ਪਉੜੀ ॥ ਪਉੜੀ। ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਜੇਕਰ ਕੋਈ ਜਣਾ ਗੁਰਾਂ ਦੀ ਬਦਖੋਈ ਕਰਦਾ ਹੈ, ਅਤੇ ਮੁੜ ਕੇ ਗੁਰਾਂ ਦੀ ਪਨਾਹ ਲੈਂਦਾ ਹੈ। ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਉਸ ਦੇ ਪਿਛਲੇ ਪਾਪ ਸੱਚੇ ਗੁਰੂ ਜੀ ਮੁਆਫ ਕਰ ਦਿੰਦੇ ਹਨ ਅਤ ਉਸ ਨੂੰ ਸਾਧ ਸੰਗਤ ਨਾਲ ਜੋੜ ਦਿੰਦੇ ਹਨ। ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ ਜਿਸ ਤਰ੍ਹਾਂ ਬਾਰਸ਼ ਪੈਣ ਨਾਲ ਕੂਚਿਆਂ, ਨਦੀਆਂ ਅਤੇ ਛੱਪੜਾਂ ਦਾ ਪਾਣੀ ਗੰਗਾ ਵਿੱਚ ਪੈਂਦਾ ਹੈ, ਅਤੇ ਗੰਗਾ ਵਿੱਚ ਪੈਣ ਨਾਲ ਇਹ ਪਾਕ ਅਤੇ ਪੁਨੀਤ ਹੋ ਜਾਂਦਾ ਹੈ। ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਇਹੋ ਜਿਹੀ ਹੈ ਬਜ਼ੁਰਗੀ ਦੁਸ਼ਮਨੀ-ਰਹਿਤ ਸੱਚੇ ਗੁਰਾਂ ਵਿੱਚ ਕਿ ਉਨ੍ਹਾਂ ਨਾਲ ਮਿਲਣ ਦੁਆਰਾ ਤਰੇਹ ਤੇ ਭੁੱਖ ਦੂਰ ਹੋ ਜਾਂਦੀਆਂ ਹਨ ਅਤੇ ਬੰਦਾ ਤੁਰੰਤ ਹੀ ਰੱਬੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦਾ ਹੈ। ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥ ਨਾਨਕ, ਤੂੰ ਵਾਹਿਗੁਰੂ, ਮੇਰੇ ਸੱਚੇ ਪਾਤਿਸ਼ਾਹ ਦਾ ਇਹ ਅਸਚਰਜ ਵੇਖ ਕੇ ਜੋ ਕੋਈ ਸੱਚੇ ਗੁਰਾਂ ਦੀ ਆਗਿਆ ਪਾਲਣ ਕਰਦਾ ਹੈ, ਉਸ ਨੂੰ ਹਰ ਕੋਈ ਪਿਆਰ ਕਰਦਾ ਹੈ। ਬਿਲਾਵਲੁ ਬਾਣੀ ਭਗਤਾ ਕੀ ॥ ਬਿਲਾਵਲ ਭਗਤਾਂ ਦੇ ਸ਼ਬਦ। ਕਬੀਰ ਜੀਉ ਕੀ ਕਬੀਰ ਜੀ ਦੇ। ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ ਇਹ ਜਗਤ ਇਹੋ ਜਿਹਾ ਖੇਲ੍ਹ ਹੈ ਜਿਥੇ ਕੋਈ ਭੀ ਠਹਿਰ ਨਹੀਂ ਸਕਦਾ। ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥ ਸਿੱਧੇ, ਤੂੰ ਸਿੱਧੇ ਰਸਤੇ ਟੁਰਿਆ ਚਲ ਨਹੀਂ ਤਾਂ ਤੈਨੂੰ ਸਖਤ ਧੱਕਾ ਲੱਗੇਗਾ। ਰਹਾਉ। ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ ਬੱਚਿਆਂ, ਬੁੱਢਿਆਂ ਅਤੇ ਜੁਆਨਾਂ ਸਾਰਿਆਂ ਨੂੰ, ਹੇ ਮੇਰੇ ਵੀਰ! ਮੌਤ ਨੇ ਲੈ ਜਾਣਾ ਹੈ। ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥ ਗਰੀਬ ਬੰਦੇ ਨੂੰ ਸਾਈਂ ਨੇ ਚੂਹੇ ਵਰਗਾ ਬਣਾਇਆ ਹੈ ਅਤੇ ਮੌਤ ਦੀ ਬਿੱਲੀ ਇਸ ਨੂੰ ਖਾ ਜਾਂਦੀ ਹੈ। ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ ਅਮੀਰ ਅਤੇ ਗਰੀਬ ਪੁਰਸ਼, ਉਨ੍ਹਾਂ ਦੀ ਉਹ ਕੋਈ ਮੁਛੰਦਗੀ ਨਹੀਂ ਧਰਾਉਂਦੀ। ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥ ਉਹ ਪਾਤਿਸ਼ਾਹ ਅਤੇ ਉਸ ਦੀ ਰਿਆਇਆ ਨੂੰ ਇਕ ਸਮਾਨ ਨਾਜ ਕਰਦੀ ਹੈ। ਇਹ ਜਿਹੀ ਬਲਵਾਨ ਹੈ ਮੌਤ। ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥ ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਵਾਹਿਗੁਰੂ ਦੇ ਦਾਸ ਹੋ ਜਾਂਦੇ ਹਨ, ਉਨ੍ਹਾਂ ਦਾ ਪ੍ਰਸੰਗ ਅਨੋਖਾ ਹੈ। ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥ ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਕਦੇ ਮਰਦੇ ਹਨ। ਉਹ ਸ਼ਰੋਮਣੀ ਸਾਹਿਬ ਦੇ ਨਾਲ ਵਸਦੇ ਹਨ। ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ ਤੂੰ ਆਪਣੇ ਚਿੱਤ ਅੰਦਰ ਇਹ ਜਾਣ ਲੈ ਕਿ ਪੁਤ੍ਰ, ਪਤਨੀ, ਧਨੋ-ਦੌਲਤ ਅਤੇ ਜਾਇਦਾਦ ਨੂੰ ਛੱਡਕੇ, ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥ ਤੂੰ ਧਰਮੀ ਨੂੰ ਥੱਮਣਹਾਰ ਸੁਆਮੀ ਨੂੰ ਮਿਲ ਪਵੇਂਗਾ। ਕਬੀਰ ਜੀ ਆਖਦੇ ਹਨ, ਇਹ ਸ੍ਰਵਣ ਕਰੋ, ਤੁਸੀਂ ਹੇ ਸਾਧੂਓ! ਬਿਲਾਵਲੁ ॥ ਬਿਲਾਵਲ। ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਮੈਂ ਇਲਮ ਦੀਆਂ ਕਿਤਾਬਾਂ ਨਹੀਂ ਪੜ੍ਹਦਾ, ਨਾਂ ਹੀ ਮੈਂ ਵਾਦ-ਵਿਵਾਦ ਨੂੰ ਜਾਣਦਾ ਹਾਂ। ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਣ ਕਰਨ ਦੁਆਰਾ ਮੈਂ ਪਗਲਾ ਹੋ ਗਿਆ ਹਾਂ। ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੇਰੇ ਬਾਬਲ! ਮੈਂ ਕਮਲਾ ਹਾਂ ਸਾਰਾ ਸੰਸਾਰ ਸਿਆਣਾ ਹੈ, ਮੈਂ ਕਮਲਾ ਹਾਂ। ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ ਮੈਂ ਵਿਗੜ ਗਿਆ ਹਾਂ, ਕੋਈ ਹੋਰ ਜਣਾ ਇਸ ਤਰ੍ਹਾਂ ਨਾਂ ਵਿਗੜੇ। ਠਰਿਹਾਉ। ਆਪਿ ਨ ਬਉਰਾ ਰਾਮ ਕੀਓ ਬਉਰਾ ॥ ਮੈਂ ਆਪਣੀ ਮਰਜ਼ੀ ਨਾਲ ਝੱਲਾ ਨਹੀਂ ਹੋਇਆ। ਸਰਬ ਵਿਆਪਕ ਸਾਹਿਬ ਨੇ ਮੈੌਨੂੰ ਕਮਲਾ ਕੀਤਾ ਹੈ। ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ ਸੱਚੇ ਗੁਰਾਂ ਨੇ ਮੇਰਾ ਵਹਿਮ ਸਾੜ ਸੁੱਟਿਆ ਹੈ। ਮੈ ਬਿਗਰੇ ਅਪਨੀ ਮਤਿ ਖੋਈ ॥ ਮੈਂ ਵਿਗੜ ਗਿਆ ਹਾਂ ਅਤੇ ਮੈਂ ਸੰਦੇਹ ਅੰਦਰ ਆਪਣੀ ਅਕਲ ਗੁਆ ਲਈ ਹੈ। ਮੇਰੇ ਭਰਮਿ ਭੂਲਉ ਮਤਿ ਕੋਈ ॥੩॥ ਕੋਈ ਜਣਾ ਮੇਰੀ ਤਰ੍ਹਾਂ ਸੰਦੇਹ ਅੰਦਰ ਕੁਰਾਹੇ ਨਾਂ ਪਵੇ। ਸੋ ਬਉਰਾ ਜੋ ਆਪੁ ਨ ਪਛਾਨੈ ॥ ਕੇਵਲ ਉਹ ਹੀ ਪਗਲਾ ਹੈ, ਜੋ ਆਪਣੇ ਆਪ ਨੂੰ ਨਹੀਂ ਸਮਝਦਾ। ਆਪੁ ਪਛਾਨੈ ਤ ਏਕੈ ਜਾਨੈ ॥੪॥ ਜਦ ਆਪਣੇ ਆਪ ਨੂੰ ਜਾਣ ਲੈਂਦਾ ਹੈ, ਤਦ ਉਹ ਇਕ ਸੁਆਮੀ ਨੂੰ ਭੀ ਜਾਣ ਲੈਂਦਾ ਹੈ। ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ ਜੋ ਪ੍ਰਭੂ ਦੀ ਪ੍ਰੀਤ ਨਾਲ ਹੁਣ ਮਤਵਾਲਾ ਨਹੀਂ ਹੋਇਆ ਉਹ ਫਿਰ ਕਦੇ ਭੀ ਮਤਵਾਲਾ ਨਹੀਂ ਹੋਣਾ। ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ ਕਬੀਰ ਜੀ ਆਖਦੇ ਹਨ, ਮੈਂ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹਾਂ। ਬਿਲਾਵਲੁ ॥ ਬਿਲਾਵਲ। ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਆਪਣਾ ਘਰ ਛੱਡ ਕੇ ਭਾਵੇਂ ਮੈਂ ਜੰਗਲ ਦੇ ਖਿੱਤੇ ਵਿੱਚ ਚਲਿਆ ਜਾਵਾਂ ਅਤੇ ਫਲ ਫੁਲ ਚੁਗ ਕੇ ਖਾਵਾਂ, ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਤਦ ਭੀ ਮੇਰਾ ਗੁਨਾਹਗਾਰ ਅਤੇ ਦੁਸ਼ਟ ਮਨੂਆ ਕੁਕਰਮਾਂ ਨੂੰ ਨਹੀਂ ਤਿਆਗਦਾ। ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਮੈਂ ਕਿਸ ਤਰ੍ਹਾਂ ਬੰਦਖਲਾਸੀ ਹੋ ਸਕਦਾ ਹਾਂ? ਮੈਂ ਕਿਸ ਤਰ੍ਹਾਂ ਵੱਡੇ ਅਤੇ ਭਿਆਨਕ ਸੰਸਾਰ ਸਮੁੰਦਰ, ਪਾਣੀ ਦੇ ਖਜਾਨੇ ਤੋਂ ਪਾਰ ਹੋ ਸਕਦਾ ਹਾਂ? ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਪ੍ਰਭੂ! ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਠਹਿਰਾਉ। ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਮੈਂ ਪ੍ਰਾਣਨਾਸਿਕ ਪਾਪਾਂ ਨੂੰ ਕਮਾਉਣ ਦੀ ਖਾਹਿਸ਼ ਨੂੰ ਛੱਡ ਨਹੀਂ ਸਕਦਾ। ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ ਭਾਵੇਂ ਮੈਂ ਆਪਣੇ ਮਨ ਨੂੰ ਰੋਕਣ ਦੇ ਘਣੇਰੇ ਉਪਰਾਲੇ ਕਰਦਾ ਹਾਂ, ਪ੍ਰੰਤੂ ਇਹ ਮੁੜ ਮੁੜ ਕੇ ਉਨ੍ਹਾਂ ਨੂੰ ਚਿਮੜਦਾ ਹੈ। copyright GurbaniShare.com all right reserved. Email |