Page 360
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥
ਜਿਸ ਨੂੰ ਪਵਿੱਤ੍ਰ ਪ੍ਰਭੂ ਦਾ ਸੁਧਾ-ਸਰੂਪ ਨਾਮ ਪਰਾਪਤ ਹੋਇਆ ਹੈ, ਉਸ ਦੀ ਦੇਹਿ ਬ੍ਰਹਿਮ ਗਿਆਨ ਦਾ ਅਨੰਦ ਮਾਣਦੀ ਹੈ। ਠਹਿਰਾਉ।

ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥
ਉਹ ਖ਼ਾਹਿਸ਼ਾਂ ਤੇ ਬਖੇੜੇ ਛੱਡ ਦਿੰਦਾ ਹੈ ਅਤੇ ਸੁਆਮੀ ਦੇ ਸ਼ਹਿਰ (ਆਤਮ-ਮੰਡਲ) ਅੰਦਰ ਧਿਆਨ ਅਵਸਥਾ ਵਿੱਚ ਬੈਠਦਾ ਹੈ।

ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥
ਸਿੰਙੀ ਦੀ ਅਵਾਜ਼ ਤੋਂ ਇਕ ਅਨੰਤ ਤੇ ਸੁੰਦਰ ਲੈ ਉਤਪੰਨ ਹੁੰਦੀ ਹੈ ਜੋ ਰਾਤ ਦਿਨ ਉਸ ਨੂੰ ਰੱਬੀ ਕੀਰਤਨ ਨਾਲ ਪਰੀ ਪੂਰਨ ਰਖਦੀ ਹੈ।

ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥
ਸਿਮਰਨ ਉਸ ਦਾ ਪਿਆਲਾ ਤੇ ਬ੍ਰਹਿਮ-ਵੀਚਾਰ ਉਸ ਦਾ ਸੰਪ੍ਰਦਾਈ ਸੋਟਾ ਹੈ। ਸੁਆਮੀ ਦੀ ਹਜ਼ੂਰੀ ਵਿੱਚ ਵੱਸਣਾ ਉਸ ਦੀ ਸੁਆਹ ਹੈ।

ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥
ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਉਤਕ੍ਰਿਸ਼ਟ ਗੁਰਾਂ ਦਾ ਰਸਤਾ ਮੇਰਾ ਪਵਿੱਤ੍ਰ ਮਜ਼ਹਬ ਹੈ।

ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥
ਸੁਆਮੀ ਦਾ ਨੂਰ ਸਾਰਿਆਂ ਅੰਦਰ ਵੇਖਣਾ, ਮੇਰੀ ਬਾਹਾਂ ਦੀ ਟਿਕਟਿਕੀ (ਬੈਰਾਗਣ) ਹੈ। ਇਸ ਦੇ ਮੁਖਤਲਿਫ ਤੇ ਘਣੇਰੇ ਰੰਗ ਹਨ।

ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥
ਗੁਰੂ ਜੀ ਆਖਦੇ ਹਨ, ਹੇ ਭਰਥਰੀਖ ਯੋਗੀ! ਤੂੰ ਸ੍ਰਵਣ ਕਰ। ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
ਤੂੰ ਬ੍ਰਹਿਮ-ਬੋਧ ਨੂੰ ਆਪਣਾ ਸੀਰਾ ਬਣਾ ਅਤੇ ਸਿਮਰਨ ਨੂੰ ਮਹੂਏ ਦੇ ਫੁੱਲ ਬਣਾ। ਉਨ੍ਹਾਂ ਵਿੱਚ ਚੰਗੇ ਅਮਲਾਂ ਦੀ ਕਮਾਈ ਨੂੰ ਖ਼ਮੀਰ ਉਠਾਉਣ ਵਾਲੇ ਸੱਕ ਵਜੋਂ ਪਾ।

ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥
ਈਮਾਨ ਨੂੰ ਆਪਣੀ ਭੱਠੀ ਤੇ ਪ੍ਰੀਤ ਨੂੰ ਆਪਣਾ ਲੇਪ ਬਣਾ। ਇਸ ਤਰੀਕੇ ਨਾਲ ਮਿੱਠਾ ਅੰਮ੍ਰਿਤ ਕਸ਼ੀਦ ਕੀਤਾ (ਕੱਢਿਆ) ਜਾਂਦਾ ਹੈ।

ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
ਹੇ ਬਜੁਰਗਵਾਰ! ਨਾਮ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਮਨੂਆ ਖੀਵਾ ਹੋ ਜਾਂਦਾ ਹੈ ਅਤੇ ਪ੍ਰਭੂ-ਪ੍ਰੀਤ ਵਿੱਚ ਸੁਖੈਨ ਹੀ ਲੀਨ ਰਹਿੰਦਾ ਹੈ।

ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥
ਵਾਹਿਗੁਰੂ ਦੇ ਪਿਆਰ ਨਾਲ ਬਿਰਤੀ ਜੋੜਣ ਅਤੇ ਬੈਕੁੰਠੀ ਕੀਰਤਨ ਸੁਣਨ ਦੁਆਰਾ, ਰਾਤ ਦਿਨ ਸਫਲ ਹੋ ਜਾਂਦੇ ਹਨ। ਠਹਿਰਾਉ।

ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥
ਇਹ ਸੱਚ ਦਾ ਕਟੋਰਾ, ਪੂਰਨ ਪੁਰਖ, ਸੁਭਾਵਕ ਉਸ ਨੂੰ ਪੀਣ ਲਈ ਦਿੰਦਾ ਹੈ, ਜਿਸ ਉੱਤੇ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥
ਜੋ ਅਮ੍ਰਿਤ ਦਾ ਵਣਜਾਰਾ ਹੈ, ਉਹ ਤੁਛ ਸ਼ਰਾਬ ਨੂੰ ਕਾਹਨੂੰ ਪਿਆਰ ਕਰਦਾ ਹੈ?

ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥
ਗੁਰਾਂ ਦਾ ਕਲਾਮ ਸੁਧਾ-ਰੂਪ ਬਚਨ ਬਿਲਾਸ ਹੈ। ਇਸ ਨੂੰ ਪਾਨ ਕਰਦੇ ਸਾਰ ਬੰਦਾ (ਹਰੀ-ਦਰ) ਕਬੂਲ ਪੈ ਜਾਂਦਾ ਹੈ।

ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥
ਜੋ ਸੁਆਮੀ ਦੇ ਦਰਬਾਰ ਅਤੇ ਦੀਦਾਰ ਦਾ ਪ੍ਰੀਤਵਾਨ ਹੈ, ਉਹ ਮੋਖਸ਼ ਅਤੇ ਸੁਰਗ ਨੂੰ ਕੀ ਕਰੇ?

ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥
ਜੋ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਤਿਆਗੀ ਹੈ ਅਤੇ ਆਪਣਾ ਜੀਵਨ ਜੂਏ ਵਿੱਚ ਨਹੀਂ ਹਾਰਦਾ।

ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥
ਗੁਰੂ ਜੀ ਆਖਦੇ ਹਨ: ਕੰਨ ਕਰ ਹੇ ਪਰਬਰੀ ਜੋਗੀ! ਮੈਂ ਅਮ੍ਰਿਤ ਦੀ ਨਦੀ ਨਾਲ ਮਤਵਾਲਾ ਹੋਇਆ ਹੋਇਆ ਹਾਂ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਖੁਰਾਸਾਨ ਨੂੰ ਫ਼ਤਹ ਕਰਕੇ ਬਾਬਰ ਨੇ ਹਿੰਦੁਸਤਾਨ ਨੂੰ ਭੈ-ਭੀਤ ਕੀਤਾ ਹੈ।

ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਸਿਰਜਣਹਾਰ ਆਪਣੇ ਆਪ ਉੱਤੇ ਇਲਜ਼ਾਮ ਨਹੀਂ ਲੈਂਦਾ ਅਤੇ ਉਸ ਨੇ ਮੁਗਲ ਨੂੰ ਮੌਤ ਦਾ ਫ਼ਰਿਸ਼ਤਾ ਬਣਾ ਕੇ ਘੱਲਿਆ ਹੈ।

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
ਐਨੀ ਕੁੱਟ ਪਈ ਕਿ ਲੋਕੀਂ ਕੁਰਲਾ ਉੱਠੇ। ਕੀ ਤੈਨੂੰ ਹੇ ਵਾਹਿਗੁਰੂ! ਤਰਸ ਨਾਂ ਆਇਆ?

ਕਰਤਾ ਤੂੰ ਸਭਨਾ ਕਾ ਸੋਈ ॥
ਤੂੰ ਹੇ ਰਚਣਹਾਰ! ਸਾਰਿਆਂ ਦਾ ਇੱਕੋ ਜੇਹਾ ਮਾਲਕ ਹੈਂ।

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
ਜੇਕਰ ਇੱਕ ਬਲਵਾਨ ਹੋਰਸ ਬਲਵਾਨ ਨੂੰ ਮਾਰੇ ਤਦ ਚਿੱਤ ਵਿੱਚ ਗੁੱਸਾ-ਗਿਲਾ ਨਹੀਂ ਆਉਂਦਾ। ਠਹਿਰਾਉ।

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਜੇਕਰ ਇੱਕ ਜੋਰਦਾਰ ਸ਼ੇਰ ਚੋਣੇ ਨੂੰ ਪੈ ਜਾਏ ਅਤੇ ਇਸ ਨੂੰ ਮਾਰੇ ਤਦ ਇਸ ਦੇ ਮਾਲਕ ਤੋਂ ਪੁੱਛ ਗਿੱਛ ਹੋਣੀ ਚਾਹੀਦੀ ਹੈ। ਜੇ ਪੁਰਸਾਈ ਨੂੰ ਪੁਰਸ਼ਿਸ਼ (ਫਾਰਸੀ) ਤੋਂ ਮੰਨਿਆ ਜਾਵੇ ਤਾ ਅਰਥ "ਪੁਛ-ਗਿਛ" ਹੀ ਹੋਣਗੇ।

ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥
ਕੁੱਤਿਆਂ ਨੇ ਅਮੋਲਕ ਮੁਲਕ ਨੂੰ ਖਰਾਬ ਕਰ ਸੁਟਿਆ ਹੈ, ਮੋਇਆ ਹੋਇਆਂ ਦੀ ਕੋਈ ਬਾਤ ਨਹੀਂ ਪੁੱਛਦਾ।

ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
ਹੇ ਸੁਆਮੀ! ਤੂੰ ਖੁਦ ਮਿਲਾਉਂਦਾ ਅਤੇ ਖੁਦ ਹੀ ਵਿਛੋੜਦਾ ਹੈਂ। ਤੱਕੋ! ਇਹ ਹੈ ਤੈਡੀਂ ਬਜੁਰਗੀ।

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਜੇਕਰ ਕੋਈ ਜਣਾ ਆਪਣਾ ਉੱਚਾ ਨਾਮ ਰਖਵਾ ਲਵੇ ਅਤੇ ਆਪਣੇ ਚਿੱਤ-ਭਾਉਂਦੇ ਸਾਰੇ ਸੁਆਦ ਮਾਣੇ,

ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਸਾਰੇ ਦਾਣੇ ਚੁਣਕੇ ਚੁਗਦਾ ਹੋਇਆ, ਉਹ ਮਾਲਕ ਦੀ ਨਜ਼ਰ ਵਿੱਚ ਕੇਵਲ ਇਕ ਕਿਰਮ ਹੈ।

ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
ਜੇਕਰ ਪ੍ਰਾਣੀ ਜੀਉਂਦੇ ਜੀ ਹਊਮੇ-ਭਾਵ ਤੋਂ ਮਰਿਆ ਰਹੇ, ਕੇਵਲ ਤਦ ਹੀ ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੁੱਝ ਹਾਸਲ ਕਰਦਾ ਹੈ।

ਰਾਗੁ ਆਸਾ ਘਰੁ ੨ ਮਹਲਾ ੩
ਰਾਗ ਆਸਾ ਤੀਜੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਹਰਿ ਦਰਸਨੁ ਪਾਵੈ ਵਡਭਾਗਿ ॥
ਸਾਈਂ ਦਾ ਦੀਦਾਰ ਭਾਰੇ ਚੰਗੇ ਕਰਮਾਂ ਰਾਹੀਂ ਪਾਇਆ ਜਾਂਦਾ ਹੈ।

ਗੁਰ ਕੈ ਸਬਦਿ ਸਚੈ ਬੈਰਾਗਿ ॥
ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਉਪਰਾਮਤਾ ਪ੍ਰਾਪਤ ਹੁੰਦੀ ਹੈ।

ਖਟੁ ਦਰਸਨੁ ਵਰਤੈ ਵਰਤਾਰਾ ॥
ਹਿੰਦੂਆਂ ਦੇ ਛੇ ਮੱਤ ਪਰਚੱਲਤ ਹਨ,

ਗੁਰ ਕਾ ਦਰਸਨੁ ਅਗਮ ਅਪਾਰਾ ॥੧॥
ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।

copyright GurbaniShare.com all right reserved. Email