Page 1418

ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥
ਪ੍ਰਾਰਥਨਾ ਕਰਦਾ ਹੈ ਨਾਨਕ, ਹੇ ਮੇਰੇ ਸਾਈਂ ਹਰੀ! ਤੂੰ ਮੈਨੂੰ ਮੁਆਫ ਕਰ ਦੇ ਅਤੇ ਆਪਣੀ ਰਜਾ ਅੰਦਰ ਮੈਨੂੰ ਆਪਦੇ ਨਾਲ ਮਿਲਾ ਲੈ।

ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥
ਪ੍ਰਾਣੀ ਆਉਣ ਅਤੇ ਜਾਣ ਨੂੰ ਅਨੁਭਵ ਨਹੀਂ ਕਰਦਾ, ਨਾਂ ਹੀ ਉਹ ਪ੍ਰਭੂ ਦੀ ਦਰਗਾਹ ਨੂੰ ਵੇਖਦਾ ਹੈ।

ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥
ਉਹ ਧਨ-ਦੌਲਤ ਦੀ ਮਮਤਾ ਨਾਲ ਲਪੇਟਿਆ ਹੋਇਆ ਹੈ ਅਤੇ ਉਸ ਦੇ ਮਨ ਅੰਦਰ ਬੇਸਮਝੀ ਦਾ ਅਨ੍ਹੇਰਾ ਹੈ।

ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥
ਕੇਵਲ ਉਦੋਂ ਹੀ ਸੁੱਤਾ ਹੋਇਆ ਇਨਸਾਨ ਜਾਗਦਾ ਹੈ, ਜਦ ਉਸ ਦੇ ਮੰਡ ਉਤੇ ਬਹੁਤ ਭਾਰਾ ਸੋਟਾ ਵਜਦਾ ਹੈ।

ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥
ਗੁਰੂ ਅਨੁਸਾਰੀ ਵੇਲੇ ਸਿਰ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।

ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥
ਨਾਨਕ ਉਹ ਖੁਦ ਬਚ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਸਨਬੰਧੀ ਅਤੇ ਟੱਬਰ ਦੇ ਜੀ ਭੀ ਪਾਰ ਉਤਰ ਜਾਂਦੇ ਹਨ।

ਸਬਦਿ ਮਰੈ ਸੋ ਮੁਆ ਜਾਪੈ ॥
ਜੋ ਕੋਈ ਗੁਰਾਂ ਦੀ ਬਾਣੀ ਰਾਹੀਂ ਮਰ ਜਾਂਦਾ ਹੈ, ਕੇਵਲ ਉਹ ਹੀ ਮਰਿਆ ਹੋਇਆ ਜਾਣਿਆ ਜਾਂਦਾ ਹੈ।

ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥
ਗੁਰਾਂ ਦੀ ਦਇਆ ਦੁਆਰਾ, ਜੀਵ ਵਾਹਿਗੁਰੂ ਦੇ ਅੰਮ੍ਰਿਤ ਨਾਲ ਰਜ ਜਾਂਦਾ ਹੈ।

ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥
ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਦੇ ਦਰਬਾਰ ਅੰਦਰ ਜਾਣਿਆ ਜਾਂਦਾ ਹੈ।

ਬਿਨੁ ਸਬਦੈ ਮੁਆ ਹੈ ਸਭੁ ਕੋਇ ॥
ਨਾਮ ਦੇ ਬਗੈਰ, ਹਰ ਕੋਈ ਮਰਿਆ ਹੋਇਆ ਹੈ।

ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥
ਮਨਮਤੀਆਂ ਆਪਦੇ ਜੀਵਨ ਨੂੰ ਗੁਆ ਕੇ ਮਰ ਜਾਂਦਾ ਹੈ।

ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥
ਜੋ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਹ ਅਖੀਰ ਨੂੰ ਤਕਲੀਫ ਅੰਦਰ ਵਿਰਲਾਪ ਕਰਦੇ ਹਨ।

ਨਾਨਕ ਕਰਤਾ ਕਰੇ ਸੁ ਹੋਇ ॥੪੩॥
ਨਾਨਕ ਜਿਹੜਾ ਕੁਝ ਸਾਜਣਹਾਰ-ਸੁਆਮੀ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।

ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥
ਰਬ ਨੂੰ ਜਾਣਨ ਵਾਲੇ ਜੀਵ, ਜਿਨ੍ਹਾਂ ਦੇ ਅੰਦਰ ਬ੍ਰਹਮ-ਬੀਚਾਰ ਦੀ ਗਿਆਤ ਹੈ, ਕਦਾਚਿਤ ਬਿਰਧ ਨਹੀਂ ਹੁੰਦੇ।

ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥
ਸਦੀਵ, ਸਦੀਵ ਹੀ ਉਹ ਸਾਈਂ ਦੀਆਂ ਸਿਫਤਾਂ ਉਚਾਰਦੇ ਹਨ ਅਤੇ ਉਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸਿਮਰਨ ਹੈ।

ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥
ਉਹ ਹਮੇਸ਼ਾਂ ਪ੍ਰਸੰਨਤਾ ਭਰੀ ਸਿਆਣਪ ਅੰਦਰ ਵਸਦੇ ਹਨ ਅਤੇ ਤਕਲੀਫ ਤੇ ਆਰਾਮ ਨੂੰ ਇਕ ਬਰਾਬਰ ਜਾਣਦੇ ਹਨ।

ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥
ਉਹ ਪ੍ਰਭੂ ਨੂੰ ਹੀ ਦੇਖਦੇ ਹਨ ਅਤੇ ਕੇਵਲ ਸਰਬ-ਵਿਆਪਕ ਰੂਹ ਨੂੰ ਹੀ ਹਰ ਥਾਂ ਅਨੁਭਵ ਕਰਦੇ ਹਨ।

ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥
ਮਨਮਤੀਏ ਬਾਲਕ ਅਤੇ ਜਈਫਾਂ ਵਰਗੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਖਿਆਲ ਹੀ ਨਹੀਂ।

ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
ਉਹ ਹੰਕਾਰ ਅੰਦਰ ਆਪਦੇ ਕੰਮ ਕਰਦੇ ਹਨ ਅਤੇ ਉਹ ਸਾਰੇ ਹੀ ਧਰਮ ਰਾਜੇ ਕੋਲ ਜਾਂਦੇ ਹਨ।

ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥
ਗੁਰੂ-ਅਨੁਸਾਰੀ ਚੰਗੇ ਅਤੇ ਪਵਿੱਤਰ ਹਨ। ਗੁਰਾਂ ਦੀ ਬਾਣੀ ਨਾਲ, ਉਹ ਕੀਰਤੀਮਾਨ ਦਿਸਦੇ ਹਨ।

ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥
ਇਕ ਰਤੀ ਭਰ ਭੀ ਗਿਲਾਜ਼ਤ ਉਨ੍ਹਾਂ ਨੂੰ ਨਹੀਂ ਚਿਮੜਦੀ ਹੈ, ਜੋ ਸਚੇ ਗੁਰਾਂ ਦੀ ਰਜ਼ਾ ਵਿੱਚ ਟੂਰਦੇ ਹਨ।

ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥
ਅਧਰਮੀ ਦੀ ਅਪਵਿੱਤਰਤਾ ਧੋਤੀ ਨਹੀਂ ਜਾਂਦੀ, ਭਾਵੇਂ ਸੈਕੜੇ ਹੀ ਧੋਆਂ ਪਾ ਦਿੱਤੀਆਂ ਜਾਣ।

ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥
ਨਾਨਕ, ਗੁਰੂ ਅਨੁਸਾਰੀ ਵਾਹਿਗੁਰੂ ਨਾਲ ਮਿਲ ਜਾਂਦੇ ਹਨ ਅਤੇ ਗੁਰਬਾਂ ਦੇ ਸਰੂਪ ਅੰਦਰ ਲੀਨ ਥੀ ਵੰਞਦੇ ਹਨ।

ਬੁਰਾ ਕਰੇ ਸੁ ਕੇਹਾ ਸਿਝੈ ॥
ਜੋ ਬਦੀ ਕਮਾਉਂਦਾ ਹੈ, ਉਹ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ?

ਆਪਣੈ ਰੋਹਿ ਆਪੇ ਹੀ ਦਝੈ ॥
ਆਪਦੇ ਨਿਜ ਦੇ ਗੁੱਸੇਅੰਦਰ ਉਹ ਆਪੇ ਹੀ ਸੜਦਾ ਹੈ।

ਮਨਮੁਖਿ ਕਮਲਾ ਰਗੜੈ ਲੁਝੈ ॥
ਪਗਲਾ ਪ੍ਰਤੀਕੂਲ ਪੁਰਸ਼ ਝਗੜਿਆਂ ਅੰਦਰ ਆਪਦਾ ਸਿਰ ਖਪਾਉਂਦਾ ਹੈ।

ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥
ਗੁਰੂ-ਅਨੁਸਾਰੀ ਥੀ, ਉਹ ਸਭ ਕੁਝ ਸਮਝ ਲੈਂਦਾ ਹੈ।

ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥
ਨਾਨਕ ਗੁਰੂ-ਅਨੁਸਾਰੀ ਆਪਦੇ ਮਨੂਏ ਨਾਲ ਯੁਧ ਕਰਦਾ ਹੈ।

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਜੋ ਸਰਬ-ਸ਼ਕਤੀਵਾਨ ਸਚੇ ਗੁਰਾਂ ਦੀ ਸੇਵਾ ਨਹੀਂ ਕਰਦੇ ਅਤੇ ਪ੍ਰਭੂ ਦੇ ਨਾਮ ਨੂੰ ਨਹੀਂ ਆਰਾਧਦੇ।

ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਉਹ ਮਨੁਸ਼ੀ ਜੀਵ ਕਹੇ ਨਹੀਂ ਜਾਂਦੇ, ਸਗੋਂ ਉਹ ਮੂਰਖ ਡੰਗਰ ਅਤੇ ਹੈਵਾਨ ਹਨ।

ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
ਉਨ੍ਹਾਂ ਦੇ ਅੰਦਰ ਨ ਬ੍ਰਹਮਵੀਚਾਰ ਨ ਹੀ ਸਿਮਰਨ ਹੈ। ਉਨ੍ਹਾਂ ਦਾ ਪ੍ਰਭੂ ਨਾਲ ਪ੍ਰੇਮ ਅਤੇ ਸਨੇਹ ਨਹੀਂ।

ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
ਪ੍ਰਤੀਕੂਲ ਪੁਰਸ਼ ਪਾਪ ਅੰਦਰ ਹੀ ਮਰ ਜਾਂਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
ਕੇਵਲ ਉਹ ਹੀ ਜੀਉਂਦੇ ਹਨ ਜੋ ਜਗਤ ਦੀ ਜਿੰਦ-ਜਾਨ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਟਿਕਾ ਜੀਉਦਿਆਂ ਨਾਲ ਮਿਲਦੇ ਹਨ।

ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥
ਨਾਨਕ, ਗੁਰੂ-ਅਨੁਸਾਰੀ ਉਸ ਸਚੇ ਸੁਆਮੀ ਦੀ ਦਰਗਾਹ ਅੰਦਰ ਸੁੰਦਰ ਦਿਸਦੇ ਹਨ।

ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥
ਸਾਈਂ ਦਾ ਮਹਿਲ ਸਾਈਂ ਨੇ ਬਣਾਇਆ ਹੈ ਅਤੇ ਇਸ ਵਿੱਚ ਸਾਈਂ ਖੁਦ ਰਹਿੰਦਾ ਹੈ।

ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥
ਧਨ-ਦੌਲਤ ਦੀ ਮਮਤਾ ਨੂੰ ਸਾੜ ਕੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਆਪਦੇ ਵਾਹਿਗੁਰੂ ਨੂੰ ਪਾ ਲਿਆ ਹੈ।

ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥
ਨਾਮ ਦੇ ਨੋ ਖਜਾਲਿਆਂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਮਹਿਲ ਅੰਦਰ ਕ੍ਰੋੜਾ ਹੀ ਅਮੋਲਕ ਵਸਤੂਆਂ ਨੂੰ ਪਾ ਲੈਂਦਾ ਹੈ।

ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥
ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ, ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਨੂੰ ਖੋਜ ਕੇ ਪਾ ਲੈਂਦੀ ਹੈ।

ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥
ਪਰਮ ਚੰਗੇ ਨਸੀਬਾਂ ਰਾਹੀਂ, ਇਨਸਾਨ ਆਪਣੀ ਦੇਹ ਦੇ ਕਿਲ੍ਹੇ ਵਿਚਲੇ ਮਹਿਲ ਦੀ ਢੂੰਡ ਭਾਲ ਕਰਕੇ ਸੁਆਮੀ ਨੂੰ ਆਪਣੇ ਨੇੜੇ ਹੀ ਦਿਲ ਅੰਦਰ ਪਾ ਲੈਂਦਾ ਹੈ।

ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥
ਪਰਮ ਖਾਹਿਸ਼, ਲਾਲਚ ਅਤੇ ਪਾਪ ਅੰਦਰ ਫਾਬੇ ਹੋਏ ਮਨਮਤੀਏ ਦਸੀ ਪਾਸੀ ਭਟਕਦੇ ਫਿਰਦੇ ਹਨ।

copyright GurbaniShare.com all right reserved. Email