ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਮੈਂ ਬ੍ਰਾਹਮਣਾ ਅਤੇ ਮੋਲਵੀਆ ਦੋਨਾ ਨੂੰ ਹੀ ਤਿਆਗ ਦਿੱਤਾ ਹੈ। ਠਹਿਰਾਉ। ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਖੁਦ ਕੱਪੜਿਆਂ ਨੂੰ ਉਣ ਉਣ ਕੇ, ਮੈਂ ਖੁਦ ਹੀ ਉਨ੍ਹਾਂ ਨੂੰ ਪਹਿਨਦਾ ਹਾਂ। ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਜਿਥੇ ਹੰਗਤਾ ਨਹੀਂ, ਉਥੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ। ਪੰਡਿਤ ਮੁਲਾਂ ਜੋ ਲਿਖਿ ਦੀਆ ॥ ਜਿਹੜਾ ਕੁਝ ਪੰਡਤਾਂ ਅਤੇ ਮੌਲਵੀਆਂ ਨੇ ਲਿਖਿਆ ਹੈ, ਛਾਡਿ ਚਲੇ ਹਮ ਕਛੂ ਨ ਲੀਆ ॥੩॥ ਉਹ ਮੈਂ ਤਿਆਗ ਦਿਤਾ ਹੈ ਅਤੇ ਕੁਝ ਭੀ ਅੰਗੀਕਾਰ ਨਹੀਂ ਕੀਤਾ। ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਮੇਰੇ ਹਿਰਦੇ ਅੰਦਰ ਪਵਿੱਤ੍ਰਤਾ ਹੈ, ਇਸੇ ਲਈ ਮੈਂ ਪਾਤਿਸ਼ਾਹ ਪ੍ਰਮੇਸ਼ਰ ਨੂੰ ਵੇਖ ਲਿਆ ਹੈ। ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ ਆਪਣੇ ਆਪ ਹੀ ਭਾਲ ਭਾਲ ਕਰਕੇ ਕਬੀਰ ਆਪਣੇ ਸੁਆਮੀ ਨਾਲ ਮਿਲ ਗਿਆ ਹੈ। ਨਿਰਧਨ ਆਦਰੁ ਕੋਈ ਨ ਦੇਇ ॥ ਕੋਈ ਜਣਾ ਗਰੀਬ ਬੰਦੇ ਦਾ ਸਨਮਾਨ ਨਹੀਂ ਕਰਦਾ। ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥ ਭਾਵੇਂ ਗਰੀਬ ਜਣਾ ਲੱਖਾਂ ਉਪਰਾਲੇ ਪਿਆ ਕਰੇ, ਪਰ ਉਹ ਧਨੀ ਪੁਰਸ਼ ਉਸ ਦੀ ਪਰਵਾਹ ਨਹੀਂ ਕਰਦਾ। ਠਹਿਰਾਉ। ਜਉ ਨਿਰਧਨੁ ਸਰਧਨ ਕੈ ਜਾਇ ॥ ਜਦ ਗਰੀਬ ਆਦਮੀ ਧਨੀ ਪੁਰਸ਼ ਕੋਲ ਜਾਂਦਾ ਹੈ, ਆਗੇ ਬੈਠਾ ਪੀਠਿ ਫਿਰਾਇ ॥੧॥ ਅਮੀਰ ਆਦਮੀ ਉਸ ਦੇ ਸਾਮ੍ਹਣੇ ਬੈਠਾ ਹੋਇਆ ਉਸ ਵਲ ਕੰਡ ਕਰ ਲੈਂਦਾ ਹੈ। ਜਉ ਸਰਧਨੁ ਨਿਰਧਨ ਕੈ ਜਾਇ ॥ ਜਦ ਧਨਵਾਨ ਕੰਗਾਲ ਕੋਲ ਜਾਂਦਾ ਹੈ, ਦੀਆ ਆਦਰੁ ਲੀਆ ਬੁਲਾਇ ॥੨॥ ਗਰੀਬ ਧਨੀ ਦੀ ਇਜ਼ਤ ਅਤੇ ਆਉਭਗਤ ਕਰਦਾ ਹੈ। ਨਿਰਧਨੁ ਸਰਧਨੁ ਦੋਨਉ ਭਾਈ ॥ ਗਰੀਬ ਅਤੇ ਅਮੀਰ ਦੋਨੋ ਭਰਾ ਹਨ। ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥ ਸੁਆਮੀ ਦੀ ਹਿਕਮਤ ਮੇਟੀ ਨਹੀਂ ਜਾ ਸਕਦੀ। ਕਹਿ ਕਬੀਰ ਨਿਰਧਨੁ ਹੈ ਸੋਈ ॥ ਕਬੀਰ ਜੀ ਆਖਦੇ ਹਨ, ਕੇਵਲ ਉਹ ਹੀ ਗਰੀਬ ਹੈ, ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥ ਜਿਸ ਦੇ ਰੁਨ ਅੰਦਰ ਨਾਮ ਨਹੀਂ ਵਸਦਾ। ਗੁਰ ਸੇਵਾ ਤੇ ਭਗਤਿ ਕਮਾਈ ॥ ਗੁਰਾਂ ਦੀ ਘਾਲ ਰਾਹੀਂ, ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਕੀਤੀ ਜਾਂਦੀ ਹੈ। ਤਬ ਇਹ ਮਾਨਸ ਦੇਹੀ ਪਾਈ ॥ ਕੇਵਲ ਤਦ ਹੀ ਇਸ ਮਨੁਖੀ ਸਰੀਰ ਦਾ ਫਲ ਪਰਾਪਤ ਹੁੰਦਾ ਹੈ। ਇਸ ਦੇਹੀ ਕਉ ਸਿਮਰਹਿ ਦੇਵ ॥ ਦੇਵਤੇ ਭੀ ਇਸ ਸਰੀਰ ਨੂੰ ਲੋਚਦੇ ਹਨ। ਸੋ ਦੇਹੀ ਭਜੁ ਹਰਿ ਕੀ ਸੇਵ ॥੧॥ ਇਸ ਲਈ ਆਪਣੀ ਉਸ ਕਾਇਆ ਰਾਹੀਂ, ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾਉਣ ਦਾ ਖਿਆਲ ਕਰ। ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ ਤੂੰ ਆਲਮ ਦੇ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਨਾਂ ਵਿਸਾਰ। ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥ ਕੇਵਲ ਇਹ ਹੀ ਮਨੁਸ਼ੀ ਜੀਵਨ ਦਾ ਲਾਭ ਹੈ। ਠਹਿਰਾਉ। ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਦ ਤਾਈ ਬੁਢੇਪੇ ਦੀ ਬੀਮਾਰੀ ਨਹੀਂ ਆਈ, ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥ ਜਦ ਤਾਂਈ ਮੌਤ ਨੇ ਤੇਰੇ ਸਰੀਰ ਨੂੰ ਨਹੀਂ ਪਕੜਿਆ, ਜਬ ਲਗੁ ਬਿਕਲ ਭਈ ਨਹੀ ਬਾਨੀ ॥ ਅਤੇ ਜਦ ਤਾਂਈ ਤੇਰੀ ਬੋਲ ਬਾਣੀ ਬੇ-ਤਾਕਤ ਨਹੀਂ ਹੋਈ, ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥ ਹੇ ਬੰਦੇ! ਤੂੰ ਜਗ ਦੇ ਸਾਈਂ ਦਾ ਸਿਮਰਨ ਕਰ। ਅਬ ਨ ਭਜਸਿ ਭਜਸਿ ਕਬ ਭਾਈ ॥ ਜੇਕਰ ਤੂੰ ਹੁਣ ਹਰੀ ਨੂੰ ਯਾਦ ਨਹੀਂ ਕਰਦਾ, ਤੂੰ ਉਸ ਨੂੰ ਕਦੋਂ ਯਾਦ ਕਰੇਗਾਂ, ਹੇ ਵੀਰ? ਆਵੈ ਅੰਤੁ ਨ ਭਜਿਆ ਜਾਈ ॥ ਜਦ ਅਖੀਰ ਆ ਜਾਂਦਾ ਹੈ, ਉਹ ਸਿਮਰਿਆ ਨਹੀਂ ਜਾ ਸਕਦਾ। ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਜਿਹੜਾ ਕੁਝ ਤੂੰ ਕਰਨਾ ਹੈ, ਹੁਣ ਉਸ ਲਈ ਸਭ ਤੋਂ ਸਰੇਸ਼ਟ ਵੇਲਾ ਹੈ। ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥ ਨਹੀਂ ਤਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਅਤੇ ਤੂੰ ਮਗਰੋ ਪਸਚਾਤਾਪ ਕਰੇਗਾ। ਸੋ ਸੇਵਕੁ ਜੋ ਲਾਇਆ ਸੇਵ ॥ ਕੇਵਲ ਉਹ ਹੀ ਟਹਿਲੂਆਂ ਹੈ, ਜਿਸ ਨੂੰ ਸੁਅਮੀ ਆਪਣੀ ਟਹਿਲ ਅੰਦਰ ਜੋੜਦਾ ਹੈ। ਤਿਨ ਹੀ ਪਾਏ ਨਿਰੰਜਨ ਦੇਵ ॥ ਕੇਵਲ ਉਹ ਹੀ ਪਵਿੱਤ੍ਰ ਪ੍ਰਭੂ ਨੂੰ ਪਰਾਪਤ ਹੁੰਦਾ ਹੈ। ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ ॥ ਗੁਰਾਂ ਨਾਲ ਮਿਲਣ ਦੁਆਰਾ ਉਸ ਦੀ ਸਮਝ ਦੇ ਬੂਹੇ ਖੁਲ੍ਹ ਜਾਂਦੇ ਹਨ, ਬਹੁਰਿ ਨ ਆਵੈ ਜੋਨੀ ਬਾਟ ॥੪॥ ਅਤੇ ਉਹ ਮੁੜ ਕੇ ਜੂਨਾਂ ਦੇ ਰਸਤੇ ਨਹੀਂ ਪੈਂਦਾ। ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਇਹ ਹੀ ਤੇਰਾ ਮੌਕਾ ਹੈ ਅਤੇ ਇਹ ਹੀ ਤੇਰਾ ਵੇਲਾ, ਘਟ ਭੀਤਰਿ ਤੂ ਦੇਖੁ ਬਿਚਾਰਿ ॥ ਤੂੰ ਆਪਣੇ ਮਨ ਅੰਦਰ ਝਾਤੀ ਪਾ ਅਤੇ ਇਸ ਗੱਲ ਨੂੰ ਸੋਚ ਸਮਝ। ਕਹਤ ਕਬੀਰੁ ਜੀਤਿ ਕੈ ਹਾਰਿ ॥ ਕਬੀਰ ਜੀ ਆਖਦੇ ਹਨ, ਹੁਣ ਜਿੱਤਣਾ ਜਾ ਹਾਰਨਾ ਹੇ ਬੰਦੇ! ਤੇਰੀ ਆਪਣੀ ਮਰਜੀ ਹੈ। ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥ ਮੈਂ ਬਹੁਤਿਆਂ ਤਰੀਕਿਆਂ ਨਾਲ ਇਸ ਸਚਾਈ ਦਾ ਤੈਨੂੰ ਉੱਚੀ ਉਚੀ ਹੋਕਾ ਦਿਤਾ ਹੈ। ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥ ਹਰੀ ਦੇ ਸ਼ਹਿਰ ਅੰਦਰ ਸਰੇਸ਼ਟ ਸਮਝ ਵਸਦੀ ਹੈ। ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ ॥ ਤੂੰ ਉਥੇ ਆਪਣੇ ਸੁਆਮੀ ਨੂੰ ਮਿਲ ਅਤੇ ਉਸ ਦਾ ਸਿਮਰਨ ਕਰ। ਈਤ ਊਤ ਕੀ ਸੋਝੀ ਪਰੈ ॥ ਇਸ ਤਰ੍ਹਾਂ ਤੂੰ ਇਸ ਲੋਕ ਅਤੇ ਪ੍ਰਲੋਕ ਨੂੰ ਸਮਝ ਲਵੇਗਾ। ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥ ਮੇਰਾ ਇਹ ਮੇਰਾ ਹੈ ਕਰਦਿਆਂ ਮਰ ਜਾਂਦਾ ਹੈ, ਇਸ ਕੰਮ ਦਾ ਕੀ ਲਾਭ ਹੈ? ਨਿਜ ਪਦ ਊਪਰਿ ਲਾਗੋ ਧਿਆਨੁ ॥ ਮੇਰੀ ਬਿਰਤੀ ਮੇਰੀ ਨਿਜ ਦੀ ਆਤਮਕ ਅਵਸਥਾ ਉਤੇ ਲਗੀ ਹੋਈ ਹੈ। ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥ ਪਾਤਿਸ਼ਾਹ ਪਰਮੇਸ਼ਰ ਦਾ ਨਾਮ ਮੇਰੀ ਈਸ਼ਵਰੀ ਗਿਆਤ ਹੈ। ਠਹਿਰਾਉ। ਮੂਲ ਦੁਆਰੈ ਬੰਧਿਆ ਬੰਧੁ ॥ ਨਿਆਣਾ ਪਾ ਕੇ ਮੈਂ ਆਪਣੀ ਆਤਮਾ ਨੂੰ ਆਦੀ ਪ੍ਰਭੂ ਦੇ ਬੂਹੇ ਤੇ ਬੰਨ੍ਹ ਦਿਤਾ ਹੈ। ਰਵਿ ਊਪਰਿ ਗਹਿ ਰਾਖਿਆ ਚੰਦੁ ॥ ਸੂਰਜ ਦੇ ਉਤੇ ਮੈਂ ਚੰਦ੍ਰਮਾ ਨੂੰ ਪੱਕੀ ਤਰ੍ਹਾ ਟਿਕਾ ਦਿਤਾ ਹੈ। ਪਛਮ ਦੁਆਰੈ ਸੂਰਜੁ ਤਪੈ ॥ ਛਿਪਦੀ ਦੇ ਦਰਵਾਜੇ ਤੇ ਸੂਰਜ ਚਮਕਦਾ ਹੈ। ਮੇਰ ਡੰਡ ਸਿਰ ਊਪਰਿ ਬਸੈ ॥੨॥ ਮੌਤ ਦਾ ਵਡਾ ਡੰਡਾ ਜੀਵ ਦੇ ਸਿਰ ਉਤੇ ਲਟਕਦਾ ਹੈ। ਪਸਚਮ ਦੁਆਰੇ ਕੀ ਸਿਲ ਓੜ ॥ ਛਿਪਦੇ ਦੇ ਦਰਵਾਜੇ ਦੀ ਤਰਫ ਇਕ ਪੱਥਰ ਹੈ। ਤਿਹ ਸਿਲ ਊਪਰਿ ਖਿੜਕੀ ਅਉਰ ॥ ਉਸ ਪੱਥਰ ਦੇ ਉਤੇ ਇਕ ਹੋਰ ਬਾਰੀ ਹੈ। ਖਿੜਕੀ ਊਪਰਿ ਦਸਵਾ ਦੁਆਰੁ ॥ ਬਾਰੀ ਦੇ ਉਤੇ "ਦਸਵਾ ਦਰਵਾਜਾ " ਹੈ। ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥ ਕਬੀਰ ਜੀ ਆਖਦੇ ਹਨ, ਉਸ ਟਿਕਾਣੇ ਦਾ ਕੋਈ ਅਖੀਰ ਅਤੇ ਓੜਕ ਨਹੀਂ। ਸੋ ਮੁਲਾਂ ਜੋ ਮਨ ਸਿਉ ਲਰੈ ॥ ਕੇਵਲ ਉਹ ਹੀ ਮੌਲਾਨਾ ਹੈ, ਜੋ ਆਪਣੇ ਮਨੂਏ ਨਾਲ ਜੰਗ ਕਰਦਾ ਹੈ, ਗੁਰ ਉਪਦੇਸਿ ਕਾਲ ਸਿਉ ਜੁਰੈ ॥ ਅਤੇ ਗੁਰਾਂ ਦੀ ਸਿਖਮਤ ਦੁਆਰਾ ਮੌਤ ਨਾਲ ਜੂਝਦਾ ਹੈ। ਕਾਲ ਪੁਰਖ ਕਾ ਮਰਦੈ ਮਾਨੁ ॥ ਜੌ ਮੌਤ ਦੇ ਦੂਤ ਦੇ ਹੰਕਾਰ ਨੂੰ ਪੀਹ ਸੁਟਦਾ ਹੈ, ਤਿਸੁ ਮੁਲਾ ਕਉ ਸਦਾ ਸਲਾਮੁ ॥੧॥ ਉਸ ਮੌਲਵੀ ਨੂੰ ਮੈਂ ਹਮੇਸ਼ਾਂ ਨਮਸਕਾਰ ਕਰਦਾ ਹਾਂ। copyright GurbaniShare.com all right reserved. Email |