ਆਸਾ ਘਰੁ ੩ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ। ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥ ਤੇਰੇ ਕੋਲ ਲੱਖਾਂ ਹੀ ਫ਼ੌਜਾਂ ਹੋਣ ਅਤੇ ਲੱਖਾਂ ਹੀ ਬੈਡਂ ਬਾਜੇ ਤੇ ਭਾਲੇ, ਅਤੇ ਲੱਖਾਂ ਹੀ ਬੰਦੇ ਤੈਨੂੰ ਬੰਦਨਾ ਕਰਨ ਲਈ ਖੜੇ ਹੋ ਜਾਂਦੇ ਹੋਣ। ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥ ਤੇਰਾ ਰਾਜ ਲੱਖਾਂ ਹੀ ਮੀਲਾਂ ਤੱਕ ਫੈਲਿਆਂ ਹੋਇਆ ਹੋਵੇ ਅਤੇ ਲੱਖਾਂ ਹੀ ਇਨਸਾਨ ਖੜੇ ਹੋ ਤੇਰੀ ਇੱਜ਼ਤ ਕਰਦੇ ਹੋਣ। ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥ ਪ੍ਰੰਤੂ, ਜੇਕਰ ਤੇਰੀ ਇੱਜ਼ਤ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਨਹੀਂ ਤਦ, ਇਹ ਸਾਰੇ ਅਡੰਬਰੁ ਨਿਸਫਲ ਹਨ। ਹਰਿ ਕੇ ਨਾਮ ਬਿਨਾ ਜਗੁ ਧੰਧਾ ॥ ਵਾਹਿਗੁਰੂ ਦੇ ਨਾਮ ਦੇ ਬਾਝੋਂ ਸੰਸਾਰ ਇੱਕ ਨਿਰਾਪੂਰਾ ਬਖੇੜਾ (ਖੱਪ ਖਾਨਾ) ਹੀ ਹੈ। ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥ ਭਾਵੇਂ ਮੂਰਖ ਨੂੰ ਕਿੰਨਾਂ ਹੀ ਸਮਝਾਇਆ ਬੁਝਾਇਆ ਕਿਉਂ ਨਾਂ ਜਾਵੇ, ਉਹ ਅੰਨਿ੍ਹਆਂ ਦਾ ਅੰਨ੍ਹਾ ਹੀ ਰਹਿੰਦਾ ਹੈ। ਠਹਿਰਾਉ। ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥ ਆਦਮੀ ਲੱਖਾਂ ਰੁਪਏ ਕਮਾ ਲਵੇ, ਲੱਖਾਂ ਹੀ ਇਕੱਤ੍ਰ ਅਤੇ ਖਰਚ ਕਰ ਲਵੇ, ਅਤੇ ਲੱਖਾਂ ਹੀ ਆਉਣ ਤੇ ਲੱਖਾਂ ਹੀ ਚਲੇ ਜਾਣ, ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥ ਪਰ ਜੇਕਰ ਪ੍ਰਭੂ ਦੇ ਹਿਸਾਬ ਕਿਤਾਬ ਵਿੱਚ ਉਸ ਦੀ ਪੱਤ ਪ੍ਰਤੀਤ ਨਹੀਂ, ਤਦ ਬੰਦੇ ਨੂੰ ਕਿਸੇ ਥਾਂ ਵੀ ਢੋਈ ਨਹੀਂ ਮਿਲੂਗੀ? ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥ ਲੱਖਾਂ ਹੀ ਸ਼ਾਸਤਰ ਪ੍ਰਾਣੀ ਨੂੰ ਪੜ੍ਹਾਏ ਜਾਣ ਅਤੇ ਲੱਖਾਂ ਹੀ ਬ੍ਰਹਿਮਣ ਉਸ ਨੂੰ ਪੁਰਾਣ ਵਾਚ ਕੇ ਸੁਣਾਉਣ। ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥ ਜੇਕਰ ਉਸ ਦੀ ਇੱਜ਼ਤ ਪ੍ਰਭੂ ਦੇ ਲੇਖੇ ਪੱਤੇ ਵਿੱਚ ਨਹੀਂ ਤਦ ਇਹ ਸਾਰਾ ਕੁਛ ਕਬੂਲ ਨਹੀਂ ਪੈਂਦਾ। ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥ ਸਤਿਨਾਮ ਮਿਹਰਬਾਨ ਸਿਰਜਣਹਾਰ ਦੇ ਨਾਮ ਤੋਂ ਇੱਜ਼ਤ ਆਬਰੂ ਪਰਾਪਤ ਹੁੰਦੀ ਹੈ। ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥ ਦਿਨ ਰਾਤ, ਜੇਕਰ ਬੰਦੇ ਦੇ ਦਿਲ ਅੰਦਰ ਨਾਮ ਟਿਕ ਜਾਵੇ ਹੇ ਨਾਨਕ! ਤਾਂ ਉਹ ਵਾਹਿਗੁਰੂ ਦੀ ਦਇਆ ਦੁਆਰਾ ਪਾਰ ਉੱਤਰ ਜਾਵੇਗਾ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਕੇਵਲ ਨਾਮ ਹੀ ਮੇਰਾ ਚਿਰਾਗ ਹੈ ਅਤੇ ਦੁੱਖ ਰੂਪੀ ਤੇਲ ਮੈਂ ਉਸ ਵਿੱਚ ਪਾਇਆ ਹੈ। ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥ ਨਾਮ ਦੇ ਚਰਾਗ ਦੀ ਰੋਸ਼ਨੀ ਨੇ ਦੁੱਖ ਦੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ ਹਾਂ। ਲੋਕਾ ਮਤ ਕੋ ਫਕੜਿ ਪਾਇ ॥ ਹੇ ਲੋਕੋ! ਤੁਸੀਂ ਮੇਰਾ ਮਖੌਲ ਨਾਂ ਉਡਾਉ! ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥ ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ। ਠਹਿਰਾਉ। ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਪ੍ਰਭੂ ਹੀ ਮੇਰੇ ਜਵਾਂ ਦੇ ਪਿੰਨ ਤੇ ਪੱਤਿਆਂ ਦੀਆਂ ਪਲੇਟਾਂ ਹੈ। ਸਿਰਜਣਹਾਰ ਦਾ ਸੱਚਾ ਨਾਮ ਮੇਰੇ ਮਿਰਤਕ ਸੰਸਕਾਰ ਹਨ। ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥ ਏਥੇ ਤੇ ਉਥੇ, ਭੂਤ ਅਤੇ ਭਵਿਖਤ ਵਿੱਚ ਇਹ ਹੀ ਮੈਡਾਂ ਆਸਰਾ ਹੈ। ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ ਤੇਰੀ ਕੀਰਤੀ ਮੇਰੀ ਗੰਗਾ ਅਤੇ ਕਾਂਸ਼ੀ ਹੈ ਅਤੇ ਮੇਰੀ ਵਿਆਪਕ ਰੂਹ ਉੰਥੇ ਇਸ਼ਨਾਨ ਕਰਦੀ ਹੈ। ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥ ਜੇਕਰ ਦਿਹੁ ਰੈਣ ਮੇਰੀ ਪ੍ਰੀਤ ਤੇਰੇ ਨਾਲ ਲੱਗੀ ਰਹੇ, ਤਦ ਉਹ ਸੱਚਾ ਇਸ਼ਨਾਨ ਬਣ ਜਾਂਦਾ ਹੈ। ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥ ਕਈ ਜਵਾਂ ਦੇ ਪਿੰਨ ਵੱਡੇ ਵਡੇਰਿਆਂ ਤੇ ਹੋਰਸ ਦੇਵਤਿਆਂ ਨੂੰ ਦਿੱਤੇ ਜਾਂਦੇ ਹਨ। ਪ੍ਰੰਤੂ ਪੰਡਤ ਹੀ ਉਨ੍ਹਾਂ ਨੂੰ ਗੁਨ੍ਹ ਕੇ ਖਾ ਜਾਂਦਾ ਹੈ। ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥ ਨਾਨਕ, ਪ੍ਰਭੂ ਦੀ ਦਾਤ ਰੂਪੀ ਚਾਉਲਾਂ ਦੇ ਪਿੰਨ ਕਦਾਚਿਤ ਮੁਕਦੇ ਹੀ ਨਹੀਂ। ਆਸਾ ਘਰੁ ੪ ਮਹਲਾ ੧ ਆਸਾ ਪਹਿਲੀ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥ ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤਿਆਂ ਨੇ ਤਕਲੀਫ ਤੇ ਭੁਖ ਸਹਾਰੀ ਅਤੇ ਧਰਮ ਅਸਥਾਨਾਂ ਦੇ ਚੱਕਰ ਕੱਟੇ। ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥ ਯੋਗੀ ਅਤੇ ਪ੍ਰਹੇਜਗਾਰ ਨਿਯਮ-ਬੱਧ ਰਹਿੰਦੇ ਹਨ। ਹੋਰ ਗੇਰੂ ਰੰਗੇ ਬਸਤ੍ਰ ਪਹਿਨ ਕੇ ਸਾਧੂ ਹੋ ਗਏ ਹਨ। ਤਉ ਕਾਰਣਿ ਸਾਹਿਬਾ ਰੰਗਿ ਰਤੇ ॥ ਤੇਰੀ ਖਾਤਰ, ਹੇ ਸਾਈਂ! ਉਹ ਪਿਆਰ ਨਾਲ ਰੰਗੀਜੇ ਹਨ। ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥ ਘਣੇਰੇ ਹਨ ਤੇਰੇ ਨਾਮ ਅਤੇ ਬੇਅੰਤ ਹਨ ਤੈਡੇ ਸਰੂਪ। ਕਿੰਨੀਆਂ ਹਨ ਤੇਰੀਆਂ ਸ਼੍ਰੇਸ਼ਟਤਾਈਆਂ, ਕਿਹਾ ਨਹੀਂ ਜਾ ਸਕਦਾ। ਠਹਿਰਾਉ। ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥ ਘਰ ਬਾਰ, ਮੰਦਰ, ਹਾਥੀ, ਘੋੜੇ ਅਤੇ ਆਪਣਾ ਵਤਨ ਤਿਆਗ ਕੇ, ਬੰਦੇ ਤੇਰੀ ਖੋਜ ਭਾਲ ਅੰਦਰ ਪ੍ਰਦੇਸੀ ਚਲੇ ਗਏ ਹਨ। ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥ ਧਾਰਮਕ ਆਗੂ, ਅਵਤਾਰ ਰਹਿਨੁਮਾ ਅਤੇ ਸਿਦਕ-ਵਾਨ ਮਾਇਆ ਨੂੰ ਤਿਆਗ ਕੇ ਕਬੂਲ ਪੈ ਗਏ ਹਨ। ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥ ਸੁਆਦ, ਆਰਾਮ, ਖੁਸ਼ੀ ਅਤੇ ਨਿਆਮਤਾਂ ਤਿਆਗ ਕੇ ਕਈਆਂ ਨੇ ਕੱਪੜੇ ਉਤਾਰ ਕੇ ਖੱਲਾਂ ਪਾ ਲਈਆਂ ਹਨ। ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥ ਤੇਰੇ ਨਾਮ ਨਾਲ ਰੰਗੀਜੇ ਹੋਏ ਕਸ਼ਟ-ਪੀੜਤ ਅਤੇ ਗਮਾਂ-ਮਾਰੇ ਪ੍ਰਾਣੀ ਤੇਰੇ ਦਰਵਾਜ਼ੇ ਦੇ ਭਿਖਾਰੀ ਬਣ ਗਏ ਹਨ। ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ ॥ ਤੈਨੂੰ ਢੂੰਢਣ ਲਈ ਕਈ ਚਮੜਾ ਪਾਉਣ ਵਾਲੇ, ਠੂਠੇ ਵਿੱਚ ਭਿਖਿਆ ਮੰਗਣ ਵਾਲੇ, ਕਾਠ ਦਾ ਡੰਡਾ-ਧਾਰੀ ਅਤੇ ਮ੍ਰਿਗ ਛਾਲਾ ਪਹਿਨਣ ਵਾਲੇ ਹੋ ਜਾਂਦੇ ਹਨ। ਹੋਰ ਬੋਦੀ, ਜਨੇਊ ਅਤੇ ਤੋੜ ਦੀ ਚਾਦਰ ਧਾਰਨ ਕਰਦੇ ਹਨ। ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥ ਤੂੰ ਸੁਆਮੀ ਹੈ, ਮੈਂ ਤੇਰਾ ਬਹੁਰੂਪੀਆਂ ਹਾਂ। ਨਾਨਕ ਬੇਨਤੀ ਕਰਦਾ ਹੈ, ਮੇਰਾ ਵਰਣ ਕੀ ਹੋ ਸਕਦਾ? ਆਸਾ ਘਰੁ ੫ ਮਹਲਾ ੧ ਆਸਾ ਪਹਿਲੀ ਪਾਤਸ਼ਾਹੀ। copyright GurbaniShare.com all right reserved. Email |