Page 1305

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
ਐਹੋ ਜੇਹਾ ਕਿਹੜਾ ਤਰੀਕਾ ਹੈ, ਜਿਸ ਦੁਆਰਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋ ਜਾਵੇ, ਹੇ ਸੁਆਮੀ! ਠਹਿਰਾਉ।

ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
ਹੇ ਸੁਆਮੀ! ਮੈਨੂੰ ਤੇਰੇ ਮਨਸਾ-ਪੂਰਨਹਾਰ ਦਰਸ਼ਨ ਦੀ ਊਮੈਦ ਅਤੇ ਤ੍ਰੇਹ ਹੈ। ਮੇਰੇ ਚਿੱਤ ਨੂੰ ਤੈਨੂੰ ਵੇਖਣ ਦੀ ਉਮੰਗ ਅਤੇ ਤਾਂਘ ਹੈ।

ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥
ਪਾਣੀ ਲਈ ਮੱਛੀ ਦੀ ਪਿਆਸ ਵਾਂਗੂ ਮਸਕੀਨ ਸਾਧੂ, ਸਾਈਂ ਦੇ ਸਾਧੂ ਉਸ ਅੰਦਰ ਸਮਾਏ ਰਹਿੰਦੇ ਹਨ।

ਹਰਿ ਸੰਤਨਾ ਕੀ ਰੇਨ ॥
ਮੈਂ ਸਾਈਂ ਦੇ ਸਾਧੂਆਂ ਦੇ ਪੈਰਾ ਦੀ ਧੂੜ ਹਾਂ।

ਹੀਉ ਅਰਪਿ ਦੇਨ ॥
ਮੈਂ ਆਪਣੀ ਜਿੰਦੜੀ ਉਨ੍ਹਾਂ ਦੇ ਸਮਰਪਨ ਕਰਦਾ ਹਾਂ।

ਪ੍ਰਭ ਭਏ ਹੈ ਕਿਰਪੇਨ ॥
ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।

ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
ਹੇ ਨਾਨਕ! ਜਦ ਇਨਸਾਨ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਤਿਆਗ ਦਿੰਦਾ ਹੈ, ਤਦ ਉਹ ਆਪਣੇ ਪੂਜਨੀਯ ਪ੍ਰਭੂ ਨੂੰ ਮਿਲ ਪੈਦਾ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਰੰਗਾ ਰੰਗ ਰੰਗਨ ਕੇ ਰੰਗਾ ॥
ਵਿਚਿਤਰ ਅਤੇ ਅਦਭੁਤ ਪ੍ਰਭੂ ਪ੍ਰਾਣੀ ਨੂੰ ਆਪਣੇ ਹੀ ਰੰਗ ਵਿੱਚ ਰੰਗ ਦੇਦਾ ਹੈ।

ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥
ਕੀੜੀ ਤੋਂ ਲੈ ਕੇ ਹਾਥੀ ਤਾਈ, ਪ੍ਰਭੂ ਸਾਰਿਆਂ ਨਾਲ ਪੂਰੀ ਤਰ੍ਹਾਂ ਅਭੇਦ ਹੋਇਆ ਹੋਇਆ ਹੈ। ਠਹਿਰਾਉ।

ਬਰਤ ਨੇਮ ਤੀਰਥ ਸਹਿਤ ਗੰਗਾ ॥
ਬੰਦੇ ਵਰਤ ਰਖਦੇ ਹਨ, ਧਾਰਮਕ ਪ੍ਰਤੱਗਿਆ ਪਾਲਦੇ ਹਨ ਅਤੇ ਗੰਗਾ ਸਮੇਤ ਧਰਮ ਅਸਥਾਨਾਂ ਦੀ ਯਾਤ੍ਰਾ ਨੂੰ ਜਾਂਦੇ ਹਨ।

ਜਲੁ ਹੇਵਤ ਭੂਖ ਅਰੁ ਨੰਗਾ ॥
ਉਹ ਭੁੱਖ ਕੰਗਾਲਤਾ ਅਤੇ ਤਤੇ ਤੇ ਠੰਢੇ ਪਾਣੀ ਦੇ ਦੁਖ ਨੂੰ ਸਹਾਰਦੇ ਸਨ।

ਪੂਜਾਚਾਰ ਕਰਤ ਮੇਲੰਗਾ ॥
ਚੌਕੜੀ ਮਾਰ ਕੇ ਬੈਠ ਉਹ ਉਪਾਸ਼ਨਾ ਅਤੇ ਚੰਗੇ ਕਰਮ ਕਰਦੇ ਹਨ।

ਚਕ੍ਰ ਕਰਮ ਤਿਲਕ ਖਾਟੰਗਾ ॥
ਉਹ ਆਪਣੇ ਛੇ ਅੰਗਾਂ ਤੇ ਧਾਰਮਕ ਚਿੰਨ੍ਹ ਅਤੇ ਟਿੱਕੇ ਲਾਉਣ ਦੇ ਕੰਮ ਕਰਦੇ ਹਨ।

ਦਰਸਨੁ ਭੇਟੇ ਬਿਨੁ ਸਤਸੰਗਾ ॥੧॥
ਉਹ ਛੇ ਸ਼ਾਸਤਰ ਵਾਚਦੇ ਹਨ, ਪ੍ਰੰਤੂ ਸਤਿਸੰਗਤ ਨਾਲ ਉਹ ਨਹੀਂ ਜੁੜਦੇ।

ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥
ਇਨਸਾਨ ਪਰਮ ਹਠੀਲੇ ਕਰਮਕਾਡ ਕਰਦੇ ਹਨ ਅਤੇ ਆਪਣੇ ਸਿਰ ਪਰਨੇ ਖੜ੍ਹੇ ਰਹਿੰਦੇ ਹਨ।

ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥
ਇਸ ਤਰ੍ਹਾਂ ਉਨ੍ਹਾਂ ਨੂੰ ਹੰਕਾਰ ਦੀ ਬੀਮਾਰੀ ਲੱਗ ਜਾਂਦੀ ਹੈ ਅਤੇ ਉਹ ਬਦੀਆਂ ਤੋਂ ਛੁਟਕਾਰਾ ਨਹੀਂ ਪਾਂਦੇ।

ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥
ਉਹ ਵਿਸ਼ੇ ਭੋਗ, ਗੁੱਸੇ ਅਤੇ ਵੱਡੀਆਂ ਤੋਂ ਵੱਡੀਆਂ ਖਾਹਿਸ਼ਾਂ ਦੀ ਅੱਗ ਅੰਦਰ ਸੜਦੇ ਹਨ।

ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥
ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਹੇ ਨਾਨਕ! ਸ਼੍ਰੇਸ਼ਟ ਹਨ ਜਿਸ ਦੇ ਸੱਚੇ ਗੁਰਦੇਵ ਜੀ।

ਕਾਨੜਾ ਮਹਲਾ ੫ ਘਰੁ ੭
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥
ਸੰਤ ਸਰੂਪ ਪੁਰਸ਼ਾ ਨਾਲ ਮਿਲਣ ਦੁਆਰਾ ਮੇਰੀ ਪਿਆਸ ਮਿਟ ਗਈ ਹੈ।

ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥
ਅਡੋਲਤਾ ਅਤੇ ਆਰਾਮ ਨਾਲ ਵਾਹਿਗੁਰੂ ਦੀਆਂ ਸਿਫਸਤਾ ਹਰ ਪਲ ਅਤੇ ਹਰ ਦਮ ਗਾਇਨ ਕਰਨ ਅਤੇ ਪ੍ਰਭੂ ਦੇ ਦਰਸ਼ਨ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਪੰਜੇ ਤਸਕਰ ਦੌੜ ਜਾਂਦੇ ਹਨ। ਠਹਿਰਾਉ।

ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥
ਜਿਸ ਤਰ੍ਹਾਂ ਦੀ ਭਲਾਈ ਸੁਆਮੀ ਨੇ ਮੇਰੇ ਨਾਲ ਕੀਤੀ ਹੈ, ਉਸ ਤਰ੍ਹਾਂ ਦੀ ਮੈਂ ਉਸ ਨਾਲ ਕਿਸ ਤਰ੍ਹਾਂ ਕਰ ਸਕਦਾ ਹਾਂ?

ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥
ਤੇਰੇ ਉਤੋਂ, ਹੇ ਸਾਈਂ! ਮੇਰੀ ਜਿੰਦੜੀ ਘੋਲੀ ਘੋਲੀ, ਘੋਲੀ, ਘੋਲੀ, ਸਦੀਵ ਹੀ ਘੋਲੀ ਵੰਞਦੀ ਹੈ।

ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥
ਪਹਿਲੇ ਪਹਿਲ ਮੈਂ ਸਾਧੂਆਂ ਦੇ ਪੈਰੀ ਪੈਦਾ ਹਾਂ ਅਤੇ ਫਿਰ ਤੇਰੇ ਨਾਲ ਪ੍ਰੇਮ ਪਾ ਮੈਂ ਤੇਰਾ ਸਿਮਰਨ ਤੇ ਭਜਨ ਕਰਦਾ ਹਾਂ, ਹੇ ਸੁਆਮੀ!

ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥
ਹੇ ਸਾਈਂ! ਕੇਹੋ ਜਿਹਾ ਹੈ ਤੇਰਾ ਅਸਥਾਨ, ਜਿਸ ਉਤੇ ਬਿਰਾਜਮਾਨ ਹੋ ਤੂੰ ਆਪਣੇ ਜੀਵ ਜੰਤੂਆਂ ਦਾ ਖਿਆਲ ਕਰਦਾ ਹੈ?

ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥
ਤੈਡੇ ਅਨੇਕਾਂ ਹੀ ਸੇਵਕ, ਹੇ ਸੁਆਮੀ! ਤੇਰੀ ਮਹਿਮਾ ਗਾਇਨ ਕਰਦੇ ਹਨ।

ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥
ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ, ਹੇ ਸੁਆਮੀ! ਮਾਲਕ ਉਸ ਅੰਦਰ ਲੀਨ ਹੋਇਆ ਰਹਿੰਦਾ ਹੈ, ਹੇ ਗੋਲੇ ਨਾਨਕ!

ਏਕ ਤੂਹੀ ਤੂਹੀ ਤੂਹੀ ॥੨॥੧॥੩੭॥
ਤੂੰ, ਹਾਂ ਤੂੰ ਅਤੇ ਕੇਵਲ ਤੂੰ ਹੀ ਹੈ, ਸਾਰਾ ਕੁਛ ਹੇ ਮੇਰੇ ਸੁਆਮੀ!

ਕਾਨੜਾ ਮਹਲਾ ੫ ਘਰੁ ੮
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥
ਹੇ ਮੇਰੇ ਮਨੂਏ! ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦੇ। ਤੇਰਾ ਪਿਆਰਾ ਕ੍ਰਿਪਾਲ ਪ੍ਰਭੂ ਸਾਰਿਆਂ ਨੂੰ ਵੇਖ ਰਿਹਾ ਹੈ। ਹੇ ਮੇਰੀ ਜਿੰਦੇ! ਹੋ ਵੰਞ, ਹੋ ਵੰਞ, ਤੂੰ ਉਸ ਦੇ ਪੈਰਾ ਦੀ ਧੂੜ? ਠਹਿਰਾਉ।

ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥
ਰੱਬ ਦੇ ਸਾਧੂਆਂ ਦੇ ਉਪਦੇਸ਼ ਦੁਆਰਾ, ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸ਼ਨਹਾਰ ਦੀ ਗਿਆਤ ਅਤੇ ਸਿਮਰਨ ਨਾਲ ਰੰਗੀਜ ਵੰਞ।

ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥
ਆਪਣੇ ਦਿਲ ਨਾਲ ਤੂੰ ਆਪਣੇ ਮਸਕੀਨਾਂ ਤੇ ਮਿਹਰਬਾਨ ਅਤੇ ਮਨਮੋਹਨ ਮਾਲਕ ਦੀ ਸਿਫ਼ਤ ਗਾਇਨ ਕਰ ਅਤੇ ਉਸ ਦੇ ਕੰਵਲ ਪੈਰਾਂ ਨਾਲ ਪਿਰਹੜੀ ਪਾ।

ਕ੍ਰਿਪਾਲ ਦਇਆ ਮਇਆ ਧਾਰਿ ॥
ਹੇ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਰਹਿਮਤ ਅਤੇ ਮਿਹਰ ਕਰ।

ਨਾਨਕੁ ਮਾਗੈ ਨਾਮੁ ਦਾਨੁ ॥
ਹੇ ਪ੍ਰਭੂ! ਨਾਨਕ ਤੇਰੇ ਪਾਸੋਂ ਨਾਮ ਦੀ ਖੈਰ ਮੰਗਦਾ ਹੈ।

ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥
ਉਸ ਨੇ ਆਪਣੀ ਸਾਰੀ ਸੰਸਾਰੀ ਮਮਤਾ, ਸੰਦੇਹ ਅਤੇ ਸਵੈ-ਹੰਗਤਾ ਛੱਡ ਛੱਡੀ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥
ਹਰੀ ਦੇ ਜੱਸ ਦਾ ਉਚਾਰਨ ਪਾਪਾਂ ਦੀ ਮੈਲ ਨੂੰ ਸਾੜ ਸੁਟਦਾ ਹੈ। ਗੁਰਾਂ ਨਾਲ ਮਿਲਣ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਕਿਸੇ ਹੋਰ ਤਦਬੀਰ ਰਾਹੀਂ ਇਹ ਪ੍ਰਾਪਤ ਨਹੀਂ ਹੁੰਦਾ। ਠਹਿਰਾਉ।

copyright GurbaniShare.com all right reserved. Email