ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ ਜੋ ਕੁਛ ਲਿਖਿਆ ਹੋਇਆ ਹੈ, ਉਹ ਹੀ ਵਾਪਰਦਾ ਹੈ ਹੇ ਨਾਨਕ! ਅਤੇ ਜਿਹੜਾ ਕੁਝ ਕਰਤਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਤੀਵੀਆਂ ਗਿਆਨਣਾ ਹੋ ਗਈਆਂ ਹਨ ਅਤੇ ਆਦਮੀ ਸ਼ਿਕਾਰੀ ਹੋ ਗਏ ਹਨ। ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਨਿਮਰਤਾ, ਸਵੈ-ਜਬਤ ਅਤੇ ਪਵਿੱਤਰਤਾ ਉਹਨਾਂ ਪਾਸੋ ਨੱਸ ਗਈਆਂ ਹਨ ਅਤੇ ਉਹ ਨਾਂ ਹਜਮ ਹੋਣ ਵਾਲਾ ਭੋਜਨ ਖਾਂਦੇ ਹਨ। ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਲੱਜਿਆ ਆਪਣੇ ਗ੍ਰਹਿ ਨੂੰ ਚਲੀ ਗਈ ਹੈ ਅਤੇ ਇੱਜ਼ਤ-ਆਬਰੂ ਭੀ ਖੜੀ ਹੋ ਉਸ ਦੇ ਨਾਮ ਟੁਰ ਗਈ ਹੈ। ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ ਨਾਨਕ ਕੇਵਲ ਸੁਆਮੀ ਹੀ ਸੱਚਾ ਸੁਚਾ ਹੈ। ਤੂੰ ਕਿਸੇ ਹੋਰ ਸੱਚੇ ਦੀ ਖੋਜ-ਭਾਲ ਨਾਂ ਕਰ। ਪਉੜੀ ॥ ਪਉੜੀ। ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ ਤੂੰ ਆਪਣੀ ਦੇਹ ਨੂੰ ਬਾਹਰੋ ਸੁਆਹ ਮਲਦਾ ਹੈ ਪ੍ਰੰਤੂ ਤੇਰੇ ਅੰਦਰ ਅਨ੍ਹੇਰਾ-ਘੁਪ ਹੈ। ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ ਤੇਰਾ ਕੋਲ ਖਫਨੀ ਤੇ ਥੈਲਾ ਹੈ ਅਤੇ ਤੂੰ ਬਹੁਤੇ ਧਾਰਮਕ ਬਾਣੇ ਪਹਿਨਦਾ ਹੈ, ਪ੍ਰੰਤੂ ਤੂੰ ਖੋਟੀ ਅਕਲ ਵਾਲਾ ਅਤੇ ਮਗਰੂਰ ਹੈ। ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਤੂੰ ਆਪਣਾ ਮਨ ਧਨ-ਦੌਲਤ ਦੇ ਪਿਆਰ ਅੰਦਰ ਖਿਲਾਰਿਆ ਹੋਇਆ ਹੈ। ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ ਤੇਰੇ ਅੰਦਰੋ ਲੋਭ ਅਤੇ ਸੰਦੇਹ ਹੈ ਅਤੇ ਤੂੰ ਮੂਰਖ ਭਟਕਦਾ ਫਿਰਦਾ ਹੈ। ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥ ਤੂੰ ਪ੍ਰਭੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਆਪਣੇ ਖੇਡ ਜੂਏ ਵਿੱਚ ਹਾਰ ਦਿਤੀ ਹੈ, ਹੇ ਨਾਨਕ! ਸਲੋਕ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ ਜੀਵ ਲੱਖਾਂ ਨੂੰ ਪਿਆਰ ਕਰੇ ਤੇ ਲੱਖਾਂ ਸਾਲ ਜੀਉਂਦਾ ਰਹੇ, ਕੀ ਹਨ ਇਹ ਮਨ-ਮੌਜਾ ਤੇ ਕੀ ਇਹ ਉਮੰਗਾ? ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ ਉਨ੍ਹਾਂ ਨਾਲੋ ਵਖਰੇ ਹੋਣ ਤੇ, ਜੁਦਾਇਗੀ ਵਿਹੁ ਰੂਪ ਹੋ ਜਾਂਦੀ ਹੈ ਅਤੇ ਖੁਸ਼ੀ ਇਕ ਮੁਹਤ ਵਿੱਚ ਉਡ ਪੁੱਜ ਜਾਂਦੀ ਹੈ। ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ ਜੇਕਰ ਬੰਦਾ ਸੌ ਸਾਲ ਮਿਠਿਆਈ ਖਾਂਦਾ ਰਹੇ ਤਾਂ ਭੀ ਉਸ ਨੂੰ ਆਖਰਕਾਰ ਕਊੜੀ ਸ਼ੈ ਖਾਣੀ ਪਏਗੀ। ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ ਤਦ ਮਿਠਿਆਈ ਖਾਧੀ ਹੋਈ ਉਸ ਨੂੰ ਚੇਤੇ ਹੀ ਨਹੀਂ ਆਉਂਦੀ ਅਤੇ ਕਊੜਾਪਣ ਉਸ ਦੀ ਦੇਹ ਅੰਦਰ ਰਮ ਜਾਂਦਾ ਹੈ। ਮਿਠਾ ਕਉੜਾ ਦੋਵੈ ਰੋਗ ॥ ਮਿੱਠੀਆਂ ਅਤੇ ਕੌੜੀਆਂ ਸ਼ੈਆਂ ਦੋਨੋ ਹੀ ਬੀਮਾਰੀਆਂ ਹਨ। ਨਾਨਕ ਅੰਤਿ ਵਿਗੁਤੇ ਭੋਗ ॥ ਉਨ੍ਹਾਂ ਅੰਦਰ ਪਰਵਿਰਤ ਹੋ, ਹੇ ਨਾਨਕ! ਪ੍ਰਾਣੀ ਓੜਕ ਨੂੰ ਬਰਬਾਦ ਹੋ ਜਾਂਦੇ ਹਨ। ਝਖਿ ਝਖਿ ਝਖਣਾ ਝਗੜਾ ਝਾਖ ॥ ਉਨ੍ਹਾਂ ਅੰਦਰ ਖਪਣਾ, ਵਿਆਕੁਲ ਹੋਣਾ ਤੇ ਮਰ ਮੁਕਣਾ ਇਕ ਨਿਕੰਮਾ ਬਖੇੜਾ ਹੈ। ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥ ਫਿਰ ਭੀ ਪ੍ਰਾਣੀ ਉਨ੍ਹਾਂ ਦੇ ਨੇੜੇ ਲਗ, ਉਨ੍ਹਾਂ ਵਿੱਚ ਖਪ ਤੇ ਵਿਆਕੁਲ ਹੋ, ਅੰਤ ਨੂੰ ਤਬਾਹ ਹੋ ਜਾਂਦੇ ਹਨ। ਮਃ ੧ ॥ ਪਹਿਲੀ ਪਾਤਿਸ਼ਾਹੀ। ਕਾਪੜੁ ਕਾਠੁ ਰੰਗਾਇਆ ਰਾਂਗਿ ॥ ਕਪੜੇ ਅਤੇ ਲਕੜ ਦਾ ਸਾਮਾਨ ਅਨੇਕਾਂ ਰੰਗਾਂ ਨਾਲ ਰੰਗੇ ਜਾਂਦੇ ਹਨ। ਘਰ ਗਚ ਕੀਤੇ ਬਾਗੇ ਬਾਗ ॥ ਚੂਨੇ ਨਾਲ ਗ੍ਰਹਿ ਦੁਧ ਵਰਗੇ ਚਿੱਟੇ ਕੀਤੇ ਜਾਂਦੇ ਹਨ। ਸਾਦ ਸਹਜ ਕਰਿ ਮਨੁ ਖੇਲਾਇਆ ॥ ਸੁਆਦਾਂ ਤੇ ਖੁਸ਼ੀਆਂ ਨਾਲ ਇਨਸਾਨ ਖੋਲ੍ਹਦਾ ਮਲ੍ਹਦਾ ਹੈ। ਤੈ ਸਹ ਪਾਸਹੁ ਕਹਣੁ ਕਹਾਇਆ ॥ ਤੇਰੇ ਕੋਲੋ, ਹੇ ਕੰਤ! ਉਹ ਝਿੜਕਾ ਖਾਂਦੇ ਹਨ। ਮਿਠਾ ਕਰਿ ਕੈ ਕਉੜਾ ਖਾਇਆ ॥ ਇਸ ਨੂੰ ਮਿਠੜਾ ਜਾਣ ਉਹ ਕੌੜੇ ਨੂੰ ਖਾਦੇ ਹਨ। ਤਿਨਿ ਕਉੜੈ ਤਨਿ ਰੋਗੁ ਜਮਾਇਆ ॥ ਉਹ ਕੌੜੀ ਸ਼ੈ ਦੇਹ ਵਿੱਚ ਬੀਮਾਰੀ ਪੈਦਾ ਕਰ ਦਿੰਦੀ ਹੈ। ਜੇ ਫਿਰਿ ਮਿਠਾ ਪੇੜੈ ਪਾਇ ॥ ਜੇਕਰ ਮਗਰੋਂ ਭੀ ਉਨ੍ਹਾਂ ਨੂੰ ਮਿਠੜੇ ਨਾਮ ਦੀ ਦਾਤ ਮਿਲ ਜਾਵੇ, ਤਉ ਕਉੜਤਣੁ ਚੂਕਸਿ ਮਾਇ ॥ ਤਦ ਉਨ੍ਹਾਂ ਦਾ ਕਉੜਾ-ਪਣ ਦੂਰ ਹੋ ਜਾਵੇਗਾ, ਹੈ ਮਾਤਾ! ਨਾਨਕ ਗੁਰਮੁਖਿ ਪਾਵੈ ਸੋਇ ॥ ਨਾਨਕ ਗੁਰਾਂ ਦੀ ਦਇਆ ਦੁਆਰਾ, ਕੇਵਲ ਉਸ ਨੂੰ ਹੀ ਪ੍ਰਭੂ ਦੇ ਮਿਠਾਸ ਦੀ ਦਾਤ ਮਿਲਦੀ ਹੈ, ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ। ਪਉੜੀ ॥ ਪਉੜੀ। ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਜਿਨ੍ਹਾਂ ਦੇ ਮਨ ਅੰਦਰ ਛਲ-ਫਰੇਬ ਦੀ ਗੰਦਗੀ ਹੈ, ਉਹ ਆਪਣੇ ਆਪ ਨੂੰ ਬਾਹਰ ਵਾਰੋ ਧੋਦੇ ਹਨ। ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਉਹ ਝੂਠ ਅਤੇ ਛਲ ਫਰੇਬ ਕਮਾਈ ਕਰਦੇ ਹਨ ਅਤੇ ਉਨ੍ਹਾਂ ਦਾ ਝੂਠ ਜਾਹਰ ਹੋ ਜਾਂਦਾ ਹੈ। ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ ਜੋ ਕੁਛ ਉਨ੍ਹਾਂ ਦੇ ਅੰਦਰ ਹੈ, ਉਹ ਬਾਹਰ ਆ ਜਾਂਦਾ ਹੈ ਅਤੇ ਲੁਕਾਉਣ ਦੁਆਰਾ ਲੁਕਾਇਆ ਨਹੀਂ ਜਾ ਸਕਦਾ। ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ ਝੂਠ ਅਤੇ ਲੋਭ ਨਾਲ ਜੁੜਨ ਕਾਰਣ, ਇਨਸਾਨ ਨੂੰ ਮੁੜ ਕੇ ਜੂਨੀਆਂ ਅੰਦਰ ਪਾਇਆ ਜਾਂਦਾ ਹੈ। ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ ਨਾਨਕ, ਜਿਹੜਾ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਂਦਾ ਹੈ। ਉਸ ਨੂੰ ਉਹੀ ਕੁਝ ਮਿਲਦਾ ਹੈ ਜੋ ਉਸ ਨਹੀਂ ਕਰਤਾਰ ਨੇ ਲਿਖਿਆ ਹੋਇਆ ਹੈ। ਸਲੋਕ ਮਃ ੨ ॥ ਸਲੋਕ ਦੂਜੀ ਪਾਤਿਸ਼ਾਹੀ। ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥ ਵੇਦਾ ਨੇ ਸਾਖੀਆਂ ਅਤੇ ਪ੍ਰਸੰਗ ਲਿਆਦੇ ਹਨ ਅਤੇ ਉਹ ਬਦੀ ਅਤੇ ਨੇਕੀ ਦੀ ਵਿਆਖਿਆ ਕਰਦੇ ਹਨ। ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ ਜੋ ਕੁਛ ਮਨੁੱਖ ਮੁੰਨਾਰਥੀ ਦਿੰਦੇ ਹਨ, ਉਹ ਲੈਂਦੇ ਹਨ ਅਤੇ ਜੋ ਕੁਛ ਉਹ ਪੁੰਨਾਰਥੀ ਲੈਂਦੇ ਹਨ ਉਹ ਦਿੰਦੇ ਹਨ। ਆਪਣੇ ਅਮਲਾਂ ਅਨੁਸਾਰ ਉਹ ਜਹੰਨਮ ਜਾ ਬਹਿਸ਼ਤ ਵਿੱਚ ਜਨਮ ਧਾਰਦੇ ਹਨ। ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ ਉਨ੍ਹਾਂ ਨੂੰ ਪੜ੍ਹਨ ਦੁਆਰਾ ਦੁਨੀਆਂ ਉਚੀਆਂ ਅਤੇ ਨੀਵੀਆਂ ਜਾਤਾਂ ਤੇ ਸ਼ਰੇਣੀਆਂ ਦੇ ਵਹਿਮ ਅੰਦਰ ਭਟਕਦੀ ਹੈ। ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ ਸੁਧਾ ਸਰੂਪ ਗੁਰਬਾਣੀ ਅਸਲ ਗੱਲ ਦੱਸਦੀ ਹੈ ਅਤੇ ਬ੍ਰਹਿਮਬੋਧ ਅਤੇ ਬੰਦਗੀ ਦੀ ਦਸ਼ਾਂ ਅੰਦਰ ਇਹ ਗੁਰਾਂ ਤੇ ਨਾਜ਼ਲ ਹੋਈ ਹੈ। ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥ ਗੁਰੂ-ਅਨੁਸਾਰੀ ਇਸ ਨੂੰ ਉਚਾਰਦੇ ਹਨ। ਗੁਰੂ ਅਨੁਸਾਰੀ ਇਸ ਨੂੰ ਅਨੁਭਵ ਕਰਦੇ ਹਨ ਅਤੇ ਹਰੀ ਦੀ ਦਇਆ ਦੁਆਰਾ ਗਿਆਨੀ ਇਸਨੂੰ ਵੀਚਾਰਦੇ ਹਨ। ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ ਆਪਣੀ ਰਜ਼ਾ ਅੰਦਰ ਸੰਸਾਰ ਨੂੰ ਰਚ ਕੇ ਸੁਅਮੀ ਇਸ ਨੂੰ ਆਪਣੀ ਰਜਾ ਅੰਦਰ ਰਖਦਾ ਹੈ ਅਤੇ ਆਪਣੀ ਰਾ ਅੰਦਰ ਹੀ ਉਹ ਇਸ ਨੂੰ ਦੇਖਦਾ ਹੈ। ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ ਜੇਕਰ ਮਰਣ ਤੋਂ ਪਹਿਲਾਂ ਬੰਦੇ ਦੀ ਹੰਤਾ ਨਵਿਰਤ ਹੋ ਜਾਵੇ, ਹੇ ਨਾਨਕ! ਤਦ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ ਵੇਦ ਕੂਕਦੇ ਹਨ ਕਿ ਨੇਕੀ ਅਤੇ ਬਦੀ ਬਹਿਸ਼ਤ ਅਤੇ ਜਹੰਨਮ ਦਾ ਬੀਜ ਹਨ। ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ ਜਿਹੜਾ ਕੁਛ ਬੰਦਾ ਬੀਜਦਾ ਹੈ, ਕੇਵਲ ਉਹ ਹੀ ਉਗਦਾ ਹੈ। ਜਦ ਆਦਮਾ ਆਪਣੇ ਅਮਲਾਂ ਦੇ ਫਲ ਨੂੰ ਖਾਂਦੀ ਹੈ, ਤਾਂ ਉਹ ਇਸ ਨੂੰ ਅਨੁਭਵ ਕਰਦੀ ਹੈ। ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ ਬ੍ਰਹਮ ਬੋਧ ਨੂੰ ਵਿਸ਼ਾਲ ਜਾਣ, ਜੋ ਕੋਈ ਭੀ ਇਸ ਦੀ ਸਿਫ਼ਤ ਕਰਦਾ ਹੈ, ਉਹ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਸਤਵਾਦੀ ਹੋ ਜਾਂਦਾ ਹੈ। ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ ਸੱਚਾਈ ਬੀਜਣ ਦੁਆਰਾ ਜੀਵ ਅੰਦਰ ਸੱਚਾਈ ਉਤਪੰਨ ਹੋ ਜਾਂਦੀ ਹੈ ਅਤੇ ਉਸ ਨੂੰ ਪ੍ਰਭੂ ਦੇ ਦਰਬਾਰ ਅੰਦਰ ਟਿਕਾਣਾ ਮਿਲ ਜਾਂਦਾ ਹੈ। copyright GurbaniShare.com all right reserved. Email |