Page 1248

ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥
ਕਸਮਲ ਅਤੇ ਕੁਕਰਮ ਲੋਹੇ ਦੀ ਮੈਲ ਦੇ ਮਾਨੰਦ ਹਨ। ਉਸ ਨੇ ਇਨ੍ਹਾਂ ਸਾਰਿਆਂ ਦਾ ਬਹੁਤ ਹੀ ਭਾਰ ਬੋਝ ਲੱਦਿਆ ਹੋਇਆ ਹੈ।

ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥
ਕਠਨ ਅਤੇ ਭਿਆਨਕ ਹੈ ਰਸਤਾ। ਨਦੀ ਕਿਸ ਤਰ੍ਹਾਂ ਪਾਰ ਕੀਤੀ ਜਾ ਸਕਦੀ ਹੈ?

ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥
ਨਾਨਕ, ਜਿਨ੍ਹਾਂ ਦੀ ਗੁਰੂ ਜੀ ਰਖਿਆ ਕਰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਸੁਆਮੀ ਦਾ ਨਾਮ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
ਸੱਚੇ ਗੁਰੂ ਦੀ ਘਾਲ ਕਮਾਉਣ ਦੇ ਦਬਾਝੋਂ, ਜੀਵ ਨੂੰ ਆਰਾਮ ਪਰਾਪਤ ਨਹੀਂ ਹੁੰਦਾ ਤੇ ਉਹ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।

ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥
ਉਸ ਨੂੰ ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਦਿੱਤੀ ਗਈ ਹੈ ਅਤੇ ਦਵੈਤ-ਭਾਵ ਨਾਲ ਲਗ ਉਹ ਘਣੇਰੇ ਕੁਕਰਮ ਕਮਾਉਂਦਾ ਹੈ।

ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥
ਕਈ ਗੁਰਾਂ ਦੀ ਦਇਆ ਦੁਆਰਾ ਬਚ ਜਾਂਦੇ ਹਨ। ਐਸੇ ਪੁਰਸ਼ਾਂ ਨੂੰ ਹਰ ਕੋਈ ਪ੍ਰਣਾਮ ਕਰਦਾ ਹੈ।

ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥
ਨਾਨਕ, ਆਪਣੇ ਹਿਰਦੇ ਅੰਦਰ ਤੂੰ ਰੈਣ ਅਤੇ ਦਿਨ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਦੁਆਰਾ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾ।

ਮਃ ੩ ॥
ਤੀਜੀ ਪਾਤਿਸ਼ਾਹੀ।

ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥
ਸੰਸਾਰੀ ਪਦਾਰਥ ਦੀ ਮਮਤਾ ਅੰਦਰ ਪ੍ਰਾਣੀ ਨੇ ਸੱਚ, ਮੌਤ ਅਤੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ।

ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥
ਸੰਸਾਰੀ ਕੰਮ ਕਰਦਿਆਂ ਉਸ ਦਾ ਜੀਵਨ ਬੀਤ ਜਾਂਦਾ ਹੈ ਅਤੇ ਉਹ ਆਪਣੇ ਅੰਦਰ ਤਕਲੀਫ ਸਹਾਰਦਾ ਹੈ।

ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨ੍ਹ੍ਹ ਪੂਰਬਿ ਲਿਖਿਆ ਕਰਾਮੁ ॥੨॥
ਨਾਨਕ ਜਿਨ੍ਹਾਂ ਦੇ ਕਰਮ ਵਿੱਚ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਸੱਚੇ ਗੁਰਾਂ ਦੀ ਚਾਕਰੀ ਕਮਾ ਆਰਾਮ ਪਾਉਂਦੇ ਹਨ।

ਪਉੜੀ ॥
ਪਉੜੀ।

ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥
ਤੂੰ ਪ੍ਰਭੂ ਦੇ ਨਾਮ ਦਾ ਹਿਸਾਬ ਕਿਤਾਬ ਪੜ੍ਹ ਅਤੇ ਤੇਰੇ ਪਾਸੋ ਮੁੜ ਕੇ, ਇਸਾਬ ਕਿਤਾਬ ਪੁਛਿਆ ਨਹੀਂ ਜਾਵੇਗਾ।

ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥
ਤੇਰੇ ਕੋਲੋ ਕੋਈ ਭੀ ਪੁਛ-ਗਿੱਛ ਨਹੀਂ ਕਰੇਗਾ ਅਤੇ ਰੱਬ ਦੇ ਦਰਬਾਰ ਅੰਦਰ ਤੈਨੂੰ ਸਦੀਵ ਹੀ ਪਨਾਹ ਮਿਲੇਗੀ।

ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥
ਮੌਤ ਦਾ ਦੂਤ ਮਿਲ ਕੇ ਤੈਨੂੰ ਪ੍ਰਣਾਮ ਕਰੇਗਾ ਅਤੇ ਸਦਾ ਹੀ ਤੇਰਾ ਨੌਕਰ ਬਣਿਆ ਰਹੇਗਾ।

ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥
ਪੂਰਨ ਗੁਰਾਂ ਦੇ ਰਾਹੀਂ, ਤੂੰ ਆਪਣੇ ਮਾਲਕ ਕੇ ਮੰਦਰ ਨੂੰ ਪਰਾਪਤ ਹੋ ਜਾਵੇਗਾ ਅਤੇ ਤੇਰੀ ਪ੍ਰਭਤਾ ਸੰਸਾਰ ਅੰਦਰ ਪ੍ਰਸਿੱਧ ਹੋ ਜਾਵੇਗੀ।

ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
ਨਾਨਕ, ਤੇਰੇ ਮਨ ਦੇ ਬੂਹੇ ਤੇ ਬੈਕੁੰਠੀ ਕੀਰਤਨ ਹੋਵੇਗਾ ਅਤੇ ਤੂੰ ਉਸ ਮਾਲਕ ਦੇ ਨਾਲ ਮਿਲ ਜਾਵੇਗਾ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥
ਜੇਕਰ ਜੀਵ ਗੁਰਾਂ ਦੇ ਹੁਕਮ ਦੀ ਪਾਲਣਾ ਕਰੇ ਤਾਂ ਸਾਰੀਆਂ ਖੁਸ਼ੀਆਂ ਵਿਚੋਂ ਉਹ ਪਰਮ ਸਰੇਸ਼ਟ ਖੁਸ਼ੀ ਨੂੰ ਪਾ ਲੈਂਦਾ ਹੈ।

ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥
ਜੇਕਰ ਬੰਦਾ ਗੁਰਾਂ ਦੇ ਦੰਸੇ ਅਨੁਸਾਰ ਕਰਮ ਕਰੇ ਤਾਂ ਉਸ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਹੇ ਨਾਨਕ! ਉਹ ਪਾਰ ਉਤਰ ਜਾਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
ਸੱਚਾ ਸੁਆਮੀ ਬੁੱਢਾ ਨਹੀਂ ਹੁੰਦਾ ਅਤੇ ਉਸ ਦਾ ਨਾਮ ਗੰਦਾ ਨਹੀਂ ਹੁੰਦਾ।

ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥
ਜੋ ਗੁਰਾ ਦੀ ਰਜਾ ਅੰਰਦ ਟੁਰਦਾ ਹੈ ਉਹ ਮੁੜ ਕੇ ਜਨਮ ਨਹੀਂ ਧਾਰਦਾ।

ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥
ਨਾਨਕ, ਜੋ ਕੋਈ ਨਾਮ ਨੂੰ ਭੁਲਾਉਂਦਾ ਹੈ, ਉਹ ਦੋਵੇ ਆਉਂਦਾ ਅਤੇ ਜਾਂਦਾ ਹੈ।

ਪਉੜੀ ॥
ਪਉੜੀ।

ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥
ਮੇਰੇ ਪ੍ਰਭੂ ਮੈਂ ਤੇਰਾ ਭਿਖਾਰੀ, ਇਕ ਦਾਤ ਮੰਗਦਾ ਹਾਂ। ਮੈਨੂੰ ਸ਼ਸ਼ੋਭਤ ਕਰਨ ਨਹੀਂ ਤੂੰ ਮੈਨੂੰ ਇਸ ਨੂੰ ਪਰਦਾਨ ਕਰ।

ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥
ਹੇ ਪ੍ਰਭੂ! ਮੈਨੂੰ ਤੇਰੇ ਦੀਦਾਰ ਦੀ ਤੇਹ ਹੈ। ਤੇਰੇ ਦੀਦਾਰ ਨਾਲ ਮੈਂ ਸੰਤੁਸ਼ਟ ਹੋ ਜਾਂਦਾ ਹਾਂ।

ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥
ਮੈਂ ਇਕ ਛਿਨ, ਚਸਾ ਤੇ ਮੁਹਤ ਭਰ ਭੀ ਜੀਊ ਨਹੀਂ ਸਕਦਾ। ਵਾਹਿਗੁਰੂ ਨੂੰ ਵੇਖਣ ਦੇ ਬਗੈਰ ਮੈਂ ਮਰ ਜਾਂਦਾ ਹਾਂ, ਹੈ ਮੇਰੀ ਮਾਤਾ!

ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥
ਸੱਚੇ ਗੁਰਾਂ ਨੇ ਸੁਆਮੀ ਮੈਨੂੰ ਮੇਰੇ ਸਾਥ ਹੀ ਵਿਖਾਲ ਦਿੱਤਾ ਹੈ। ਉਹ ਸਾਰਿਆਂ ਥਾਵਾਂ ਅੰਦਰ ਰਮ ਰਿਹਾ ਹੈ।

ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥
ਨਾਨਕ ਸੁਆਮੀ ਖੁਦ ਸੁੱਤੇ ਹੋਏ ਇਨਸਾਨ ਨੂੰ ਜਗਾ ਕੇ ਉਸ ਨੂੰ ਆਪਣੀ ਪ੍ਰੀਤ ਨਾਲ ਜੋੜ ਦਿੰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਮਨਮੁਖ ਬੋਲਿ ਨ ਜਾਣਨ੍ਹ੍ਹੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
ਆਪ-ਹੁਦਰੇ ਗੱਲ ਕਰਨੀ ਨਹੀਂ ਜਾਣਦੇ। ਉਹਨਾ ਦੇ ਅੰਦਰ ਸ਼ਹਿਵਤ, ਗੁੱਸਾ ਅਤੇ ਗ਼ਰੂਰ ਹੈ।

ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥
ਉਹ ਚੰਗੇ ਅਤੇ ਮੰਦੇ ਦੀ ਪਛਾਣ ਨਹੀਂ ਕਰਦੇ ਅਤੇ ਹਮੇਸ਼ਾਂ ਬੁਰਾ ਹੀ ਸੋਚਦੇ ਹਨ।

ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥
ਪ੍ਰਭੂ ਦੇ ਦਰਬਾਰ ਅੰਦਰ, ਉਨ੍ਹਾਂ ਕੋਲੋ ਇਸਾਬ ਕਿਤਾਬ ਪੁਛਿਆ ਜਾਂਦਾ ਹੈ ਅਤੇ ਉਥੇ ਉਹ ਝੁਠੇ ਕਰਾਰ ਦਿਤੇ ਜਾਂਦੇ ਹਨ।

ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥
ਸਿਰਜਣਹਾਰ ਖੁਦ ਸੰਸਾਰ ਨੂੰ ਸਾਜਦਾ ਹੈ ਅਤੇ ਖੁਦ ਹੀ ਇਸ ਦਾ ਖਿਆਲ ਕਰਦਾ ਹੈ।

ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥
ਨਾਨਕ ਬੰਦਾ ਕੀਹਨੂੰ ਕਹੇ, ਕਿ ਸੱਚਾ ਸੁਆਮੀ, ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਹਰਿ ਗੁਰਮੁਖਿ ਤਿਨ੍ਹ੍ਹੀ ਅਰਾਧਿਆ ਜਿਨ੍ਹ੍ਹ ਕਰਮਿ ਪਰਾਪਤਿ ਹੋਇ ॥
ਕੇਵਲ ਉਹ ਹੀ ਗੁਰਾ ਦੀ ਦਇਆ ਦੁਆਰਾ ਹਰੀ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੀ ਚੰਗੀ ਪ੍ਰਾਲਭਧ ਹੁੰਦੀ ਹੈ।

ਨਾਨਕ ਹਉ ਬਲਿਹਾਰੀ ਤਿਨ੍ਹ੍ਹ ਕਉ ਜਿਨ੍ਹ੍ਹ ਹਰਿ ਮਨਿ ਵਸਿਆ ਸੋਇ ॥੨॥
ਨਾਨਕ, ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਚਿੱਤ ਅੰਦਰ ਸੁਆਮੀ ਨਿਵਾਸ ਰਖਦਾ ਹੈ।

ਪਉੜੀ ॥
ਪਉੜੀ।

ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥
ਜਿੰਦਗੀ ਨੂੰ ਲੰਮੀ ਸਮਝ ਕੇ, ਸਮੂਹ ਇਨਸਾਨ ਉਮੈਦ ਬੰਨ੍ਹਦੇ ਹਨ।

ਨਿਤ ਜੀਵਣ ਕਉ ਚਿਤੁ ਗੜ੍ਹ੍ਹ ਮੰਡਪ ਸਵਾਰਿਆ ॥
ਆਪਣੇ ਮਨ ਅੰਦਰ ਉਹ ਸਦਾ ਹੀ ਜੀਉਣਾ ਲੋੜਦੇ ਹਨ ਅਤੇ ਆਪਣੇ ਕਿਲਿ੍ਹਆਂ ਤੇ ਮੰਦਰਾਂ ਨੂੰ ਸ਼ਿੰਗਾਰਦੇ ਹਨ।

ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥
ਵਲਛਲ ਕਮਾ ਅਤੇ ਅਨੇਕਾਂ ਉਪਰਾਲੇ ਕਰ, ਉਹ ਹੋਰਨਾ ਦੀ ਦੌਲਤ ਖੋਹ ਖਿੰਜ ਕੇ ਆਪਣੇ ਘਰ ਲਿਆਉਂਦੇ ਹਨ।

ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥
ਮੌਤ ਦਾ ਦੂਤ ਉਨ੍ਹਾਂ ਦੇ ਸੁਆਸ ਤਾੜਦਾ ਹੈ ਅਤੇ ਉਹਨਾਂ ਭੂਤਨਿਆਂ ਦੀ ਆਰਬਲਾ ਹਰ ਰੋਜ਼ ਘਟਦੀ ਜਾਂਦੀ ਹੈ।

copyright GurbaniShare.com all right reserved. Email