Page 1304

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥
ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਅੰਦਰ ਗਲਤਾਨ ਹੋਣਾ ਜੰਮਣ ਅਤੇ ਮਰਨ ਦੀ ਕਾਨ ਹੈ।

ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥
ਹੇ ਨਾਨਕ! ਮੈਂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਮੈਂ ਜਾਣਦਾ ਹਾਂ ਕਿ ਮੇਰਾ ਪਾਰ ਉਤਾਰਾ ਹੋ ਜਾਵੇਗਾ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਅਵਿਲੋਕਉ ਰਾਮ ਕੋ ਮੁਖਾਰਬਿੰਦ ॥
ਮੈਂ ਆਪਣੇ ਸੁਆਮੀ ਦੇ ਕੰਵਲ ਸਰੂਪ ਮੁਖੜੇ ਨੂੰ ਵੇਖਦਾ ਹਾਂ।

ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥
ਖੂੰਡ ਭਾਲ ਕੇ ਮੈਂ ਆਪਣੇ ਪ੍ਰਭੂ ਦੇ ਨਾਮ ਹੀਰੇ ਨੂੰ ਲੱਭ ਲਿਆ ਹੈ ਅਤੇ ਹੁਣ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।

ਚਰਨ ਕਮਲ ਰਿਦੈ ਧਾਰਿ ॥
ਸਾਹਿਬ ਦੇ ਕੰਵਲ ਪੈਰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ,

ਉਤਰਿਆ ਦੁਖੁ ਮੰਦ ॥੧॥
ਮੇਰੀ ਪੀੜ ਅਤੇ ਬੁਰਾਈ ਮਿਟ ਗਈਆਂ ਹਨ।

ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥
ਉਹ ਸ਼੍ਰਿਸ਼ਟੀ ਦਾ ਸੁਆਮੀ ਮੇਰੀ ਪਾਤਿਸ਼ਾਹੀ ਦੌਲਤ, ਟੱਬਰ ਕਬੀਲਾ ਅਤੇ ਸਾਰਾ ਕੁਛ ਹੀ ਹੈ।

ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥
ਸਤਿਸੰਗਤ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਕਮਾ ਲਿਆ ਹੈ ਅਤੇ ਇਸ ਲਈ ਉਹ ਮੁੜ ਕੇ ਮਰੇਗਾ ਨਹੀਂ।

ਕਾਨੜਾ ਮਹਲਾ ੫ ਘਰੁ ੫
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਪ੍ਰਭ ਪੂਜਹੋ ਨਾਮੁ ਅਰਾਧਿ ॥
ਤੂੰ ਆਪਣੇ ਸਾਈਂ ਦੀ ਉਪਾਸ਼ਨਾ ਕਰ, ਉਸ ਦੇ ਨਾਮ ਨੂੰ ਸਿਮਰ,

ਗੁਰ ਸਤਿਗੁਰ ਚਰਨੀ ਲਾਗਿ ॥
ਅਤੇ ਵਿਸ਼ਾਲ ਸੱਚੇ ਗੁਰਾਂ ਦੇ ਪੈਰੀ ਪਊ।

ਹਰਿ ਪਾਵਹੁ ਮਨੁ ਅਗਾਧਿ ॥
ਅਲਖ ਪ੍ਰਭੂ ਤੇਰੇ ਹਿਰਦੇ ਵਿੱਚ ਆ ਜਾਵੇਗਾ,

ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥
ਅਤੇ ਤੂੰ ਸੰਸਾਰ ਨੂੰ ਜਿੱਤ ਲਵੇਂਗਾ, ਗੁਰਾਂ ਦੀ ਦਇਆ ਦੁਆਰਾ। ਠਹਿਰਾਉ।

ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥
ਅਨੇਕਾਂ ਉਪਾਸ਼ਨਾਵਾ ਮੈਂ ਬਹੁਤੇਰਿਆਂ ਤਰੀਕਿਆਂ ਨਾਲ ਪੜਤਾਲੀਆਂ ਹਨ। ਕੇਵਲ ਉਹ ਹੀ ਅਸਲ ਉਪਾਸ਼ਨਾ ਹੈ, ਜੋ ਮੇਰੇ ਵਾਹਿਗੁਰੂ ਨੂੰ ਚੰਗੀ ਲਗਦੀ ਹੈ।

ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥
ਇਹ ਦੇਹ ਦੀ ਗੁੱਡੀ ਮਿੱਟੀ ਦੀ ਬਣੀ ਹੋਈ ਹੈ। ਤਦ ਇਹ ਆਪਣੇ ਆਪ ਕਿਹੜਾ ਕੰਮ ਨੇਪਰੇ ਚਾੜ੍ਹ ਸਕਦੀ ਹੈ?

ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥
ਹੇ ਪ੍ਰਭੂ! ਜਿਸ ਕਿਸੇ ਨੂੰ ਭੀ ਬਾਜੂ ਤੋਂ ਪਕੜ ਕੇ, ਤੂੰ ਸਿੱਧੇ ਰਸਤੇ ਪਾਉਂਦਾ ਹੈ, ਕੇਵਲ ਉਹ ਜੀਵ ਹੀ ਤੇਰੇ ਨਾਲ ਆ ਮਿਲਦਾ ਹੈ।

ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥
ਹੇ ਵਾਹਿਗੁਰੂ! ਮੈਂ ਹੋਰ ਕਿਸੇ ਆਸਰੇ ਨੂੰ ਨਹੀਂ ਜਾਣਦਾ। ਕੇਵਲ ਤੂੰ ਹੀ ਮੇਰਾ ਆਸਰਾ ਅਤੇ ਉਮੈਦ ਹੈ।

ਕਿਆ ਦੀਨੁ ਕਰੇ ਅਰਦਾਸਿ ॥
ਮੈਂ ਗਰੀਬੜਾ ਕੀ ਬੇਨਤੀ ਕਰ ਸਕਦਾ ਹਾਂ,

ਜਉ ਸਭ ਘਟਿ ਪ੍ਰਭੂ ਨਿਵਾਸ ॥
ਜਦ ਕਿ ਸਾਈਂ ਸਾਰਿਆਂ ਦਿਲਾਂ ਅੰਦਰ ਵਸ ਰਿਹਾ ਹੈ?

ਪ੍ਰਭ ਚਰਨਨ ਕੀ ਮਨਿ ਪਿਆਸ ॥
ਮੇਰੇ ਚਿੱਤ ਨੂੰ ਸਾਈਂ ਦੇ ਪੈਰਾ ਦੀ ਛੂਹ ਦੀ ਤ੍ਰੇਹ ਲੱਗੀ ਹੋਈ ਹੈ।

ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥
ਸੇਵਕ ਨਾਨਕ ਤੇਰਾ ਗੋਲਾ ਕਹਿੰਦਾ ਹੈ, ਕੁਰਬਾਨ, ਕੁਰਬਾਨ, ਸਦੀਵ ਹੀ ਕੁਰਬਾਨ ਜਾਂਦਾ ਹਾਂ ਮੈਂ ਤੇਰੇ ਉਤੋਂ, ਹੇ ਮੇਰੇ ਮਾਲਕ!

ਕਾਨੜਾ ਮਹਲਾ ੫ ਘਰੁ ੬
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥
ਤੈਡਾ ਨਾਮ, ਹੇ ਮੇਰੇ ਪਿਆਰੇ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ।

ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥
ਮੇਰੇ ਵਾਹਿਗੁਰੂ ਦਾ ਨਾਮ ਧਨ-ਦੌਲਤ ਦੇ ਨੌ ਖ਼ਜ਼ਾਨੇ ਹੈ।

ਹਰਿ ਰੰਗ ਰੰਗ ਰੰਗ ਅਨੂਪੇਰੈ ॥
ਮੇਰੇ ਸੁੰਦਰ ਸੁਆਮੀ, ਜੋ ਕੋਈ ਭੀ ਤੇਰੀ ਪ੍ਰੀਤ ਨਾਲ ਰੰਗੀਜਿਆ ਹੈ, ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ।

ਕਾਹੇ ਰੇ ਮਨ ਮੋਹਿ ਮਗਨੇਰੈ ॥
ਤੂੰ ਕਿਉਂ, ਹੇ ਮੇਰੀ ਜਿੰਦੜੀਏ! ਸੰਸਾਰੀ ਮਮਤਾ ਨਾਲ ਚਿਮੜੀ ਹੋਈ ਹੈ।

ਨੈਨਹੁ ਦੇਖੁ ਸਾਧ ਦਰਸੇਰੈ ॥
ਆਪਣਿਆ ਨੇਤ੍ਰਾਂ ਨਾਲ ਤੂੰ ਸੰਤਾ ਦਾ ਦਰਸ਼ਨ ਵੇਖ।

ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥
ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਮੱਕੇ ਉਤੇ ਐਸੀ ਲਿਖਤਾਕਾਰ ਹੈ। ਠਹਿਰਾਉ।

ਸੇਵਉ ਸਾਧ ਸੰਤ ਚਰਨੇਰੈ ॥
ਮੈਂ ਨੇਕ ਬੰਦਿਆਂ ਅਤੇ ਪਵਿੱਤ੍ਰ ਪੁਰਸ਼ਾ ਦੇ ਪੈਰਾ ਦੀ ਘਾਲ ਕਮਾਉਂਦਾ ਹਾਂ।

ਬਾਂਛਉ ਧੂਰਿ ਪਵਿਤ੍ਰ ਕਰੇਰੈ ॥
ਮੈਂ ਉਨ੍ਹਾਂ ਦੇ ਪੈਰਾ ਦੀ ਧੂੜ ਨੂੰ ਲੋਚਦਾ ਹਾਂ, ਜੋ ਮੈਨੂੰ ਪਾਵਨ ਪੁਨੀਤ ਕਰਦੀ ਹੈ।

ਅਠਸਠਿ ਮਜਨੁ ਮੈਲੁ ਕਟੇਰੈ ॥
ਇਹ ਅਠਾਹਟ ਤੀਰਥਾਂ ਦੇ ਇਸ਼ਨਾਨ ਤੋਂ ਅਧਿਕ ਹੈ ਅਤੇ ਮੇਰੀ ਮਲੀਣਤਾ ਨੂੰ ਧੋ ਸੁਟਦੀ ਹੈ।

ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥
ਆਪਣੇ ਹਰ ਸੁਆਸ ਨਾਲ ਮੈਂ ਆਪਣੇ ਸਾਈਂ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਆਪਣਾ ਮੂੰਹ ਉਸ ਵੱਲੋ ਨਹੀਂ ਮੋੜਦਾ।

ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥
ਲੱਖਾਂ ਅਤੇ ਕ੍ਰੋੜਾ ਰੁਪਿਆਂ ਵਿਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ।

ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥
ਕੇਵਲ ਮਹਾਰਾਜ ਮਾਲਕ ਦਾ ਨਾਮ ਹੀ ਹੈ ਜੋ ਅਖੀਰ ਦੇ ਵੇਨੇ ਪ੍ਰਾਣੀ ਨੂੰ ਪੁਕਾਰਦਾ ਹੈ।

ਮਨਸਾ ਮਾਨਿ ਏਕ ਨਿਰੰਕੇਰੈ ॥
ਆਪਣੇ ਮਨ ਅੰਦਰ ਤੂੰ ਇਕ ਰੂਪ ਰੰਗ ਰਹਿਤ ਸੁਆਮੀ ਦੀ ਉਪਾਸ਼ਨਾ ਕਰ,

ਸਗਲ ਤਿਆਗਹੁ ਭਾਉ ਦੂਜੇਰੈ ॥
ਅਤੇ ਹੋਰ ਸਾਰਿਆਂ ਦੇ ਪਿਆਰ ਤੋਂ ਖਲਾਸੀ ਪਾ ਜਾ।

ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥
ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਸਿਫਤਾਂ ਉਚਾਰਣ ਕਰ ਸਕਦਾ ਹਾਂ, ਹੇ ਮੇਰੇ ਪ੍ਰੀਤਮਾਂ?

ਬਰਨਿ ਨ ਸਾਕਉ ਏਕ ਟੁਲੇਰੈ ॥
ਮੈਂ ਤੇਰੀ ਇਕ ਸਿਫ਼ਤ ਦਾ ਭੀ ਵਰਨਣ ਨਹੀਂ ਕਰ ਸਕਦਾ।

ਦਰਸਨ ਪਿਆਸ ਬਹੁਤੁ ਮਨਿ ਮੇਰੈ ॥
ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਬਹੁਤ ਹੀ ਤਿਹਾਇਆ ਹੈ?

ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥
ਹੇ ਸੰਸਾਰ ਦੇ ਗੁਰੂ, ਪ੍ਰਕਾਸ਼ਵਾਨ ਪ੍ਰਭੂ! ਤੂੰ ਨਾਨਕ ਨੂੰ ਮਿਲ ਪਊ।

copyright GurbaniShare.com all right reserved. Email