਦੀ ਗੁਰਬਾਣੀ ਅੰਦਰ ਲੀਨ ਹੋ ਜਾਵੇਗਾਂ। ਠਹਿਰਾਉ।

ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
ਜੋ ਨੇਕੀਆਂ ਦਾ ਵਣਜਾਰਾ ਹੈ, ਓਹੀ ਨੇਕੀਆਂ ਦੀ ਕਦਰ ਨੂੰ ਜਾਣਦਾ ਹੈ।

ਅੰਮ੍ਰਿਤ ਸਬਦਿ ਨਾਮੁ ਵਖਾਣੈ ॥
ਉਹ ਅੰਮ੍ਰਿਤ ਸਰੂਪ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦਾ ਹੈ।

ਸਾਚੀ ਬਾਣੀ ਸੂਚਾ ਹੋਇ ॥
ਸੱਚੀ ਗੁਰਬਾਣੀ ਰਾਹੀਂ ਬੰਦਾ ਪਵਿੱਤ੍ਰ ਹੋ ਜਾਂਦਾ ਹੈ।

ਗੁਣ ਤੇ ਨਾਮੁ ਪਰਾਪਤਿ ਹੋਇ ॥੨॥
ਨੇਕੀ ਰਾਹੀਂ ਨਾਮ ਪਾਇਆ ਜਾਂਦਾ ਹੈ।

ਗੁਣ ਅਮੋਲਕ ਪਾਏ ਨ ਜਾਹਿ ॥
ਅਣਮੁੱਲੀਆਂ ਖੂਬੀਆਂ ਪਰਾਪਤ ਕੀਤੀਆਂ ਨਹੀਂ ਜਾ ਸਕਦੀਆਂ।

ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
ਪਵਿੱਤ੍ਰ ਆਤਮਾਂ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।

ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥
ਵੱਡੇ ਨਸੀਬਾਂ ਵਾਲੇ ਹਨ ਉਹ, ਜੋ ਨਾਮ ਦਾ ਆਰਾਧਨ ਕਰਦੇ ਹਨ,

ਸਦਾ ਗੁਣਦਾਤਾ ਮੰਨਿ ਵਸਾਇਆ ॥੩॥
ਅਤੇ ਸਦੀਵ ਹੀ ਸ਼੍ਰੇਸ਼ਟ ਤਾਈਆਂ ਬਖਸ਼ਣਹਾਰ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।

ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥
ਜਿਹੜੇ ਨੇਕੀਆਂ ਨੂੰ ਇਕੱਤਰ ਕਰਦੇ ਹਨ, ਉਨ੍ਹਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ।

ਦਰਿ ਸਾਚੈ ਸਾਚੇ ਗੁਣ ਗਾਉ ॥
ਸੱਚੇ ਦਰਵਾਜ਼ੇ ਉੱਤੇ ਮੈਂ ਸਤਿਪੁਰਖ ਦਾ ਜੱਸ ਗਾਉਂਦਾ ਹਾਂ।

ਆਪੇ ਦੇਵੈ ਸਹਜਿ ਸੁਭਾਇ ॥
ਉਹ ਸਾਈਂ ਖੁਦ ਸੁਭਾਵਕ ਹੀ ਦਾਤਾਂ ਬਖਸ਼ਦਾ ਹੈ।

ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥
ਨਾਨਕ, ਸੁਆਮੀ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਸਤਿਗੁਰ ਵਿਚਿ ਵਡੀ ਵਡਿਆਈ ॥
ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ,

ਚਿਰੀ ਵਿਛੁੰਨੇ ਮੇਲਿ ਮਿਲਾਈ ॥
ਕਿਉਂ ਜੋ ਉਹ ਚਿਰੰਕਾਲ ਤੋਂ ਵਿਛੁੜਿਆਂ ਹੋਇਆਂ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।

ਆਪੇ ਮੇਲੇ ਮੇਲਿ ਮਿਲਾਏ ॥
ਆਦਮੀ ਨੂੰ ਸਾਧ ਸੰਗਤ ਨਾਲ ਜੋੜ ਕੇ, ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਆਪਣੀ ਕੀਮਤਿ ਆਪੇ ਪਾਏ ॥੧॥
ਆਪਣਾ ਮੁੱਲ ਸੁਆਮੀ ਆਪ ਹੀ ਜਾਣਦਾ ਹੈ।

ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥
ਕਿਸ ਤਰੀਕੇ ਨਾਲ ਬੰਦਾ ਹਰੀ ਦਾ ਮੁੱਲ ਪਾ ਸਕਦਾ ਹੈ?

ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ, ਕੋਈ ਵਿਰਲਾ ਪੁਰਸ਼ ਹੀ ਬੇਅੰਤ, ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਨੂੰ ਮਿਲਦਾ ਹੈ। ਠਹਿਰਾਉ।

ਗੁਰਮੁਖਿ ਕੀਮਤਿ ਜਾਣੈ ਕੋਇ ॥
ਗੁਰਾਂ ਦੇ ਰਾਹੀਂ, ਬਹੁਤ ਹੀ ਥੋੜੇ ਸਾਈਂ ਦੇ ਮੁੱਲ ਨੂੰ ਜਾਣਦੇ ਹਨ।

ਵਿਰਲੇ ਕਰਮਿ ਪਰਾਪਤਿ ਹੋਇ ॥
ਕੋਈ ਟਾਂਵਾਂ ਟੱਲਾ ਹੀ ਸੁਆਮੀ ਦੀ ਰਹਿਮਤ ਦਾ ਪਾਤਰ ਹੁੰਦਾ ਹੈ।

ਊਚੀ ਬਾਣੀ ਊਚਾ ਹੋਇ ॥
ਸ਼੍ਰੇਸਟ ਗੁਰਬਾਣੀ ਨਾਲ ਆਦਮੀ ਸ਼੍ਰੇਸਟ ਹੋ ਵੰਞਦਾ ਹੈ।

ਗੁਰਮੁਖਿ ਸਬਦਿ ਵਖਾਣੈ ਕੋਇ ॥੨॥
ਗੁਰਾਂ ਦੇ ਰਾਹੀਂ ਬਹੁਤ ਹੀ ਥੋੜ੍ਹੇ ਹਰੀ ਨਾਮ ਦਾ ਉਚਾਰਨ ਕਰਦੇ ਹਨ।

ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥
ਨਾਮ ਦੇ ਬਗੈਰ ਦੇਹਿ ਪੀੜ ਤੇ ਤਸੀਹੇ ਵਿੱਚ ਦੁਖੀ ਹੁੰਦੀ ਹੈ।

ਸਤਿਗੁਰੁ ਭੇਟੇ ਤਾ ਉਤਰੈ ਪੀਰ ॥
ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਪੀੜ ਦੂਰ ਹੋ ਜਾਂਦੀ ਹੈ।

ਬਿਨੁ ਗੁਰ ਭੇਟੇ ਦੁਖੁ ਕਮਾਇ ॥
ਸੱਚੇ ਗੁਰਾਂ ਨੂੰ ਮਿਲਣ ਬਾਝੋਂ ਇਨਸਾਨ ਕਸ਼ਟ ਝੱਲਦਾ ਹੈ।

ਮਨਮੁਖਿ ਬਹੁਤੀ ਮਿਲੈ ਸਜਾਇ ॥੩॥
ਮਨਮੁਖ ਨੂੰ ਸਖ਼ਤ ਸਜ਼ਾ ਮਿਲਦੀ ਹੈ।

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥
ਰੱਬ ਦੇ ਨਾਮ ਦਾ ਅੰਮ੍ਰਿਤ ਪਰਮ ਮਿੱਠਾ ਹੈ।

ਪੀਵਤ ਰਹੈ ਪੀਆਏ ਸੋਇ ॥
ਜਿਸ ਨੂੰ ਉਹ ਸੁਆਮੀ ਪਿਲਾਉਂਦਾ ਹੈ, ਕੇਵਲ ਉਹ ਹੀ ਇਸ ਨੂੰ ਪੀਂਦਾ ਹੈ।

ਗੁਰ ਕਿਰਪਾ ਤੇ ਹਰਿ ਰਸੁ ਪਾਏ ॥
ਗੁਰਾਂ ਦੀ ਦਇਆ ਦੁਆਰਾ ਬੰਦਾ ਵਾਹਿਗੁਰੂ, ਦੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ।

ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਪ੍ਰਾਣੀ ਮੁਕਤੀ ਪਾ ਲੈਂਦਾ ਹੈ!

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥
ਮੇਰਾ ਸੱਚਾ ਮਾਲਕ ਡੂੰਘਾ ਅਤੇ ਅਗਾਧ ਹੈ।

ਸੇਵਤ ਹੀ ਸੁਖੁ ਸਾਂਤਿ ਸਰੀਰ ॥
ਉਸ ਦੀ ਟਹਿਲ ਕਮਾਉਣ ਦੁਆਰਾ ਦੇਹਿ ਨੂੰ ਤੁਰੰਤ ਹੀ ਅਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।

ਸਬਦਿ ਤਰੇ ਜਨ ਸਹਜਿ ਸੁਭਾਇ ॥
ਉਸ ਦੇ ਨਾਮ ਨਾਲ ਰੱਬ ਦੇ ਗੋਲੇ ਸੁਖੈਨ ਹੀ ਪਾਰ ਉਤਰ ਗਏ (ਜਾਂਦੇ) ਹਨ।

ਤਿਨ ਕੈ ਹਮ ਸਦ ਲਾਗਹ ਪਾਇ ॥੧॥
ਮੈਂ ਸਦੀਵ ਹੀ ਉਨ੍ਹਾਂ ਦੇ ਪੈਰਾਂ ਉੱਤੇ ਡਿਗਦਾ ਹਾਂ।

ਜੋ ਮਨਿ ਰਾਤੇ ਹਰਿ ਰੰਗੁ ਲਾਇ ॥
ਜਿਨ੍ਹਾਂ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਅਤੇ ਰੰਗੀਜਿਆਂ ਹੈ,

copyright GurbaniShare.com all right reserved. Email