Page 1157

ਕੋਟਿ ਮੁਨੀਸਰ ਮੋੁਨਿ ਮਹਿ ਰਹਤੇ ॥੭॥
ਕ੍ਰੋੜਾਂ ਹੀ ਖਾਮੋਸ਼ ਰਿਸ਼ੀ ਖਾਮੋਸ਼ੀ ਅੰਦਰ ਵਸਦੇ ਹਨ।

ਅਵਿਗਤ ਨਾਥੁ ਅਗੋਚਰ ਸੁਆਮੀ ॥
ਅਬਿਨਾਸ਼ੀ ਅਤੇ ਅਗਾਧ ਸੁਆਮੀ,

ਪੂਰਿ ਰਹਿਆ ਘਟ ਅੰਤਰਜਾਮੀ ॥
ਅੰਦਰਲੀਆਂ ਜਾਣਨਹਾਰ, ਮਾਲਕ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਜਤ ਕਤ ਦੇਖਉ ਤੇਰਾ ਵਾਸਾ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਤੇਰਾ ਟਿਕਾਣਾ ਵੇਖਦਾ ਹਾਂ, ਹੇ ਸਾਈਂ!

ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥੮॥੨॥੫॥
ਗੋਲੇ ਨਾਨਕ ਨੂੰ ਗੁਰਦੇਵ ਜੀ ਨੇ ਰੌਸ਼ਨ ਕਰ ਦਿੱਤਾ ਹੈ।

ਭੈਰਉ ਮਹਲਾ ੫ ॥
ਭੈਰਊ ਪੰਜਵੀਂ ਪਾਤਿਸ਼ਾਹੀ।

ਸਤਿਗੁਰਿ ਮੋ ਕਉ ਕੀਨੋ ਦਾਨੁ ॥
ਸੱਚੇ ਗੁਰਾਂ ਨੇ ਮੈਨੂੰ ਦਾਤ ਪਰਦਾਨ ਕੀਤੀ ਹੈ।

ਅਮੋਲ ਰਤਨੁ ਹਰਿ ਦੀਨੋ ਨਾਮੁ ॥
ਉਨ੍ਹਾਂ ਨੇ ਮੈਨੂੰ ਹਰੀ ਨਾਮ ਦਾ ਅਣਮੁੱਲਾ ਹੀਰਾ ਬਖਸ਼ਿਆ ਹੈ।

ਸਹਜ ਬਿਨੋਦ ਚੋਜ ਆਨੰਤਾ ॥
ਮੈਂ ਹੁਣ ਬੇਅੰਤ ਰੰਗਰਲੀਆਂ ਅਤੇ ਅਸਚਰਜ ਖੇਡਾਂ ਸੁਖੈਨ ਹੀ ਮਾਣਦਾ ਹਾਂ।

ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥
ਪ੍ਰਭੂ ਆਪਣੇ ਆਪ ਹੀ ਨਾਨਕ ਨੂੰ ਮਿਲ ਪਿਆ ਹੈ।

ਕਹੁ ਨਾਨਕ ਕੀਰਤਿ ਹਰਿ ਸਾਚੀ ॥
ਗੁਰੂ ਜੀ ਆਖਦੇ ਹਨ, ਸੱਚੀ ਹੈ ਸਿਫ਼ਤ ਸ਼ਲਾਘਾ ਸੁਆਮੀ ਦੀ।

ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥
ਮੁੜ ਮੁੜ ਕੇ ਮੇਰਾ ਚਿੱਤ ਉਸ ਨਾਲ ਜੁੜਿਆ ਰਹਿੰਦਾ ਹੈ। ਠਹਿਰਾਉ।

ਅਚਿੰਤ ਹਮਾਰੈ ਭੋਜਨ ਭਾਉ ॥
ਨਿਰਯਤਨ ਹੀ ਮੈਂ ਪ੍ਰਭੂ ਦੀ ਪ੍ਰੀਤ ਦਾ ਖਾਣਾ ਖਾਂਦਾ ਹਾਂ।

ਅਚਿੰਤ ਹਮਾਰੈ ਲੀਚੈ ਨਾਉ ॥
ਨਿਰਯਤਨ ਹੀ ਮੈਂ ਸੁਆਮੀ ਦਾ ਨਾਮ ਲੈਂਦਾ ਹਾਂ।

ਅਚਿੰਤ ਹਮਾਰੈ ਸਬਦਿ ਉਧਾਰ ॥
ਆਪਣੇ ਆਪ ਹੀ ਨਾਮ ਮੇਰਾ ਪਾਰ ਉਤਾਰਾ ਕਰ ਦਿੰਦਾ ਹੈ।

ਅਚਿੰਤ ਹਮਾਰੈ ਭਰੇ ਭੰਡਾਰ ॥੨॥
ਮੇਰੇ ਖਜਾਨੇ ਆਪਣੇ ਆਪ ਹੀ ਨਾਮ ਨਾਲ ਪਰੀਪੂਰਨ ਰਹਿੰਦੇ ਹਨ।

ਅਚਿੰਤ ਹਮਾਰੈ ਕਾਰਜ ਪੂਰੇ ॥
ਮੇਰੇ ਕੰਮ ਕਾਜ ਆਪਣੇ ਆਪ ਹੀ ਸੰਪੂਰਨ ਹੋ ਜਾਂਦੇ ਹਨ।

ਅਚਿੰਤ ਹਮਾਰੈ ਲਥੇ ਵਿਸੂਰੇ ॥
ਮੇਰੇ ਝੁਰੇਵੇ ਆਪਣੇ ਆਪ ਹੀ ਦੂਰ ਹੋ ਗਏ ਹਨ।

ਅਚਿੰਤ ਹਮਾਰੈ ਬੈਰੀ ਮੀਤਾ ॥
ਮੇਰੇ ਦੁਸ਼ਮਨ ਆਪਣੇ ਆਪ ਹੀ ਮਿੱਤ੍ਰ ਬਣ ਗਏ ਹਨ।

ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥
ਸੁਤੇ ਸਿਧ ਹੀ ਮੈਂ ਆਪਣਾ ਇਹ ਮਨੂਆ ਕਾਬੂ ਕਰ ਲਿਆ ਹੈ।

ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥
ਸੁਆਮੀ ਨੇ ਖੁਦ-ਬ-ਖੁਦ ਹੀ ਮੈਨੂੰ ਧੀਰਜ ਦਿੱਤਾ ਹੈ।

ਅਚਿੰਤ ਹਮਾਰੀ ਪੂਰਨ ਆਸਾ ॥
ਮੇਰੀ ਉਮੈਦ ਸੁਤੇ ਸਿਧ ਹੀ ਪੂਰੀ ਹੋ ਗਈ ਹੈ।

ਅਚਿੰਤ ਹਮ੍ਹ੍ਹਾ ਕਉ ਸਗਲ ਸਿਧਾਂਤੁ ॥
ਸੁਤੇ ਸਿਧ ਹੀ ਮੈਂ ਤਮਾਮ ਅਸਲੀਅਤ ਨੂੰ ਸਮਝ ਲਿਆ ਹੈ।

ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥
ਆਪਣੇ ਆਪ ਹੀ ਗੁਰਾਂ ਨੇ ਮੈਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ।

ਅਚਿੰਤ ਹਮਾਰੇ ਬਿਨਸੇ ਬੈਰ ॥
ਨਿਰਯਤਨ ਹੀ ਮੈਂ ਦੁਸ਼ਮਨੀਆਂ ਤੋਂ ਛੁਟਕਾਰਾ ਪਾ ਗਿਆ ਹਾਂ।

ਅਚਿੰਤ ਹਮਾਰੇ ਮਿਟੇ ਅੰਧੇਰ ॥
ਨਿਰਯਤਨ ਹੀ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ।

ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥
ਆਪਣੇ ਆਪ ਹੀ ਸੁਆਮੀ ਦੀ ਸਿਫ਼ਤ-ਸਲਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।

ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥
ਸੁਤੇ ਸਿਧ ਹੀ ਮੈਂ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖਦਾ ਹਾਂ।

ਅਚਿੰਤ ਮਿਟਿਓ ਹੈ ਸਗਲੋ ਭਰਮਾ ॥
ਸੁਤੇ ਸਿਧ ਹੀ ਮੇਰਾ ਸਾਰਾ ਸੰਦੇਹ ਦੂਰ ਹੋ ਗਿਆ ਹੈ।

ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥
ਮੇਰਾ ਚਿੱਤ ਹੁਣ ਨਿਰਯਤਨ ਹੀ ਆਰਾਮ ਅਤੇ ਅਨੰਦ ਅੰਦਰ ਵਸਦਾ ਹੈ।

ਅਚਿੰਤ ਹਮਾਰੈ ਅਨਹਤ ਵਾਜੈ ॥
ਖੁਦ-ਬ-ਖੁਦ ਹੋਣ ਵਾਲਾ ਕੀਰਤਨ, ਆਪਣੇ ਆਪ ਹੀ ਮੇਰੇ ਅੰਦਰ ਗੂੰਜਦਾ ਹੈ।

ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥
ਸ਼੍ਰਿਸ਼ਟੀ ਦਾ ਸੁਆਮੀ ਆਪਣੇ ਆਪ ਹੀ ਮੇਰੇ ਤੇ ਪਰਗਟ ਹੋ ਗਿਆ ਹੈ।

ਅਚਿੰਤ ਹਮਾਰੈ ਮਨੁ ਪਤੀਆਨਾ ॥
ਆਪਣੇ ਆਪ ਹੀ ਮੇਰਾ ਚਿੱਤ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।

ਨਿਹਚਲ ਧਨੀ ਅਚਿੰਤੁ ਪਛਾਨਾ ॥
ਅਹਿੱਲ ਪ੍ਰਭੂ ਨੂੰ ਮੈਂ ਨਿਰਯਤਨ ਹੀ ਅਨੁਭਵ ਕਰ ਲਿਆ ਹੈ।

ਅਚਿੰਤੋ ਉਪਜਿਓ ਸਗਲ ਬਿਬੇਕਾ ॥
ਆਪਣੇ ਆਪ ਹੀ ਸਾਰੀ ਸਿਆਣਪ ਮੇਰੇ ਅੰਦਰ ਉਤਪੰਨ ਹੋ ਆਈ ਹੈ।

ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥
ਆਪਣੇ ਆਪ ਹੀ ਸੁਆਮੀ-ਮਾਲਕ ਦਾ ਆਸਰਾ ਮੇਰੇ ਹੱਥ ਚੜ੍ਹ ਗਿਆ ਹੈ।

ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥
ਚਿੰਤਾ-ਰਹਿਤ ਸੁਆਮੀ ਨੇ ਮੁੱਢ ਤੋਂ ਹੀ ਮੇਰੀ ਪ੍ਰਾਲਭਧ ਲਿਖੀ ਹੋਈ ਹੈ।

ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥
ਇਕ ਸੁਆਮੀ ਮਾਲਕ, ਆਪਣੇ ਆਪ ਹੀ ਮੈਨੂੰ ਮਿਲ ਪਿਆ ਹੈ।

ਚਿੰਤ ਅਚਿੰਤਾ ਸਗਲੀ ਗਈ ॥
ਸੁਤੇ ਸਿਧ ਹੀ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ।

ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥
ਨਾਨਕ, ਨਾਨਕ, ਨਾਨਕ ਸੁਆਮੀ ਦਾ ਸਰੂਪ ਹੋ ਗਿਆ ਹੈ।

ਭੈਰਉ ਬਾਣੀ ਭਗਤਾ ਕੀ ॥
ਭੈਰਉ ਸੰਤਾਂ ਦੇ ਸ਼ਬਦ।

ਕਬੀਰ ਜੀਉ ਘਰੁ ੧
ਕਬੀਰ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਇਹੁ ਧਨੁ ਮੇਰੇ ਹਰਿ ਕੋ ਨਾਉ ॥
ਰੱਬ ਦਾ ਨਾਮ, ਕੇਵਲ ਇਹ ਹੀ ਮੇਰੀ ਦੌਲਤ ਹੈ।

ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥
ਮੈਂ ਇਸ ਦੀ ਗੰਢ ਨਹੀਂ ਬੰਨ੍ਹਦਾ, ਨਾਂ ਹੀ ਮੈਂ ਆਪਣੀ ਉਪਜੀਵਕ ਲਈ ਇਸ ਨੂੰ ਵੇਚਦਾ ਹਾਂ। ਠਹਿਰਾਉ।

ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥
ਨਾਮ ਹੀ ਮੇਰੀ ਫਸਲ ਹੈ ਅਤੇ ਨਾਮ ਹੀ ਮੇਰੀ ਬਗੀਚੀ।

ਭਗਤਿ ਕਰਉ ਜਨੁ ਸਰਨਿ ਤੁਮ੍ਹ੍ਹਾਰੀ ॥੧॥
ਹੇ ਸੁਆਮੀ! ਮੈਂ ਤੇਰਾ ਗੋਲਾ ਤੇਰੀ ਘਾਲ ਕਮਾਉਂਦਾ ਅਤੇ ਤੇਰੀ ਪਨਾਹ ਲੋੜਦਾ ਹਾਂ।

ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥
ਤੇਰਾ ਨਾਮ ਹੀ ਮੇਰਾ ਮਾਲ ਮਿਲਖ ਹੈ ਅਤੇ ਤੇਰਾ ਨਾਮ ਹੀ ਮੇਰੀ ਰਾਸ।

ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥
ਮੈਂ ਤੈਨੂੰ ਨਹੀਂ ਤਿਆਗਦਾ, ਨਾਂ ਹੀ ਮੈਂ ਹੋਰ ਕਿਸੇ ਨੂੰ ਜਾਣਦਾ ਹਾਂ।

ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥
ਤੇਰਾ ਨਾਮ ਮੇਰਾ ਸਨਬੰਧੀ ਹੈ ਅਤੇ ਤੇਰਾ ਨਾਮ ਹੀ ਮੇਰਾ ਵੀਰ।

ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥
ਤੇਰਾ ਨਾਮ ਮੇਰਾ ਸੰਗੀ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰੇਗਾ।

ਮਾਇਆ ਮਹਿ ਜਿਸੁ ਰਖੈ ਉਦਾਸੁ ॥
ਜਿਸ ਨੂੰ ਸੁਆਮੀ ਸੰਸਾਰੀ ਪਦਾਰਥਾਂ ਅੰਦਰ ਨਿਰਲੇਪ ਰਖਦਾ ਹੈ,

ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥
ਉਸ ਦਾ ਮੈਂ ਗੋਲਾ ਹਾਂ, ਕਬੀਰ ਜੀ ਆਖਦੇ ਹਨ।

ਨਾਂਗੇ ਆਵਨੁ ਨਾਂਗੇ ਜਾਨਾ ॥
ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਜਾਂਦਾ ਹੈ।

ਕੋਇ ਨ ਰਹਿਹੈ ਰਾਜਾ ਰਾਨਾ ॥੧॥
ਪਾਤਿਸ਼ਾਹਾਂ ਅਤੇ ਰਾਣਿਆਂ ਵਿਚੋਂ ਕਿਸੇ ਨੇ ਨਹੀਂ ਰਹਿਣਾ।

copyright GurbaniShare.com all right reserved. Email