Page 1374

ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥
ਕਬੀਰ, ਗੜੇ ਤੋਂ ਪਿਘਲ ਕੇ ਮੈਂ ਪਾਣੀ ਥੀ ਗਿਆ ਹਾਂ ਅਤੇ ਵਗ ਵਗ ਕੇ, ਮੈਂ ਆਪਣੇ ਸੁਆਮੀ ਸਮੁੰਦਰ ਅੰਦਰ ਸਮਾ ਗਿਆ ਹਾਂ।

ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
ਕਬੀਰ ਮਿੱਟੀ ਇਕੱਠੀ ਕਰਕੇ, ਸੁਆਮੀ ਨੇ ਸਰੀਰ ਨੂੰ ਹਕੀਮ ਦੀ ਪੁੜੀ ਦੀ ਮਾਨੰਦ ਬੰਨਿ੍ਹਆ ਹੈ।

ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥
ਇਹ ਕੇਵਲ ਚਾਰ ਦਿਹਾੜਿਆਂ ਦਾ ਨਜਾਰਾ ਹੈ। ਅਖੀਰ ਨੂੰ ਮਿੱਟੀ ਨੇ ਮਿੱਟੀ ਹੀ ਹੋ ਜਾਣਾ ਹੈ।

ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
ਕਬੀਰ, ਸਾਰੇ ਸਰੀਰ ਸੂਰਜ ਅਤੇ ਚੰਨ ਦੇ ਚੜ੍ਹਨ ਅਤੇ ਡੁਬਣ ਦੀ ਮਾਨੰਦ ਹਨ।

ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥
ਪ੍ਰੰਤੂ ਗੁਰੂ-ਪ੍ਰਮੇਸ਼ਰ ਦੇ ਨਾਲ ਮਿਲਣ ਦੇ ਬਗੈਰ, ਉਹ ਮੁੜ ਕੇ ਸਾਰੇ ਮਿੱਟੀ ਹੋ ਜਾਂਦੇ ਹਨ।

ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
ਜਿਥੇ ਨਿੱਡਰ ਪ੍ਰਭੂ ਹੈ, ਉਥੇ ਡਰ ਨਹੀਂ। ਜਿਥੇ ਡਰ ਹੈ ਉਥੇ ਵਾਹਿਗੁਰੂ ਨਹੀਂ।

ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥
ਆਪਣੇ ਚਿੱਤ ਅੰਦਰ ਇਸ ਨੂੰ ਸੋਚ ਵੀਚਾਰ ਕੇ, ਕਬੀਰ ਇਸ ਤਰ੍ਹਾਂ ਆਖਦਾ ਹੈ। ਹੇ ਸਾਧੂਓ! ਤੁਸੀਂ ਸ੍ਰਵਨ ਕਰੋ।

ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥
ਕਬੀਰ, ਜੋ ਕੁਝ ਭੀ ਜਾਣਦੇ ਨਹੀਂ, ਉਹ ਆਰਾਮ ਦੀ ਨੀਦਰ ਅੰਦਰ ਆਪਣਾ ਸਮਾਂ ਬਤੀਤ ਕਰਦੇ ਹਨ।

ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥
ਮੈ, ਜਿਸਨੇ ਬੁਝਾਰਤ ਬੁਝ ਲਈ ਹੈ, ਮੈਨੂੰ ਹੁਣ ਮੁਕੰਮਲ ਆਫਤ ਪੈ ਗਈ ਹੈ।

ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥
ਕਬੀਰ, ਮਾੜੇ ਮਨੁਸ਼ ਘਣਾ ਰੋਂਦੇ ਹਨ, ਪ੍ਰੰਤੂ ਵਖਰਾ ਹੀ ਹੈ ਰੋਣਾ ਸੰਤਾਂ ਦਾ।

ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥
ਗੁਝੇ ਅੰਗ ਤੇ ਹਰੀ ਦੇ ਪ੍ਰੇਮ ਦੀ ਸੱਟ ਲੱਗਣ ਨਾਲ ਕਬੀਰ ਉਸੇ ਥਾਂ ਡਿਗ ਪਿਆ।

ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥
ਕਬੀਰ, ਸੁਭਾਇਮਾਨ ਹੈ ਸੱਟ ਸੇਲੇ ਦੀ। ਇਹ ਲਗਦੇ ਸਾਰ ਹੀ ਸਾਹ ਖਿੱਚ ਲੈਂਦੀ ਹੈ।

ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥
ਜੋ ਗੁਰਾਂ ਦੀ ਬਾਣੀ ਦੀ ਸੱਟ ਨੂੰ ਬਰਦਾਸ਼ਤ ਕਰਦਾ ਹੈ, ਉਹ ਗੁਰੂ ਹੈ ਅਤੇ ਮੈਂ ਉਸ ਦਾ ਗੋਲਾ।

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
ਕਬੀਰ, ਮੁਲ੍ਹਾ ਬੁਰਜ ਤੇ ਕਿਉਂ ਚੜ੍ਹਦਾ ਹੈ (ਉਚੀ ਆਵਾਜ਼ ਕਰਨ ਲਈ)? ਸੁਆਮੀ ਕੋਈ ਬੋਲਾ ਤਾਂ ਨਹੀਂ।

ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥
ਜਿਸ ਦੀ ਖਾਤਰ ਤੂੰ ਨਮਾਜ ਦਾ ਸੱਦਾ ਦਿੰਦਾ ਹੈ, ਉਹ ਤੇਰੇ ਹਿਰਦੇ ਅੰਦਰ ਹੈ।

ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥
ਸ਼ੇਖ ਜੋ ਸਬਰ ਸਿਦਕ ਤੋਂ ਸੱਖਣਾ ਹੈ, ਉਹ ਕਿਉਂ ਮੱਕੇ ਦੀ ਯਾਤਰਾ ਲਈ ਜਾਂਦਾ ਹੈ।

ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥
ਜਿਸ ਦਾ ਮਨ ਮੁਕੰਮਲ ਨਹੀਂ, ਉਹ ਆਪਣੇ ਹਰੀ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?

ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥
ਕਬੀਰ, ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਭਜਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।

ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥
ਸੁਆਮੀ ਤੇਰੇ ਰਿਦੇ ਅੰਦਰ ਪਰਤੱਖ ਪ੍ਰਕਾਸ਼ਵਾਨ ਹੋ ਜਾਵੇਗਾ ਅਤੇ ਤੇਰੀ ਬਲਦੀ ਹੋਈ ਅੱਗ ਬੁਝ ਜਾਵੇਗੀ।

ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
ਕਬੀਰ, ਜਬਰਦਸਤੀ ਕਰਨਾ ਅਤਿਆਚਾਰ ਹੈ, ਭਾਵੇਂ ਤੂੰ ਇਸ ਨੂੰ ਕਾਨੂੰਨਣ ਜਾਇਜ਼ ਆਖਦਾ ਹੈ।

ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥
ਜਦ ਸਾਈਂ ਦੇ ਦਫਤਰ ਵਿੱਚ ਤੇਰੇ ਗੋਲੇ ਤੇਰਾ ਹਿਸਾਬ ਕਿਤਾਬ ਮੰਗਿਆ ਗਿਆ, ਤਾਂ ਤੇਰੀ ਕੀ ਹਾਲਤ ਹੋਵੇਗੀ?

ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
ਕਬੀਰ ਸ਼੍ਰੇਸ਼ਟ ਹੈ ਭੋਜਨ ਖਿਚੜੀ ਦਾ, ਜਿਸ ਵਿੱਚ ਸੁਆਦਲਾ ਨੂਣ ਪਿਆ ਹੋਇਆ ਹੈ।

ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥
ਆਪਣੇ ਟੁੱਕਰ ਨਾਲ ਮਾਸ ਦੀ ਖਾਤਰ ਆਪਣੇ ਗਲੇ ਨੂੰ ਕੌਣ ਵਢਵਾ ਲੈਂਦਾ ਹੈ?

ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥
ਕਬੀਰ, ਕੇਵਲ ਤਾਂ ਹੀ ਗੁਰੂ ਦਿਲ ਤੇ ਅਸਰ ਕਰਦਾ ਹੋਇਆ ਜਾਣਿਆ ਜਾਂਦਾ ਹੈ, ਜੇਕਰ ਬੰਦੇ ਦੀ ਸੰਸਾਰੀ ਮਮਤਾ ਤੇ ਸਰੀਰਕ ਰੰਗ ਮਿਟ ਜਾਣ।

ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥
ਖੁਸ਼ੀ ਅਤੇ ਗਮੀ ਉਸ ਨੂੰ ਸਾੜਦੇ ਨਹੀਂ ਅਤੇ ਤਦ ਉਹ ਖੁਦ ਹੀ ਵਾਹਿਗੁਰੂ ਥੀ ਵੰਞਦਾ ਹੈ।

ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਕਬੀਰ "ਰਾਮ" ਦੀ ਉਪਾਸ਼ਨਾ ਕਰਨ ਵਿੱਚ ਇਕ ਫਰਕ ਹੈ। ਉਸ ਅੰਦਰ ਵਿਚਾਰਨ ਯੋਗ ਇਕ ਨੁਕਤਾ ਹੈ।

ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥
ਉਹੀ ਲਫਜ, ਹਰ ਕੋਈ ਦਸਰਥ ਦੇ ਪੁੱਤ੍ਰ ਲਈ ਵਰਤਦਾ ਹੈ ਅਤੇ ਉਹੀ ਲਫਜ ਅਦਭੁਤ ਸੁਆਮੀ ਲਈ।

ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
ਕਬੀਰ, ਤੂੰ ਕੇਵਲ ਉਸ ਨੂੰ ਹੀ 'ਰਾਮ' ਆਖ ਜੋ ਸਰਬ-ਵਿਆਪਕ ਹੈ। ਦੋਨਾ ਦਾ ਜਿਕਰ ਕਰਨ ਲਗਿਆ ਸਾਨੂੰ ਇਨ੍ਹਾਂ ਵਿਚਾਲੇ ਫਰਕ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ।

ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥
ਇਕ ਰਾਮ-ਵਾਹਿਗੁਰੂ-ਸਾਰਿਆਂ ਅੰਦਰ ਰਮਿਆ ਹੋਇਆ ਹੈ, ਜਦ ਕਿ ਦੂਜਾ (ਰਾਮ ਚੰਦ੍ਰ) ਕੇਵਲ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ।

ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
ਕਬੀਰ, ਉਹ ਧਾਮ, ਜਿਨ੍ਹਾਂ ਅੰਦਰ ਸੰਤਾ ਦੀ ਟਹਿਲ ਨਹੀਂ ਹੁੰਦੀ ਅਤੇ ਵਾਹਿਗੁਰੂ ਸਿਮਰਿਆ ਨਹੀਂ ਜਾਂਦਾ,

ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥
ਉਹ ਧਾਮ ਸ਼ਮਸ਼ਾਨ ਭੂਮੀ ਵਰਗੇ ਹਨ ਅਤੇ ਉਨ੍ਹਾਂ ਅੰਦਰ ਭੂਤਨੇ ਵਸਦੇ ਹਨ।

ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥
ਕਬੀਰ, ਮੈਂ ਗੁੰਗਾ ਤੇ ਪਗਲਾ ਹੋ ਗਿਆ ਹਾਂ ਤੇ ਕੰਨਾਂ ਤੋਂ ਬੋਲਾ ਵੀ ਗਿਆ ਹਾਂ

ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥
ਅਤੇ ਪੈਰਾਂ ਤੋਂ ਲੂਲਾ ਹੋ ਗਿਆ ਹਾਂ, ਕਿਉਂ ਜੋ ਸੱਚੇ ਗੁਰਾਂ ਨੇ ਮੈਨੂੰ ਆਪਣੇ ਤੀਰ ਨਾਲ ਵਿੰਨ੍ਹ ਸੁਟਿਆ ਹੈ।

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥
ਕਬੀਰ, ਯੋਧੇ ਸੱਚੇ ਗੁਰਾਂ ਨੇ ਮੈਨੂੰ ਇਕ ਤੀਰ ਮਾਰਿਆ ਹੈ।

ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥
ਇਸਦੇ ਲਗਦਿਆਂ ਸਾਰ ਹੀ ਮੈਂ ਧਰਤੀ ਤੇ ਡਿਗ ਪਿਆ ਅਤੇ ਮੇਰੇ ਦਿਲ ਅੰਦਰ ਮੋਰੀ ਹੋ ਗਈ ਹੈ।

ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥
ਕਬੀਰ ਅਸਮਾਨ ਦੀ ਪਵਿੱਤਰ ਕਣੀ ਪਲੀਤ ਧਰਤੀ ਤੇ ਡਿਗ ਪਈ ਹੈ।

copyright GurbaniShare.com all right reserved. Email