Page 353
ਕਰਮ ਧਰਮ ਸਚੁ ਸਾਚਾ ਨਾਉ ॥
ਜਿਨ੍ਹਾਂ ਦੇ ਅਮਲ ਅਤੇ ਇਸ਼ਟ, ਸਤਿ ਪੁਰਖ ਦਾ ਸੱਚਾ ਨਾਮ ਹੀ ਹੈ,

ਤਾ ਕੈ ਸਦ ਬਲਿਹਾਰੈ ਜਾਉ ॥
ਉਨ੍ਹਾਂ ਉੱਤੇ ਹਮੇਸ਼ਾਂ ਮੈਂ ਘੋਲੀ ਜਾਂਦਾ ਹਾਂ।

ਜੋ ਹਰਿ ਰਾਤੇ ਸੇ ਜਨ ਪਰਵਾਣੁ ॥
ਕਬੂਲ ਪੈ ਜਾਂਦੇ ਹਨ ਉਹ ਪੁਰਸ਼, ਜਿਹੜੇ ਪ੍ਰਭੂ ਨਾਲ ਰੰਗੀਜੇ ਹਨ।

ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥
ਉਨ੍ਹਾਂ ਦੇ ਮੇਲ ਮਿਲਾਪ ਅੰਦਰ ਮਹਾਨ ਪਦਾਰਥ ਪ੍ਰਾਪਤ ਹੁੰਦਾ ਹੈ।

ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥
ਮੁਬਾਰਕ ਹੈ ਉਹ ਪਤਨੀ, ਜਿਸ ਨੂੰ ਵਾਹਿਗੁਰੂ ਆਪਣੇ ਪਤੀ ਵਜੋਂ ਪ੍ਰਾਪਤ ਹੋਇਆ ਹੈ।

ਹਰਿ ਸਿਉ ਰਾਤੀ ਸਬਦੁ ਵੀਚਾਰੀ ॥
ਉਹ ਨਾਮ ਦਾ ਸਿਮਰਨ ਕਰਦੀ ਹੈ ਅਤੇ ਰੱਬ ਨਾਲ ਅਭੇਦ ਹੋ ਜਾਂਦੀ ਹੈ।

ਆਪਿ ਤਰੈ ਸੰਗਤਿ ਕੁਲ ਤਾਰੈ ॥
ਉਹ ਨਾਂ ਕੇਵਲ ਖੁਦ ਹੀ ਬੰਦ-ਖਲਾਸ ਹੈ, ਸਗੋਂ ਸਭਨਾਂ ਨੂੰ ਭੀ ਪਾਰ ਕਰ ਦਿੰਦੀ ਹੈ।

ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥
ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ ਅਤੇ ਅਸਲੀਅਤ ਨੂੰ ਸੋਚਦੀ ਸਮਝਦੀ ਹੈ।

ਹਮਰੀ ਜਾਤਿ ਪਤਿ ਸਚੁ ਨਾਉ ॥
ਸੱਚਾ ਨਾਮ ਮੇਰੀ ਜਾਤੀ ਅਤੇ ਇੱਜ਼ਤ ਹੈ।

ਕਰਮ ਧਰਮ ਸੰਜਮੁ ਸਤ ਭਾਉ ॥
ਸੱਚ ਦਾ ਪਿਆਰ ਹੀ ਮੇਰੇ ਕਰਮ ਕਾਂਡ, ਈਮਾਨ ਅਤੇ ਸਵੈ-ਸਾਧਨਾ ਹੈ।

ਨਾਨਕ ਬਖਸੇ ਪੂਛ ਨ ਹੋਇ ॥
ਨਾਨਕ, ਜਿਸ ਨੂੰ ਸਾਹਿਬ ਮਾਫ ਕਰ ਦਿੰਦਾ ਹੈ, ਉਸ ਪਾਸੋਂ ਕੋਈ ਹਿਸਾਬ ਕਿਤਾਬ ਨਹੀਂ ਲਿਆ ਜਾਂਦਾ ਹੈ।

ਦੂਜਾ ਮੇਟੇ ਏਕੋ ਸੋਇ ॥੪॥੧੪॥
ਕੇਵਲ ਉਹ ਸੁਆਮੀ ਹੀ ਦਵੈਤ-ਭਾਵ ਨੂੰ ਨਾਸ ਕਰਦਾ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਇਕਿ ਆਵਹਿ ਇਕਿ ਜਾਵਹਿ ਆਈ ॥
ਕਈ ਜੰਮਦੇ ਹਨ ਅਤੇ ਕਈ ਜੰਮ ਕੇ ਮਰ ਜਾਂਦੇ ਹਨ।

ਇਕਿ ਹਰਿ ਰਾਤੇ ਰਹਹਿ ਸਮਾਈ ॥
ਸਾਹਿਬ ਨਾਲ ਰੰਗੀਜੇ ਹੋਏ ਕਈ ਉਸ ਅੰਦਰ ਲੀਨ ਰਹਿੰਦੇ ਹਨ।

ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥
ਕਈਆਂ ਨੂੰ ਜ਼ਮੀਨ ਤੇ ਅਸਮਾਨ ਵਿੱਚ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।

ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥
ਉਹ ਨਿਕਰਮਣ, ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।

ਗੁਰ ਪੂਰੇ ਤੇ ਗਤਿ ਮਿਤਿ ਪਾਈ ॥
ਪੂਰਨ ਗੁਰਾਂ ਪਾਸੋਂ ਮੁਕਤੀ ਦਾ ਰਸਤਾ ਪ੍ਰਾਪਤ ਹੁੰਦਾ ਹੈ।

ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
ਪਰਮ ਭਿਆਨਕ ਸਮੁੰਦ੍ਰ, ਇਹ ਜਗਤ, ਜ਼ਹਿਰ ਵਰਗਾ ਹੈ। ਗੁਰਬਾਣੀ ਦੇ ਜ਼ਰੀਏ ਪ੍ਰਭੂ, ਪ੍ਰਾਣੀ ਦਾ ਇਸ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।

ਜਿਨ੍ਹ੍ਹ ਕਉ ਆਪਿ ਲਏ ਪ੍ਰਭੁ ਮੇਲਿ ॥
ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ,

ਤਿਨ ਕਉ ਕਾਲੁ ਨ ਸਾਕੈ ਪੇਲਿ ॥
ਉਨ੍ਹਾਂ ਨੂੰ ਮੌਤ ਕੁਚਲ ਨਹੀਂ ਸਕਦੀ।

ਗੁਰਮੁਖਿ ਨਿਰਮਲ ਰਹਹਿ ਪਿਆਰੇ ॥
ਮਿਠੜੇ ਗੁਰੂ-ਸਮਰਪਣ ਇੰਜ ਸਵੱਛ ਰਹਿੰਦੇ ਹਨ,

ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥
ਜਿਵੇਂ ਪਾਣੀ ਦੇ ਵਿੱਚ ਕੰਵਲ ਨਿਰਲੇਪ ਵਿਚਰਦਾ ਹੈ।

ਬੁਰਾ ਭਲਾ ਕਹੁ ਕਿਸ ਨੋ ਕਹੀਐ ॥
ਦੱਸੋ ਅਸੀਂ ਕੀਹਨੂੰ ਚੰਗਾ ਜਾ ਮੰਦਾ ਆਖੀਏ, ਜਦ ਸਾਈਂ ਸਾਰਿਆਂ ਅੰਦਰ ਨਿਗ੍ਹਾ ਆਉਂਦਾ ਹੈ।

ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥
ਮੈਂ ਗੁਰਾਂ ਦੇ ਰਾਹੀਂ ਸੱਚ ਨੂੰ ਜਾਣਦਾ,

ਅਕਥੁ ਕਥਉ ਗੁਰਮਤਿ ਵੀਚਾਰੁ ॥
ਅਕਹਿ ਪ੍ਰਭੂ ਨੂੰ ਬਿਅਨ ਕਰਦਾ ਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਸਮਝਦਾ ਹਾਂ।

ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥
ਮੈਂ ਗੁਰਾਂ ਦੀ ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦੇ ਓੜਕ ਦੀ ਖੋਜ-ਭਾਲ ਕਰਦਾ ਹਾਂ।

ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥
ਸ਼ਾਸਤਰਾਂ, ਵੈਦਾਂ ਅਤੇ ਸਿਮਰਤੀਆਂ ਦੇ ਬਹੁਤੇ ਭਤਾ ਦੀ ਗਿਆਤ,

ਅਠਸਠਿ ਮਜਨੁ ਹਰਿ ਰਸੁ ਰੇਦ ॥
ਅਤੇ ਅਠਾਹਟ ਤੀਰਥਾਂ ਦਾ ਇਸ਼ਨਾਨ, ਇਹ ਸਭ ਪ੍ਰਾਪਤ ਹੁੰਦੇ ਹਨ ਵਾਹਿਗੁਰੁ ਦੇ ਅੰਮ੍ਰਿਤ ਨੂੰ ਚਿੱਤ ਅੰਦਰ ਟਿਕਾਉਣਾ ਨਾਲ।

ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥
ਪਵਿੱਤ੍ਰ ਹਨ ਗੁਰੂ ਸਮਰਪਣ ਸਿਖ। ਉਨ੍ਹਾਂ ਨੂੰ ਕੋਈ ਗਿਲਾਜ਼ਤ ਨਹੀਂ ਚਿਮੜਦੀ।

ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥
ਮੁੱਢ ਦੀ ਭਾਰੀ ਚੰਗੀ ਕਿਸਮਤ ਦੀ ਬਦੌਲਤ, ਹੇ ਨਾਨਕ! ਵਾਹਿਗੁਰੂ ਦਾ ਨਾਮ ਦਿਲ ਅੰਦਰ ਵਸਦਾ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
ਨਿਉਂ ਨਿਉਂ ਕੇ ਮੈਂ ਆਪਣੇ ਗੁਰਾਂ ਦੇ ਪੈਰਾਂ ਉੱਤੇ ਡਿਗਦਾ ਹਾਂ, ਜਿਨ੍ਹਾਂ ਦੀ ਦਇਆ ਦੁਆਰਾ ਮੈਂ ਸਰਬ-ਵਿਆਪਕ ਰੂਹ ਨੂੰ ਵੇਖ ਲਿਆ ਹੈ।

ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥
ਵੇਖ ਅਤੇ ਆਪਣੇ ਚਿੱਤ ਅੰਦਰ ਨਿਰਣਯ ਕਰ ਕਿ ਸਿਰਮਨ ਰਾਹੀਂ ਵਾਹਿਗੁਰੂ ਦਿਲ ਵਿੱਚ ਆ ਵਸਦਾ ਹੈ।

ਬੋਲਹੁ ਰਾਮੁ ਕਰੇ ਨਿਸਤਾਰਾ ॥
ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ।

ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
ਗੁਰਾਂ ਦੀ ਰਹਿਤਮ ਸਦਕਾ, ਵਾਹਿਗੁਰੂ ਹੀਰਾ, ਲਭਦਾ ਹੈ ਜਿਸ ਦੇ ਨਾਲ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਰੱਬੀ ਨੂਰ ਰੌਸ਼ਨ ਹੋ ਜਾਂਦਾ ਹੈ। ਠਹਿਰਾਉ।

ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
ਕੇਵਲ ਜੀਭ ਨਾਲ ਉਚਾਰਨ ਕਰਨ ਦੁਆਰਾ ਜੂੜ ਨਹੀਂ ਵੱਢੇ ਜਾਂਦੇ ਅਤੇ ਅੰਦਰੋਂ ਹੰਕਾਰ ਅਤੇ ਸੰਦੇਹ ਦੂਰ ਨਹੀਂ ਹੁੰਦੇ।

ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥
ਜਦ ਆਦਮੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਵਹਿਮ ਦੂਰ ਹੋ ਜਾਂਦਾ ਹੈ। ਕੇਵਲ ਤਦੋਂ ਹੀ ਉਹ ਸਫਲ ਹੁੰਦਾ ਹੈ।

ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
ਵਾਹਿਗੁਰੂ ਸੁਆਮੀ ਦਾ ਨਾਮ ਸੰਤਾਂ ਨੂੰ ਮਿਠੜਾ ਤੇ ਪਿਆਰਾ ਲੱਗਦਾ ਹੈ, ਚਿੱਤ ਅੰਦਰ ਟਿਕਾਉਣ ਲਈ ਇਹ ਆਰਾਮ ਦਾ ਸਮੁੰਦਰ ਹੈ।

ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥
ਆਪਣੇ ਅਨੁਰਾਗੀਆਂ ਦਾ ਪਿਆਰ ਅਤੇ ਸੰਸਾਰ ਦੀ ਜਿੰਦ ਜਾਨ, ਦਇਆਲੂ ਮਾਲਕ, ਉਸ ਪ੍ਰਾਣੀ ਨੂੰ ਤਾਰ ਦਿੰਦਾ ਹੈ ਜੋ ਆਪਣੀ ਅਕਲ ਨੂੰ ਗੁਰਾਂ ਦੀ ਸਿਖਮੱਤ ਤਾਬੇ ਕਰਦਾ ਹੈ।

ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
ਜੋ ਆਪਣੇ ਮਨੂਏ ਨਾਲ ਲੜਦਾ ਮਰ ਜਾਂਦਾ ਹੈ, ਉਹ ਸਾਈਂ ਨੂੰ ਪਾ ਲੈਦਾ ਹੈ, ਉਸ ਦੀ ਖ਼ਾਹਿਸ਼ ਮਨ ਅੰਦਰ ਹੀ ਮਿੱਟ ਜਾਂਦੀ ਹੈ।

ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥
ਨਾਨਕ, ਜੇਕਰ ਜਗਤ ਦੀ ਜਿੰਦ ਜਾਨ, ਵਾਹਿਗੁਰੂ, ਮਿਹਰ ਧਾਰੇ, ਤਾਂ ਪ੍ਰਾਣੀ ਦਾ, ਕੁਦਰਤੀ ਤੌਰ ਉਤੇ ਉਸ ਨਾਲ ਪਿਆਰ ਪੈ ਜਾਂਦਾ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
ਉਹ ਹੋਰ ਕਿਸ ਨੂੰ ਆਖਦੇ ਹਨ, ਕਿਸ ਨੂੰ ਪ੍ਰਚਾਰਦੇ ਹਨ, ਅਤੇ ਕਿਸ ਨੂੰ ਸਿੱਖ ਮੱਤ ਦਿੰਦੇ ਹਨ? ਉਨ੍ਹਾਂ ਨੇ ਆਪਣੇ ਆਪ ਨੂੰ ਸਮਝ ਲਿਆ ਹੈ।

ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥
ਉਹ ਕਿਸ ਨੂੰ ਪੜ੍ਹਾਉਂਦੇ ਹਨ? ਪੜ੍ਹਾਈ ਰਾਹੀਂ ਉਹਨਾਂ ਨੇ ਸਾਈਂ ਦੀਆਂ ਸ਼੍ਰੇਸ਼ਟਤਾਈਆਂ ਅਨੁਭਵ ਕਰ ਲਈਆਂ ਹਨ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੰਤੁਸ਼ਟਤਾ ਅੰਦਰ ਵਸਦੇ ਹਨ।

ਐਸਾ ਗੁਰਮਤਿ ਰਮਤੁ ਸਰੀਰਾ ॥
ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਐਹੋ ਜੇਹੇ ਸਾਹਿਬ ਦਾ ਸਿਮਰਨ ਕਰ,

copyright GurbaniShare.com all right reserved. Email