ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪ੍ਰਭੂ ਗੋਲੇ ਨਾਨਕ ਦੇ ਪੱਖ ਤੇ ਹੈ, ਉਹ ਸਰਬ-ਸ਼ਕਤੀਮਾਨ ਅਤੇ ਸਰਬੱਗ ਵਾਹਿਗੁਰੂ ਮੇਰਾ ਮਿੱਤਰ ਹੈ। ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥ ਗੁਰੂ ਦਾ ਲੰਗਰ ਵਰਤਦਾ ਵੇਖ ਕੇ, ਸਾਰੇ ਜਣੇਆਂ ਸੱਚੇ ਗੁਰਾਂ ਦੇ ਚਰਨਾਂ ਤੇ ਢਹਿ ਪਏ ਅਤੇ ਉਨ੍ਹਾਂ ਨੇ ਉਨ੍ਹਾਂ ਸਾਰਿਆ ਦੇ ਮਨਾਂ ਤੋਂ ਹੰਕਾਰ ਦੂਰ ਕਰ ਦਿੱਤਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥ ਕੋਈ ਜਣਾ ਬੀਜ ਬੀਜਦਾ ਹੈ ਅਤੋ ਕੋਈ ਹੋਰ ਜਣਾ ਫਸਲ ਨੂੰ ਵੱਢਦਾ ਹੈ ਅਤੇ ਬਿਲਕੁਲ ਹੋਰ ਹੀ ਕੋਈ ਦਾਣੇ ਕੱਢਦਾ ਹੈ। ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥ ਨਾਨਕ ਏਨਾ ਕੁ ਭੀ ਨਹੀਂ ਜਾਣਿਆ ਜਾ ਸਕਦਾ ਕਿ ਅੰਤ ਨੂੰ ਅੰਨ ਨੂੰ ਕੌਣ ਖਾਏਗਾ। ਮਃ ੧ ॥ ਪਹਿਲੀ ਪਾਤਿਸ਼ਾਹੀ। ਜਿਸੁ ਮਨਿ ਵਸਿਆ ਤਰਿਆ ਸੋਇ ॥ ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਕੇਵਲ ਉਹ ਹੀ ਪਾਰ ਉਤਰਦਾ ਹੈ। ਨਾਨਕ ਜੋ ਭਾਵੈ ਸੋ ਹੋਇ ॥੨॥ ਜਿਹੜਾ ਕੁਛ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ, ਹੇ ਨਾਨਕ! ਪਉੜੀ ॥ ਪਉੜੀ। ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥ ਮਿਹਰਬਾਨ ਪਰਮ ਪ੍ਰਭੂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥ ਦਇਆਵਾਨ ਪੂਰਨ ਗੁਰਾਂ ਨੇ ਮੇਰਾ ਸੰਦੇਹ ਤੇ ਡਰ ਦੂਰ ਕਰ ਦਿੱਤਾ ਹੈ। ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥ ਭੋਗ ਬਿਲਾਸ ਅਤੇ ਗੁੱਸੇ ਵਰਗੇ ਭਿਆਨਕ ਭੂਤਨੇ ਸਾਰੇ ਕਾਬੂ ਵਿੱਚ ਆ ਗਏ ਹਨ। ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥ ਮੈਂ ਸੁਧਾ-ਸਰੂਪ ਨਾਮ ਦੇ ਖਜਾਨੇ ਨੂੰ ਆਪਣੇ ਗਲੇ ਅਤੇ ਦਿਲ ਅੰਦਰ ਟਿਕਾਇਆ ਹੈ। ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥੧੧॥ ਨਾਨਕ, ਸਤਿਸੰਗਤ ਅੰਦਰ ਮੈਂ ਆਪਣੇ ਜੰਮਣਾ ਅਤੇ ਮਰਨ ਨੂੰ ਸ਼ਸ਼ੋਭਤ ਕਰ ਲਿਆ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਨ੍ਹ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹ੍ਹਿ ॥ ਜੋ ਆਪਣੇ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਝੂਠੇ ਆਖੇ ਜਾਂਦੇ ਹਨ। ਪੰਚ ਚੋਰ ਤਿਨਾ ਘਰੁ ਮੁਹਨ੍ਹ੍ਹਿ ਹਉਮੈ ਅੰਦਰਿ ਸੰਨ੍ਹ੍ਹਿ ॥ ਪੰਜ ਚੋਰ ਉਨ੍ਹਾਂ ਦੇ ਗ੍ਰਹਿ ਨੂੰ ਲੁੱਟ ਲੈਂਦੇ ਹਨ ਅਤੇ ਸਵੈ-ਹੰਗਤਾ ਇਸ ਦੇ ਅੰਦਰ ਸੰਨ੍ਹ ਲਾਉਂਦੀ ਹੈ। ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹ੍ਹਿ ॥ ਮਾਇਆ ਦੇ ਪੁਜਾਰੀ ਵਾਹਿਗੁਰੂ ਦੇ ਸੁਆਦ ਨੂੰ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਦੀ ਖਸਲਤ ਨੇ ਠੱਗ ਲਿਆ ਹੈ। ਜਿਨ੍ਹ੍ਹੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹ੍ਹਿ ॥ ਜੋ ਸੁਧਾ-ਸਰੂਪ ਨਾਮ ਨੂੰ ਸੰਦੇਹ ਦੇ ਰਾਹੀਂ ਗੁਆ ਲੈਂਦੇ ਹਨ। ਉਹ ਪਾਪ ਅੰਦਰ ਪੂਰੀ ਤਰ੍ਹਾਂ ਗੁਲਤਾਨ ਰਹਿੰਦੇ ਹਨ। ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹ੍ਹਿ ॥ ਉਹ ਪਾਂਬਰਾਂ ਨਾਲ ਪਿਆਰ ਪਾਉਂਦੇ ਹਨ ਅਤੇ ਸਾਹਿਬ ਦੇ ਗੋਲਿਆਂ ਨਾਲ ਝਗੜ ਪੈਂਦੇ ਹਨ। ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹ੍ਹਿ ॥ ਨਾਨਕ, ਮਾਇਆ ਦੇ ਆਸ਼ਕਾਂ ਨੂੰ ਮੌਤ ਦਾ ਦੂਤ ਨਰੜ ਲੈਂਦਾ ਹੈ ਅਤੇ ਉਹ ਦੋਜ਼ਕ ਅੰਦਰ ਤਕਲੀਫ ਉਠਾਉਂਦੇ ਹਨ। ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹ੍ਹਿ ॥੧॥ ਉਹ ਆਪਣੇ ਪੂਰਬਲੇ ਅਮਲਾਂ ਦੇ ਅਨੁਸਾਰ ਕਰਮ ਕਰਦੇ ਹਨ। ਜਿਵੇਂ ਸਾਈਂ ਉਨ੍ਹਾਂ ਨੂੰ ਰੱਖਦਾ ਹੈ, ਉਵੇਂ ਹੀ ਉਹ ਰਹਿੰਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਜਿਨ੍ਹ੍ਹੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥ ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਨਿਜੋਰਿਆਂ ਤੋਂ ਜ਼ੋਰਾਵਰ ਹੋ ਜਾਂਦੇ ਹਨ। ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥ ਹਰ ਸੁਆਸ ਅਤੇ ਬੁਰਕੀ ਨਾਲ, ਸੁਆਮੀ ਸਦੀਵ ਹੀ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਵੱਲ ਝਾਕ ਨਹੀਂ ਸਕਦਾ। ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥ ਸੁਆਮੀ ਵਹਿਗੁਰੂ ਦਾ ਨਾਮ-ਅੰਮ੍ਰਿਤ ਉਨ੍ਹਾਂ ਦੇ ਮਨ ਅੰਦਰ ਨਿਵਾਸ ਰੱਖਦਾ ਹੈ ਅਤੇ ਮਾਇਆ ਦੀ ਦੇਵੀ ਉਨ੍ਹਾਂ ਦੀ ਨੌਕਰਾਣੀ ਹੈ। ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥ ਜੋ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ, ਉਹ ਮਹਾਨ ਮਾਲ-ਧਨ ਨੂੰ ਪਰਾਪਤ ਕਰ ਲੈਂਦਾ ਹੈ। ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥ ਨਾਨਕ, ਮੈਂ ਹਮੇਸ਼ਾਂ ਉਸ ਉਤੋਂ ਘੋਲੀ ਜਾਂਦਾ ਹਾਂ, ਜਿਸ ਦੀ ਆਤਮਾ ਅਤੇ ਦੇਹ ਅੰਦਰ ਸੁਆਮੀ ਨਿਵਾਸ ਰੱਖਦਾ ਹੈ। ਜਿਨ੍ਹ੍ਹ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥ ਜਿਨ੍ਹਾਂ ਦੀ ਪ੍ਰਾਲਭਧ ਵਿੱਚ ਪਿਛਲੀ ਐਸੀ ਲਿਖਤਾਕਾਰ ਹੈ; ਕੇਵਲ ਉਨ੍ਹਾਂ ਦਾ ਹੀ ਸਾਧੂਆਂ ਨਾਲ ਪਿਆਰ ਪੈਂਦਾ ਹੈ। ਪਉੜੀ ॥ ਪਉੜੀ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ ॥ ਜੋ ਕੁਝ ਪੂਰਨ ਸੱਚੇ ਗੁਰੂ ਜੀ ਉਚਾਰਨ ਕਰਦੇ ਹਨ, ਉਸ ਨੂੰ ਸ਼ਰੋਮਣੀ ਸਾਹਿਬ ਸੁਣਦਾ ਹੈ। ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥ ਗੁਰੂ ਦੀ ਉਹ ਬਾਣੀ ਸੰਸਾਰ ਅੰਦਰ ਵਿਆਪਕ ਹੈ ਅਤੇ ਹਰ ਜਣਾ ਇਸ ਨੂੰ ਆਪਣੇ ਮੂੰਹ ਨਾਲ ਉਚਾਰਦਾ ਹੈ। ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥ ਘਣੇਰੀਆਂ ਹਨ ਪ੍ਰਭੂ ਦੀਆਂ ਬਜ਼ੁਰਗੀਆਂ। ਉਹ ਗਿਣੀਆਂ ਨਹੀਂ ਜਾ ਸਕਦੀਆਂ। ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥ ਸੱਚੇ ਗੁਰਾਂ ਕੋਲ ਸੱਚ, ਅਡੋਲਤਾ ਤੇ ਖੁਸ਼ੀ ਹੈ ਅਤੇ ਉਹ (ਆਪਣੇ ਸਿੱਖ ਨੂੰ) ਨਾਮਾ ਦਾ ਮਾਣਕ (ਬਖਸ਼ਦੇ ਹਨ)। ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥੧੨॥ ਨਾਨਕ, ਸ਼ਰੋਮਣੀ ਸਾਹਿਬ ਸਾਧੂਆਂ ਨੂੰ ਸ਼ਸ਼ੋਭਤ ਕਰ ਦਿੰਦਾ ਹੈ ਅਤੇ ਉਹ ਸੱਚੇ ਸੁਆਮੀ ਵਰਗੇ ਹੀ ਹੋ ਜਾਂਦੇ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਪ੍ਰਾਣੀ ਆਪਣੇ ਆਪ ਨੂੰ ਸਮਝਦਾ ਨਹੀਂ ਅਤੇ ਵਾਹਿਗੁਰੂ ਸੁਆਮੀ ਨੂੰ ਦੁਰੇਡੇ ਜਾਣਦਾ ਹੈ। ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ ਉਹ ਗੁਰਾਂ ਦੀ ਟਹਿਲ ਸੇਵਾਂ ਨੂੰ ਭੁਲਾ ਦਿੰਦਾ ਹੈ। ਉਸ ਦਾ ਮਨੂਆ ਕਿਸ ਤਰ੍ਹਾਂ ਸਾਈਂ ਦੀ ਹਾਜ਼ਰੀ ਵਿੱਚ ਵਸ ਸਕਦਾ ਹੈ? ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਆਪ-ਹੁਦਰਾ ਪੁਰਸ਼ ਆਪਣਾ ਜੀਵਨ ਅਸੱਤਿ ਲੋਭ ਅਤੇ ਕੂੜ ਕੁਸੱਤ ਅੰਦਰ ਗੁਆ ਲੈਂਦਾ ਹੈ। ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥ ਨਾਨਕ ਸੱਚੇ ਨਾਮ ਦੇ ਰਾਹੀਂ ਪ੍ਰਭੂ ਪ੍ਰਾਣੀ ਨੂੰ ਮੁਆਫ ਕਰ ਦਿੰਦਾ ਹੈ ਅਤੇ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ ਸੱਚੀ ਹੈ ਵਾਹਿਗੁਰੂ ਸੁਆਮੀ ਦੀ ਕੀਰਤੀ। ਗੁਰਾਂ ਦੀ ਰਹਿਮਤ ਸਦਕਾ ਬੰਦਾ ਜੱਗ ਦੇ ਮਾਲਕ ਦਾ ਨਾਮ ਉਚਾਰਦਾ ਹੈ। ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਰਾਤ ਦਿਨ ਨਾਮ ਦਾ ਜੱਸ ਕਰਨ ਅਤੇ ਵਾਹਿਗੁਰੂ ਦੇ ਸਿਮਰਨ ਦੁਆਰਾ, ਚਿੱਤ, ਪ੍ਰਸੰਨ ਹੋ ਜਾਂਦਾ ਹੈ। ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥ ਭਾਰੀ ਚੰਗੀ ਪ੍ਰਾਲਭਧ ਦੁਆਰਾ, ਮੈਂ ਆਪਣੇ ਮੁਕੰਮਲ ਮਹਾ ਅਨੰਦ ਸਰੂਪ ਵਾਹਿਗੁਰੂ ਨੂੰ ਪਾ ਲਿਆ ਹੈ। ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥ ਨਫਰ ਨਾਨਕ ਨੇ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕੀਤਾ ਹੈ ਅਤੇ ਉਸ ਦੀ ਆਤਮਾ ਤੇ ਦੇਹ ਮੁੜ ਕੇ ਬਰਬਾਦ ਨਹੀਂ ਹੋਣਗੇ। copyright GurbaniShare.com all right reserved. Email |