Page 351
ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥
ਚੰਗੇ ਅਮਲਾਂ ਅਤੇ ਸਚੇ ਚਾਲ-ਚਲਣ ਦੀ ਬੇਲ ਫੈਲਰੀ ਹੋਈ ਹੈ ਅਤੇ ਇਸ ਨੂੰ ਸੁਆਮੀ ਦੇ ਨਾਮ ਦਾ ਮੇਵਾ ਲਗਿਆ ਹੋਇਆ ਹੈ।

ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥
ਉਸ ਨਾਮ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਇਹ ਸੁਤੇ ਸਿਧ ਗੂੰਜਦਾ ਹੈ। ਨਾਮ ਦੇ ਰਾਹੀਂ ਹੀ ਪਵਿੱਤ੍ਰ ਪ੍ਰਭੂ ਪ੍ਰਗਟ ਹੁੰਦਾ ਹੈ।

ਕਰੇ ਵਖਿਆਣੁ ਜਾਣੈ ਜੇ ਕੋਈ ॥
ਜੇਕਰ ਇਨਸਾਨ ਨਾਮ ਨੂੰ ਸਮਝੇ, ਕੇਵਲ ਤਦ ਹੀ ਉਹ ਇਸ ਦੀ ਵਿਆਖਿਆ ਕਰ ਸਕਦਾ ਹੈ, ਅਤੇ।

ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥
ਕੇਵਲ ਓਹੀ ਸੁਧ ਅੰਮ੍ਰਿਤ ਰਸ ਨੂੰ ਪਾਨ ਕਰਦਾ ਹੈ। ਠਹਿਰਾਉ।

ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥
ਜੋ ਆਬਿ-ਹਿਯਾਤ ਨੂੰ ਚੱਖਦੇ ਹਨ, ਉਹ ਪਰਮ ਪ੍ਰਸੰਨ ਹੋ ਜਾਂਦੇ ਹਨ। ਉਨ੍ਹਾਂ ਦੇ ਜੂੜ ਅਤੇ ਫਾਂਸੀਆਂ ਕੱਟੀਆਂ ਜਾਂਦੀਆਂ ਹਨ।

ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥
ਜਦ ਮਨੁੱਖੀ ਨੂਰ ਰੱਬੀ ਨੂਰ ਅੰਦਰ ਲੀਨ ਹੋ ਜਾਂਦਾ ਹੈ, ਤਦ ਧਨ-ਦੌਲਤ ਦੀ ਲਾਲਸਾ ਮੁੱਕ ਜਾਂਦੀ ਹੈ।

ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥
ਸਾਰੀਆਂ ਰੌਸ਼ਨੀਆਂ ਅੰਦਰ ਮੈਂ ਤੇਰਾ ਸਰੂਪ ਦੇਖਦਾ ਹਾਂ। ਸਾਰੇ ਜਹਾਨ ਤੇਰੀ ਦੌਲਤ ਹਨ।

ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥
ਅਨੇਕਾਂ ਸਰੂਪਾਂ ਅਤੇ ਉਨ੍ਹਾਂ ਦਿਆਂ ਝਗੜਿਆਂ ਅੰਦਰ ਉਹ ਨਿਰਲੇਪ ਵਿਚਰਦਾ ਹੈ। ਆਤਮਕ ਅਗਿਆਨਤਾ ਅੰਦਰ ਖ਼ੱਚਤ ਹੋਇਆਂ ਉੱਤੇ ਵੀ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥
ਯੋਗੀ ਜੋ ਰੱਬ ਦੇ ਨਾਮ ਦੀ ਬੰਸਰੀ ਵਜਾਉਂਦਾ ਹੈ, ਉਹ ਬਿਅੰਤ ਸੁੰਦਰ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ।

ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥
ਮਸਕੀਨ ਨਾਨਕ ਆਖਦਾ ਹੈ: ਉਹ ਸਾਹਿਬ ਨਾਮ ਦੇ ਬੈਕੁੰਠੀ ਕੀਰਤਨ ਅੰਦਰ ਲੀਨ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਮੈ ਗੁਣ ਗਲਾ ਕੇ ਸਿਰਿ ਭਾਰ ॥
ਮੇਰੀ ਖੂਬੀ ਇਹ ਹੈ ਕਿ ਆਪਣੇ ਸੀਸ ਉਤੇ ਮੈਂ ਵਾਧੂ ਗੱਲਾਂ ਬਾਤਾਂ ਕਰਨ ਦਾ ਬੋਝ ਚੁੱਕਿਆ ਹੋਇਆ ਹੈ।

ਗਲੀ ਗਲਾ ਸਿਰਜਣਹਾਰ ॥
ਕਰਤਾਰ ਦਾ ਬਚਨ ਬਿਲਾਸ, ਸਾਰਿਆਂ ਬਚਨ ਬਿਲਾਸਾਂ ਵਿਚੋਂ ਪਰਮ ਸ਼੍ਰੇਸ਼ਟ ਹੈ।

ਖਾਣਾ ਪੀਣਾ ਹਸਣਾ ਬਾਦਿ ॥
ਆਦਮੀ ਦਾ ਖਾਣ, ਪੀਣ ਤੇ ਹੱਸਣ ਬੇਫਾਇਦਾ ਹੈ,

ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥
ਜਦ ਤਾਈਂ ਆਪਣੇ ਚਿੱਤ ਅੰਦਰ ਉਸ ਨੂੰ ਸਾਈਂ ਚੇਤੇ ਨਹੀਂ ਆਉਂਦਾ।

ਤਉ ਪਰਵਾਹ ਕੇਹੀ ਕਿਆ ਕੀਜੈ ॥
ਤੂੰ ਕਾਹਦੇ ਲਈ ਅਤੇ ਕਿਉਂ ਕਿਸੇ ਹੋਰਸ ਦੀ ਮੁਛੰਦਗੀ ਧਰਾਵੇਂ,

ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥
ਜੇਕਰ ਆਪਣੀ ਸਮੂਹ ਆਰਬਲਾ ਵਿੱਚ, ਹਾਸਲ ਕਰਨਯੋਗ ਚੀਜ਼, ਨਾਮ ਨੂੰ ਇਕੱਤ੍ਰ ਕਰੇਂ। ਠਹਿਰਾਉ।

ਮਨ ਕੀ ਮਤਿ ਮਤਾਗਲੁ ਮਤਾ ॥
ਮਨ ਦੀ ਅਕਲ ਨਸ਼ਈ ਹਾਥੀ ਵਰਗੀ ਹੈ।

ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥
ਜਿਹੜਾ ਕੁਛ ਅਸੀਂ ਆਖਦੇ ਹਾਂ ਉਹ ਸਾਰਾ ਗਲਤਾਂ ਦਾ ਗਲਤ ਹੈ।

ਕਿਆ ਮੁਹੁ ਲੈ ਕੀਚੈ ਅਰਦਾਸਿ ॥
ਕਿਹੜਾ ਮੂੰਹ ਲੈ ਕੇ ਅਸੀਂ ਬੇਨਤੀ ਕਰੀਏ,

ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥
ਜਦ ਕਿ ਗੁਨਾਹ ਤੇ ਗੁਣ ਦੋਨੇ, ਗਵਾਹਾਂ ਵਜੋ, ਨੇੜੇ ਹੀ ਹਨ।

ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥
ਜੇਹੋ ਜੇਹਾ ਤੂੰ ਕਿਸੇ ਨੂੰ ਬਣਾਉਂਦਾ ਹੈ, ਉਹੋ ਜੇਹਾ ਉਹ ਹੋ ਜਾਂਦਾ ਹੈ।

ਤੁਝ ਬਿਨੁ ਦੂਜਾ ਨਾਹੀ ਕੋਇ ॥
ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।

ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥
ਜੇਹੋ ਜੇਹੀ ਸਮਝ ਤੂੰ ਕਿਸੇ ਨੂੰ ਦਿੰਦਾ ਹੈ, ਉਹੋ ਜੇਹੀ ਹੀ ਉਹ ਹਾਸਲ ਕਰਦਾ ਹੈ।

ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਬੰਦੇ ਨੂੰ ਤੋਰਦਾ ਹੈਂ।

ਰਾਗ ਰਤਨ ਪਰੀਆ ਪਰਵਾਰ ॥
ਆਪਣੀਆਂ ਰਾਗਣੀਆਂ ਤੇ ਵੰਸ਼ ਸਮੇਤ ਈਸ਼ਵਰੀ ਕੀਰਤਨ ਇਕ ਜਵੇਹਰ ਹੈ।

ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥
ਉਸ ਦੇ ਵਿੱਚੋਂ ਸੁੱਧਾਰਸ ਦਾ ਜੌਹਰ ਉਤਪੰਨ ਹੁੰਦਾ ਹੈ।

ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥
ਨਾਨਕ, ਇਹ ਸਿਰਜਣਹਾਰ ਦੀ ਦੌਲਤ ਅਤੇ ਜਾਇਦਾਦ ਹੈ।

ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥
ਕੀ ਕੋਈ ਐਸਾ ਜਣਾ ਹੈ, ਜੋ ਇਸ ਨੁਕਤੇ, ਨਜ਼ਰੀਏ ਨੂੰ ਸਮਝਦਾ ਹੈ?

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
ਜਦ ਆਪਣੀ ਮਿਹਰ ਰਾਹੀਂ ਕੰਤ ਮੇਰੇ ਧਾਮ ਵਿੱਚ ਆ ਗਿਆ, ਤਦ, ਮੇਰੀਆਂ ਸਹੇਲੀਆਂ ਨੇ, ਇਕੱਠੇ ਹੋ ਕੇ, ਵਿਆਹ ਦਾ ਪ੍ਰਬੰਧ ਕੀਤਾ।

ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥
ਇਸ ਖੇਡ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਮੇਰਾ ਹਰੀ ਲਾੜ੍ਹਾ ਮੈਨੂੰ ਵਿਆਹਣ ਲਈ ਆਇਆ ਹੈ।

ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥
ਗਾਇਨ ਕਰੋ, ਗਾਇਨ ਕਰੋ, ਹੇ ਇਸਤ੍ਰੀਓ! ਸਿਆਣਪ ਅਤੇ ਸੋਚ ਵੀਚਾਰ ਦੇ ਗੀਤ।

ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥
ਮੇਰੇ ਗ੍ਰਹਿ ਅੰਦਰ ਜਗਤ ਦੀ ਜਿੰਦ ਜਾਨ, ਮੇਰਾ ਕੰਤ, ਆਇਆ ਹੈ। ਠਹਿਰਾਉ।

ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
ਗੁਰਾਂ ਦੇ ਰਾਹੀਂ ਮੇਰਾ ਵੀਆਹ ਹੋ ਗਿਆ। ਜਦ ਮੈਂ ਆਪਣੇ ਕੰਤ ਨੂੰ ਮਿਲ ਪਿਆ, ਤਦ ਮੈਂ ਉਸ ਨੂੰ ਸਿੰਆਣ ਲਿਆ।

ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥
ਉਸ ਦਾ ਨਾਮ ਤਿੰਨਾਂ ਜਹਾਨਾਂ ਅੰਦਰ ਵੱਸ ਰਿਹਾ ਹੈ। ਜਦ ਮੇਰਾ ਹੰਕਾਰ ਨਵਿਰਤ ਹੋ ਗਿਆ, ਮੇਰਾ ਚਿੱਤ ਪ੍ਰਸੰਨ ਹੋ ਗਿਆ।

ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥
ਆਪਣਾ ਕੰਮ ਸੁਆਮੀ ਆਪ ਹੀ ਰਾਸ ਕਰਦਾ ਹੈ। ਇਹ ਕੰਮ ਕਿਸੇ ਹੋਰਸ ਪਾਸੋਂ ਰਾਸ ਨਹੀਂ ਹੋ ਸਕਦਾ।

ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥
ਗੁਰਾਂ ਦੇ ਰਾਹੀਂ ਕੋਈ ਵਿਰਲਾ ਪੁਰਸ਼ ਹੀ ਇਸ ਵਿਆਹ ਨੂੰ ਸਮਝਦਾ ਹੈ, ਜਿਸ ਦੁਆਰ ਸਚ, ਸਬਰ-ਸਿਦਕ ਰਹਿਮ ਤੇ ਈਮਾਨ ਪੈਦਾ ਹੁੰਦੇ ਹਨ।

ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥
ਗੁਰੂ ਜੀ ਆਖਦੇ ਹਨ, ਕੇਵਲ ਉਹੀ ਸੁਆਮੀ ਹੀ ਸਾਰਿਆਂ ਦਾ ਕੰਤ ਹੈ।

ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥
ਜਿਸ ਉੱਤੇ ਉਹ ਹਰੀ-ਕੰਤ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਅਨੰਦ ਮਾਣਨ ਵਾਲੀ ਪਤਨੀ ਹੋ ਜਾਂਦੀ ਹੈ।

ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।

ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥
ਉਹ ਜੋ ਅਡੋਲਤਾ ਅੰਦਰ ਵਸਦਾ ਹੈ, ਉਸ ਦੇ ਲਈ ਘਰ ਅਤੇ ਜੰਗਲ ਇਕਸਾਰ ਹਨ।

ਦੁਰਮਤਿ ਗਤੁ ਭਈ ਕੀਰਤਿ ਠਾਇ ॥
ਉਸਦੀ ਮੰਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦੀ ਜਗ੍ਹਾ ਮੱਲ ਲੈਂਦੀ ਹੈ।

ਸਚ ਪਉੜੀ ਸਾਚਉ ਮੁਖਿ ਨਾਂਉ ॥
ਮੂੰਹ ਦੇ ਨਾਲ ਸੱਚੇ ਨਾਮ ਦਾ ਉਚਾਰਨ ਕਰਨਾ, ਸਾਈਂ ਕੋਲ ਅਪੜਨ ਲਈ ਸੱਚੀ ਸੀੜ੍ਹੀ ਹੈ।

ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਬੰਦਾ ਆਪਣੀ ਨਿੱਜ ਦੀ ਜਗ੍ਹਾ ਲਭ ਲੈਂਦਾ ਹੈ।

copyright GurbaniShare.com all right reserved. Email