ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥ ਦਰਿਆਵਾ ਦੇ ਕਿਨਾਰੇ, ਛੇ ਕਰਮਕਾਡ, ਜਟਾਂ, ਹਵਨ ਕਰਨੇ ਅਤੇ ਸੋਟਾ ਧਾਰੀ ਹੋਣਾ, ਇਨ੍ਹਾਂ ਨਾਲ ਪ੍ਰਯੋਜਨ ਪੂਰਾ ਨਹੀਂ ਹੁੰਦਾ। ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥ ਕ੍ਰੋੜਾ ਹੀ ਕਿਸਮ ਦੇ ਉਪਰਾਲੇ ਤਪੱਸਿਆਵਾਂ ਰਟਨਾ ਅਤੇ ਅਨੇਕਾਂ ਭਾਸ਼ਨ ਉਚਾਰਨੇ, ਇਨ੍ਹਾਂ ਸਾਧਨਾ ਦੁਆਰਾ ਪ੍ਰਭੂ ਦੀ ਓੜਕ ਤੇ ਅਸਥਾਨ ਪਾਏ ਨਹੀਂ ਜਾ ਸਕਦੇ? ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥ ਮੈਂ ਹੋਰ ਸਾਰੇ ਤਰੀਕਿਆਂ ਨੂੰ ਸੋਚਿਆ ਵੀਚਾਰਿਆਂ ਹੈ, ਪ੍ਰੰਤੂ ਆਨੰਦ ਕੇਵਲ ਨਾਮ ਦੇ ਸਿਮਰਨ ਵਿੱਚ ਹੀ ਹੈ, ਹੇ ਨਾਨਕ! ਕਾਨੜਾ ਮਹਲਾ ੫ ਘਰੁ ੯ ਕਾਨੜਾ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥ ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਆਪਣੇ ਸੰਤਾਂ ਦਾ ਸਨੇਹੀ ਡਰ ਨਾਸ ਕਰਨਹਾਰ ਅਤੇ ਪਾਰ ਉਤਾਰਨ ਲਈ ਇਕ ਜਹਾਜ ਹੈ। ਠਹਿਰਾਉ। ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥ ਮੇਰੀਆਂ ਅੱਖਾਂ ਪ੍ਰਭੂ ਦਾ ਦਰਸ਼ਨ ਦੇਖਣ ਦੁਆਰਾ ਧ੍ਰਾਪ ਗਈਆਂ ਹਨ ਅਤੇ ਕੰਨ ਉਸ ਦੀ ਮਹਿਮਾ ਸੁਣ ਰੱਜ ਗਏ ਹਨ। ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥ ਮੈਂ ਮਸਕੀਨ, ਸੰਸਾਰ ਦੇ ਸੁਆਮੀ ਦਾਤਾਰ ਦੀ ਪਨਾਹ ਲੋੜਦਾ ਹਾਂ, ਜੋ ਮੇਰੀ ਜਿੰਦਜਾਨ ਦਾ ਆਸਰਾ ਅਤੇ ਨਿਖਸਮਿਆਂ ਦਾ ਖਸਮ ਹੈ। ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥ ਵਾਹਿਗੁਰੂ ਉਮੈਦ ਪੂਰੀ ਕਰਨਹਾਰ ਅਤੇ ਪੀੜ ਨਾਸ ਕਰਨ ਵਾਲਾ ਹੈ। ਨਾਨਕ ਨੇ ਉਸ ਦੇ ਪਵਿੱਤਰ ਪੈਰਾਂ ਦੀ ਪਨਾਹ ਪਕੜੀ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥ ਮੈਂ ਮਿਹਰਬਾਨ ਮਾਲਕ ਦੇ ਪੈਰਾਂ ਦੀ ਪਨਾਹ ਲੋੜਦਾ ਹਾਂ। ਮੇਰੇ ਲਈ ਹੋਰ ਕੋਈ ਜਗਾ ਜਾਣ ਨੂੰ ਨਹੀਂ। ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥ ਪਾਪੀਆਂ ਨੂੰ ਪਵਿੱਤਰ ਕਰਨ, ਪ੍ਰਭੂ ਦਾ ਨਿਤ ਕਰਮ ਹੈ। ਪ੍ਰਭੂ ਦਾ ਸਿਮਰਨ ਕਰਨ ਦੁਆਰਾ ਜੀਵਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ। ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥ ਅੰਨ੍ਹਾਂ ਇਨਸਾਨ ਜਗਤ ਸਮੁੰਦਰ ਦੇ ਪਾਪ, ਮਮਤਾ ਅਤੇ ਹੰਕਾਰ ਦੀ ਖੁਭਣ ਵਿੱਚ ਡਿਗ ਪਿਆ ਹੈ, ਬਿਕਲ ਮਾਇਆ ਸੰਗਿ ਧੰਧ ॥ ਅਤੇ ਸੰਸਾਰੀ ਵਿਹਾਰਾਂ ਨਾਲ ਚਿਮੜ ਉਹ ਵਿਆਕੁਲ ਹੋ ਗਿਆ ਹੈ। ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥ ਮੈਨੂੰ ਹਥੋ ਪਕੜ ਕੇ ਤੂੰ ਖੁਦ ਹੀ ਇਸ ਵਿਚੋਂ ਮੈਨੂੰ ਬਾਹਰ ਕੱਢ ਲੈ, ਹੇ ਮੇਰੇ ਸੁਆਮੀ ਮਾਲਕ, ਪਾਤਿਸ਼ਾਹ! ਅਤੇ ਇਸ ਤਰ੍ਹਾਂ ਤੂੰ ਮੇਰੀ ਰੱਖਿਆ ਕਰ। ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥ ਵਾਹਿਗੁਰੂ ਨਿਖਸਮਿਆ ਦਾ ਖਸਮ, ਸਾਧੂਆਂ ਦਾ ਸੁਆਮੀ ਅਤੇ ਕ੍ਰੋੜਾ ਹੀ ਕਸਮਲਾਂ ਦੇ ਨਾਸ ਕਰਨ ਵਾਲਾ ਹੈ। ਮਨਿ ਦਰਸਨੈ ਕੀ ਪਿਆਸ ॥ ਮੇਰੇ ਚਿੱਤ ਨੂੰ ਤੇਰੇ ਦੀਦਾਰ ਦੀ ਤ੍ਰੇਹ ਲਗੀ ਹੋਈ ਹੈ, ਪ੍ਰਭ ਪੂਰਨ ਗੁਨਤਾਸ ॥ ਹੇ ਨੇਕੀਆਂ ਦੇ ਖਜਾਨੇ ਮੇਰੇ ਸੰਪੂਰਨ ਮਾਲਕ! ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥ ਹੇ ਨਾਨਕ! ਆਪਣੀ ਜੀਹਭਾ ਨਾਲ, ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸ਼ਨਹਾਰ ਆਪਣੇ ਮਿਹਰਬਾਨ ਤੇ ਮਇਆਵਾਨ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਵਾਰਿ ਵਾਰਉ ਅਨਿਕ ਡਾਰਉ ॥ ਮੈਂ ਅਨੇਕ ਵਾਰੀ ਕੁਰਬਾਨ ਕੁਰਬਾਨ ਵੰਞਦੀ ਹਾਂ, ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥ ਆਪਣੇ ਪ੍ਰੀਤਮ ਦੇ ਰਾਤ੍ਰੀ ਦੇ ਇਕ ਪਲ ਦੇ ਮਿਲਾਪ ਦੀ ਖੁਸ਼ੀ ਉਤੋਂ। ਠਹਿਰਾਉ। ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥ ਸੋਲੇ ਦੀਆਂ ਮਹਿਲਮਾੜੀਆਂ ਅਤੇ ਰੇਸ਼ਮੀ ਸੇਜਾ ਨੇ ਇਨ੍ਹਾਂ ਨਾਲ ਮੇਰੀ ਪ੍ਰੀਤ ਨਹੀਂ, ਹੇ ਮੇਰੀ ਸਖੀਏ! ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥ ਮੋਤੀ, ਜਵੇਹਰ ਅਤੇ ਅਨੇਕਾਂ ਰੰਗਰਲੀਆਂ, ਨਾਮ ਦੇ ਬਗੈਰ ਤਬਾਹ ਕਰਨ ਵਾਲੀਆਂ ਹਨ, ਹੇ ਨਾਨਕ! ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥ ਰੁਖੀ ਰੋਟੀ ਖਾਣ ਅਤੇ ਭੁੰਜੇ ਸੋਣ ਦੇ ਬਾਵਜੂਦ ਮੇਰੀ ਜੀਵਨ ਰਾਤ੍ਰੀ ਆਪਣੇ ਪਤੀ ਨਾਲ ਆਰਾਮ ਅੰਦਰ ਬੀਤਦੀ ਹੈ, ਹੇ ਮੇਰੀ ਸਹੀਏ! ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਅਹੰ ਤੋਰੋ ਮੁਖੁ ਜੋਰੋ ॥ ਤੂੰ ਆਪਣੀ ਹੰਗਤਾ ਨੂੰ ਛੱਡ ਦੇ ਤੇ ਆਪਣਾ ਮੂੰਹ ਗੁਰਾਂ ਵਲ ਮੋੜ, ਗੁਰੁ ਗੁਰੁ ਕਰਤ ਮਨੁ ਲੋਰੋ ॥ ਅਤੇ ਗੁਰਾਂ ਦਾ ਨਾਮ ਉਚਾਰਨ ਕਰਦਾ ਹੋਇਆ ਤੂੰ ਆਪਣੇ ਚਿੱਤ ਅੰਦਰ ਉਨ੍ਹਾਂ ਦੀ ਚਾਹਨਾ ਕਰ। ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥ ਮੇਰਾ ਕੰਮ ਮੁਹੱਬਤ ਦਾ ਪ੍ਰੇਮੀ ਹੈ। ਠਹਿਰਾਉ। ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥ ਤੋੜ ਲੈ, ਓ ਤੋੜ ਲੈ, ਹਾਂ ਤੋੜ ਲੈ ਤੂੰ ਆਪਣਾ ਸੰਬੰਧ ਪੰਜਾਂ ਭੂਤਨਿਆਂ ਨਾਲੋ ਅਤੇ ਸੁੰਦਰ ਥੀ ਵੰਞੇਗਾ ਤੇਰੇ ਘਰ ਦਾ ਪਲੰਘ ਅਤੇ ਸੁਖਦਾਈ ਤੇਰਾ ਵਿਹੜਾ। ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥ ਤਦ ਤੂੰ ਆਵੇ ਅਤੇ ਜਾਵੇਗਾ ਨਹੀਂ, ਪ੍ਰੰਤੂ ਆਪਣੇ ਨਿੱਜ ਦੇ ਟਿਕਾਣੇ ਤੇ ਵਸੇਗਾ ਅਤੇ ਤੇਰਾ ਮੁਧਾ ਹੋਇਆ ਹੋਇਆ ਦਿਲ ਕੰਵਲ ਖਿੜ ਪਊਗਾ। ਛੁਟਕੀ ਹਉਮੈ ਸੋਰੋ ॥ ਇਸ ਤਰ੍ਹਾਂ ਤੇਰੀ ਸਵੈ-ਹੰਗਤਾ ਦਾ ਰੌਲਾ ਮਿਟ ਜਾਵੇਗਾ; ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥ ਗਾਇਨ ਕਰ, ਓ ਗਾਇਨ ਕਰ ਤੂੰ ਨੇਕੀਆਂ ਦੇ ਸਮੁੰਦਰ ਆਪਣੇ ਸੁਆਮੀ ਦੀ ਸਿਫ਼ਤ-ਸ਼ਲਾਘਾ। ਕਾਨੜਾ ਮਃ ੫ ਘਰੁ ੯ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਤਾਂ ਤੇ ਜਾਪਿ ਮਨਾ ਹਰਿ ਜਾਪਿ ॥ ਤੂੰ ਆਪਣੇ ਸੁਆਮੀ ਦਾ ਸਿਮਰਨ ਸਿਮਰਨ ਕਰ, ਹੇ ਬੰਦੇ; ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥ ਇਹ ਉਹ ਰਸਤਾ ਹੈ, ਜਿਸ ਨੂੰ ਸਾਧੂ ਅਤੇ ਵੇਦ ਕਠਨ ਦਸਦੇ ਹਨ। ਪ੍ਰੰਤੂ ਤੂੰ ਮਮਤਾ ਅਤੇ ਹੰਗਤਾ ਦੇ ਬੁਖਾਰ ਨਾਲ ਮਤਵਾਲਾ ਹੋਇਆ ਹੋਇਆ ਹੈਂ। ਠਹਿਰਾਉ। ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥ ਜਿਹੜੇ ਨਿਕਰਮਣ ਮੋਹਣੀ ਦੇ ਨਾਲ ਰੰਗੀਜੇ ਅਤੇ ਮਤਵਾਲੇ ਹੋਏ ਹੋਏ ਹਨ, ਉਹ ਇਸ ਦੀ ਲਗਨ ਦੀ ਪੀੜ ਅੰਦਰ ਤੜਫਦੇ ਹਨ। ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥ ਨਾਮ ਦਾ ਸਿਮਰਨ ਕਰਨ ਦੁਆਰਾ, ਕੇਵਲ ਉਹ ਪੁਰਸ਼ ਹੀ ਬੰਦਖਲਾਸ ਹੁੰਦਾ ਹੈ, ਜਿਸ ਨੂੰ ਤੂੰ ਬੰਦਖਲਾਸ ਕਰਦਾ ਹੈ, ਹੇ ਸੁਆਮੀ!। ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥ ਸਾਧੂਆਂ ਦੀ ਦਇਆ ਦੁਆਰਾ, ਹੇ ਨਾਨਕ! ਮਮਤਾ, ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ। copyright GurbaniShare.com all right reserved. Email |