ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥
ਜੋ ਸਾਰੀਆਂ ਦੇਹਾਂ ਅੰਦਰ ਰਮਿਆ ਹੋਇਆ ਤੇ ਬਹੁਤ ਹੀ ਡੂੰਘਾ ਹੈ। ਠਹਿਰਾਉ। ਅਨਤ ਤਰੰਗ ਭਗਤਿ ਹਰਿ ਰੰਗਾ ॥ ਵਾਹਿਗੁਰੂ ਦੀ ਸੇਵਾ ਪ੍ਰੀਤ ਅੰਦਰ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ। ਅਨਦਿਨੁ ਸੂਚੇ ਹਰਿ ਗੁਣ ਸੰਗਾ ॥ ਜਿਸ ਨੂੰ ਵਾਹਿਗੁਰੂ ਦੀ ਸਿਫ਼ਤ ਸਾਲਾਹ ਦੀ ਸੰਗਤ ਪ੍ਰਾਪਤ ਹੈ, ਉਹ ਹਮੇਸ਼ਾਂ ਹੀ ਪਵਿੱਤ੍ਰ ਹੈ। ਮਿਥਿਆ ਜਨਮੁ ਸਾਕਤ ਸੰਸਾਰਾ ॥ ਇਸ ਜਹਾਨ ਅੰਦਰ ਮਾਇਆ ਦੇ ਉਪਾਸ਼ਕ ਦਾ ਜੰਮਣਾ ਬੇਫ਼ਾਇਦਾ ਹੈ। ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥ ਸਾਹਿਬ ਦੀ ਸੇਵਾ ਦੇ ਸਮਰਪਣ ਹੋਇਆ ਹੋਇਆ ਬੰਦਾ ਨਿਰਲੇਪ ਰਹਿੰਦਾ ਹੈ। ਸੂਚੀ ਕਾਇਆ ਹਰਿ ਗੁਣ ਗਾਇਆ ॥ ਪਵਿੱਤ੍ਰ ਹੈ ਉਹ ਦੇਹ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਆਤਮੁ ਚੀਨਿ ਰਹੈ ਲਿਵ ਲਾਇਆ ॥ ਆਪਣੇ ਚਿੱਤ ਅੰਦਰ ਵਾਹਿਗੁਰੂ ਨੂੰ ਚੇਤੇ ਕਰ ਕੇ, ਇਹ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦੀ ਹੈ। ਆਦਿ ਅਪਾਰੁ ਅਪਰੰਪਰੁ ਹੀਰਾ ॥ ਸਾਹਿਬ ਸਾਰਿਆਂ ਦਾ ਆਰੰਭ, ਬੇਅੰਤ, ਦੁਰੇਡਿਆਂ ਦਾ ਪਰਮ ਦੁਰੇਡਾ ਅਤੇ ਅਮੋਲਕ ਹੈ। ਲਾਲਿ ਰਤਾ ਮੇਰਾ ਮਨੁ ਧੀਰਾ ॥੩॥ ਉਸ ਪ੍ਰੀਤਮ ਨਾਲ ਮੇਰਾ ਚਿੱਤ ਰੰਗੀਜਿਆ ਤੇ ਸੰਤੁਸ਼ਟ ਹੋਇਆ ਹੋਇਆ ਹੈ। ਕਥਨੀ ਕਹਹਿ ਕਹਹਿ ਸੇ ਮੂਏ ॥ ਜੋ ਕੇਵਲ ਜਬਾਨੀ ਕਹਾਣੀਆਂ ਕਹਿੰਦੇ ਤੇ ਆਖਦੇ ਹਨ, ਉਹ ਅਸਲ ਵਿੱਚ ਮਰੇ ਹੋਏ ਹਨ। ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥ ਉਹ ਸੁਆਮੀ ਦੁਰੇਡੇ ਨਹੀਂ। ਤੂੰ ਹੇ ਸੁਆਮੀ, ਐਨ ਨੇੜੇ ਹੀ ਹੈਂ। ਸਭੁ ਜਗੁ ਦੇਖਿਆ ਮਾਇਆ ਛਾਇਆ ॥ ਮੈਂ ਸਾਰੇ ਜਹਾਨ ਨੂੰ ਮੋਹਨੀ ਮਾਇਆ ਨਾਲ ਲਪੇਟਿਆ ਹੋਇਆ ਵੇਖਿਆ ਹੈ। ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥ ਨਾਨਕ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ। ਆਸਾ ਮਹਲਾ ੧ ਤਿਤੁਕਾ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਕੋਈ ਭੀਖਕੁ ਭੀਖਿਆ ਖਾਇ ॥ ਕੋਈ ਮੰਗਤਾ ਹੈ, ਜੋ ਮੰਗ ਪਿੰਨ ਕੇ ਖਾਂਦਾ ਹੈ, ਕੋਈ ਰਾਜਾ ਰਹਿਆ ਸਮਾਇ ॥ ਅਤੇ ਕੋਈ ਪਾਤਸ਼ਾਹ, ਜੋ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ। ਕਿਸ ਹੀ ਮਾਨੁ ਕਿਸੈ ਅਪਮਾਨੁ ॥ ਕਿਸੇ ਨੂੰ ਇੱਜ਼ਤ ਮਿਲਦੀ ਹੈ, ਕਿਸੇ ਨੂੰ ਬੇਇੱਜ਼ਤੀ। ਢਾਹਿ ਉਸਾਰੇ ਧਰੇ ਧਿਆਨੁ ॥ ਸੁਆਮੀ ਨਾਸ ਕਰਦਾ ਹੈ, ਰਚਦਾ ਹੈ ਅਤੇ ਸਾਰਿਆਂ ਨੂੰ ਆਪਣੇ ਖਿਆਲ ਵਿੱਚ ਰੱਖਦਾ ਹੈ। ਤੁਝ ਤੇ ਵਡਾ ਨਾਹੀ ਕੋਇ ॥ ਤੇਰੇ ਨਾਲੋਂ ਵਿਸ਼ਾਲ ਕੋਈ ਨਹੀਂ ਹੇ ਪ੍ਰਭੂ! ਕਿਸੁ ਵੇਖਾਲੀ ਚੰਗਾ ਹੋਇ ॥੧॥ ਮੈਂ ਕਿਸ ਨੂੰ ਤੇਰੇ ਮੂਹਰੇ ਪੇਸ਼ ਕਰਾਂ, ਜੋ ਮੇਰੇ ਨਾਲੋਂ ਅੱਛਾ ਹੈ? ਮੈ ਤਾਂ ਨਾਮੁ ਤੇਰਾ ਆਧਾਰੁ ॥ ਮੇਰਾ ਆਸਰਾ ਕੇਵਲ ਤੇਰਾ ਨਾਮ ਹੀ ਹੈ। ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥ ਤੂੰ ਦਾਨ ਦੇਣਹਾਰ, ਕਾਰਜ ਸਾਧਣ ਵਾਲਾ ਅਤੇ ਸਿਰਜਣਹਾਰ ਹੈਂ। ਠਹਿਰਾਉ। ਵਾਟ ਨ ਪਾਵਉ ਵੀਗਾ ਜਾਉ ॥ ਮੈਂ ਤੇਰੇ ਰਸਤੇ ਨਹੀਂ ਟੁਰਦਾ ਅਤੇ ਟੇਢੇ ਰਾਹੇ ਜਾਂਦਾ ਹਾਂ। ਦਰਗਹ ਬੈਸਣ ਨਾਹੀ ਥਾਉ ॥ ਰੱਬ ਦੇ ਦਰਬਾਰ ਅੰਦਰ ਮੈਨੂੰ ਬਹਿਣ ਲਈ ਕੋਈ ਥਾਂ ਨਹੀਂ ਮਿਲਦੀ। ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥ ਮੈਂ ਮਾਨਸਕ ਤੌਰ ਤੇ ਅੰਨ੍ਹਾ ਹਾਂ ਅਤੇ ਮੋਹਨੀ ਦਾ ਨਰੜਿਆ ਹੋਇਆ ਹਾਂ, ਖੀਨ ਖਰਾਬੁ ਹੋਵੈ ਨਿਤ ਕੰਧੁ ॥ ਅਤੇ ਮੇਰੀ ਦੇਹਿ ਦੀ ਦੀਵਾਰ ਸਦਾ ਹੀ ਨਾਸ ਤੇ ਕਮਜ਼ੋਰ ਹੋ ਰਹੀ ਹੈ। ਖਾਣ ਜੀਵਣ ਕੀ ਬਹੁਤੀ ਆਸ ॥ ਤੂੰ ਖਾਣ ਅਤੇ ਵਧੇਰਾ ਜੀਉਣ ਦੀ ਭਾਰੀ ਉਮੈਦ ਬੰਨ੍ਹੀ ਹੋਈ ਹੈ, ਲੇਖੈ ਤੇਰੈ ਸਾਸ ਗਿਰਾਸ ॥੨॥ ਪਰ ਤੂੰ ਜਾਣਦਾ ਨਹੀਂ ਕਿ ਤੇਰੇ ਸਾਹ ਅਤੇ ਬੁਰਕੀਆਂ ਅਗੇ ਗਿਣੀਆਂ ਹੋਈਆਂ ਹਨ। ਅਹਿਨਿਸਿ ਅੰਧੁਲੇ ਦੀਪਕੁ ਦੇਇ ॥ ਹੇ ਸੁਆਮੀ! ਮੁਨਾਖੇ ਮਨੁੱਖ ਨੂੰ ਸਦਾ ਹੀ ਚਾਨਣ ਬਖ਼ਸ਼, ਭਉਜਲ ਡੂਬਤ ਚਿੰਤ ਕਰੇਇ ॥ ਅਤੇ ਉਸ ਦਾ ਫ਼ਿਕਰ ਕਰ ਜੋ ਭਿਆਨਕ ਸੰਸਾਰ-ਸਮੁੰਦਰ ਅੰਦਰ ਡੁੱਬ ਰਿਹਾ ਹੈ। ਕਹਹਿ ਸੁਣਹਿ ਜੋ ਮਾਨਹਿ ਨਾਉ ॥ ਜੋ ਨਾਮ ਦਾ ਉਚਾਰਣ ਸ੍ਰਵਣ ਅਤੇ ਮੰਨਣ ਕਰਦੇ ਹਨ, ਹਉ ਬਲਿਹਾਰੈ ਤਾ ਕੈ ਜਾਉ ॥ ਮੈਂ ਉਨ੍ਹਾਂ ਉੱਤੋ ਕੁਰਬਾਨ ਜਾਂਦਾ ਹਾਂ। ਨਾਨਕੁ ਏਕ ਕਹੈ ਅਰਦਾਸਿ ॥ ਨਾਨਕ ਇਕ ਬੇਨਤੀ ਕਰਦਾ ਹੈ, ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ ਕਿ ਉਸ ਦੀ ਆਤਮਾ ਅਤੇ ਦੇਹਿ ਸਾਰੇ ਤੇਰੇ ਹਵਾਲੇ ਹਨ, ਹੇ ਸੁਆਮੀ! ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥ ਜੇ ਦੇਵੇ ਤਾਂ ਮੈਂ ਤੇਰੇ ਨਾਮ ਦਾ ਜਾਪ ਕਰਾਂਗਾ। ਦਰਗਹ ਬੈਸਣ ਹੋਵੈ ਥਾਉ ॥ ਇਸ ਤਰ੍ਹਾਂ ਮੈਂ ਰੱਬ ਦੇ ਦਰਬਾਰ ਅੰਦਰ ਬਹਿਣ ਨੂੰ ਥਾਂ ਪਾ ਲਵਾਂਗਾ। ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥ ਜਦ ਤੈਨੂੰ ਚੰਗਾ ਲਗਦਾ ਹੈ, ਤਦ, ਮੰਦੀ ਅਕਲ ਦੂਰ ਹੋ ਜਾਂਦੀ ਹੈ, ਗਿਆਨ ਰਤਨੁ ਮਨਿ ਵਸੈ ਆਇ ॥ ਅਤੇ ਬ੍ਰਹਿਮ ਵੀਚਾਰ ਦਾ ਹੀਰਾ ਆ ਕੇ ਚਿੱਤ ਅੰਦਰ ਟਿੱਕ ਜਾਂਦਾ ਹੈ। ਨਦਰਿ ਕਰੇ ਤਾ ਸਤਿਗੁਰੁ ਮਿਲੈ ॥ ਜੇਕਰ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰੇ, ਤਦ ਆਦਮੀ ਸਚੇ ਗੁਰਾਂ ਨੂੰ ਮਿਲ ਪੈਦਾ ਹੈ, ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥ ਅਤੇ ਭਿਆਨਕ ਸੰਸਾਰ ਸੁੰਮਦਰ ਤੋਂ ਪਾਰ ਹੋ ਜਾਂਦਾ ਹੈ, ਨਾਨਕ ਪ੍ਰਾਰਥਨਾ ਕਰਦਾ ਹੈ। ਆਸਾ ਮਹਲਾ ੧ ਪੰਚਪਦੇ ॥ ਰਾਗ ਆਸਾ ਪਹਿਲੀ ਪਾਤਸ਼ਾਹੀ ਪੰਚਪਦੇ। ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥ ਦੁਧ ਤੋਂ ਬਿਨਾਂ ਗਾਂ, ਪਰਾਂ ਤੋਂ ਬਗੈਰ ਪਰਿੰਦਾ ਅਤੇ ਪਾਣੀ ਤੋਂ ਬਗੈਰ ਬਨਾਸਪਤੀ ਕਿਸੇ ਕੰਮ ਨਹੀਂ। ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੧॥ ਪਰਣਾਮ ਦੇ ਬਾਝੋਂ ਪਾਤਸ਼ਾਹ ਕੀ ਹੈ? ਏਸੇ ਤਰ੍ਹਾਂ ਤੇਰੇ ਨਾਮ ਦੇ ਬਾਝੋਂ ਆਤਮਾ ਦੀ ਕੋਠੜੀ ਅਨ੍ਹੇਰ ਘੁੱਪ ਹੈ। ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥ ਮੈਂ ਤੈਨੂੰ ਕਿਉਂ ਭੁਲਾਵਾਂ, ਜਿਸ ਦੇ ਬਾਝੋਂ ਮੈਨੂੰ ਬਹੁਤ ਤਕਲੀਫ ਹੁੰਦੀ ਹੈ? ਦੁਖੁ ਲਾਗੈ ਤੂੰ ਵਿਸਰੁ ਨਾਹੀ ॥੧॥ ਰਹਾਉ ॥ ਮੇਰੇ ਸੁਆਮੀ, ਮੈਨੂੰ ਨਾਂ ਵਿਸਾਰ, ਕਿਉਂ ਜੋ ਮੈਨੂੰ ਕਸ਼ਟ ਹੁੰਦਾ ਹੈ। ਠਹਿਰਾਉ। ਅਖੀ ਅੰਧੁ ਜੀਭ ਰਸੁ ਨਾਹੀ ਕੰਨੀ ਪਵਣੁ ਨ ਵਾਜੈ ॥ ਆਦਮੀ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ, ਜੀਭ ਦਾ ਸੁਆਦ ਮਾਰਿਆ ਜਾਂਦਾ ਹੈ ਅਤੇ ਉਸ ਦੇ ਕੰਨ ਅਵਾਜ਼ ਨਹੀਂ ਸੁਣਦੇ। ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥੨॥ ਕਿਸੇ ਦੇ ਅੱਗੋਂ ਆਸਰਾ ਦਿੱਤਿਆਂ ਹੋਇਆਂ ਹੀ, ਉਹ ਪੈਰਾਂ ਨਾਲ ਤੁਰਦਾ ਹੈ। ਬਗੈਰ ਟਹਿਲ ਸੇਵਾ ਦੇ ਐਹੋ ਜੇਹੇ ਮੇਵੇ ਜੀਵਨ ਨੂੰ ਲਗਦੇ ਹਨ। ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥ ਆਪਣੇ ਦਿਲ ਦੀ ਬਗੀਚੀ ਦੇ ਖੁੱਲ੍ਹੇ ਖੇਤ ਅੰਦਰ ਗੁਰਾਂ ਦੇ ਉਪਦੇਸ਼ ਦਾ ਪੌਦਾ ਪੈਦਾ ਕਰ, ਅਤੇ ਇਸ ਨੂੰ ਪ੍ਰਭੂ ਦੀ ਪ੍ਰੀਤ ਨਾਲ ਸਿੰਝ। ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥੩॥ ਸਾਰਿਆਂ ਪੌਦਿਆਂ ਨੂੰ ਇਕ ਹਰੀ ਦੇ ਨਾਮ ਦਾ ਮੇਵਾ ਲੱਗਿਆ ਹੈ। ਉਸ ਦੀ ਮਿਹਰ ਬਿਨਾਂ ਬੰਦਾ ਇਸ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ? ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥ ਜਿੰਨੇ ਪ੍ਰਾਨ ਧਾਰੀ ਹਨ, ਉੱਨੇ ਹੀ ਤੈਡੇਂ ਹਨ। ਘਾਲ ਸੇਵਾ ਦੇ ਬਾਝੋਂ ਕਿਸੇ ਨੂੰ ਭੀ ਫਲ ਪਰਾਪਤ ਨਹੀਂ ਹੁੰਦਾ। ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥੪॥ ਗ਼ਮੀ ਤੇ ਖੁਸ਼ੀ ਤੇਰੀ ਰਜਾ ਅੰਦਰ ਹੈ। ਨਾਮ ਦੇ ਬਾਝੋਂ ਜੀਵਨ ਨਹੀਂ ਰਹਿੰਦਾ। ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥ ਗੁਰਾਂ ਦੇ ਉਪਦੇਸ਼ ਦੁਆਰਾ ਮਰਨਾ ਹੀ ਸੱਚੀ ਜ਼ਿੰਦਗੀ ਹੈ। ਦੂਜੀ ਤਰ੍ਹਾਂ ਕਿਸ ਤਰ੍ਹਾਂ ਜੀਵਨ ਹੋ ਸਕਦਾ ਹੈ? ਜੇਕਰ ਮੈਂ ਹੋਰਸ ਤਰ੍ਹਾਂ ਜੀਉਂਦਾ ਹਾਂ, ਤਦ ਉਹ ਦਰੁਸਤ ਤਰੀਕਾ ਨਹੀਂ। ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥ ਗੁਰੂ ਜੀ ਆਖਦੇ ਹਨ, ਪ੍ਰਭੂ ਪ੍ਰਾਣਧਾਰੀਆਂ ਨੂੰ ਜੀਵਨ ਬਖ਼ਸ਼ਦਾ ਹੈ। ਹੇ ਪ੍ਰਭੂ, ਮੈਨੂੰ ਉਥੇ ਰੱਖ, ਜਿਥੇ ਤੈਨੂੰ ਚੰਗਾ ਲੱਗਦਾ ਹੈ। copyright GurbaniShare.com all right reserved. Email |