Page 681

ਧਨਾਸਰੀ ਮਹਲਾ ੫ ਛੰਤ
ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
ਮਸਕੀਨਾਂ ਤੇ ਮਿਹਰਬਾਨ ਹਨ ਮੇਰੇ ਸੱਚੇ ਗੁਰੂ ਜੀ, ਜਿਨ੍ਹਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।

ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥
ਪ੍ਰਭੂ ਦਾ ਸੁਧਾ ਸਰੂਪ ਨਾਮ ਸਤਿ ਸੰਗਤ ਅੰਦਰ ਉਚਾਰਨ ਕੀਤਾ ਜਾਂਦਾ ਹੈ।

ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥
ਸਤਿ ਸੰਗਤ ਅੰਦਰ ਇਕ ਪ੍ਰਭੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ, ਜੰਮਣ ਦੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।

ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥
ਜਿਨ੍ਹਾਂ ਲਈ ਐਨ ਆਰੰਭ ਤੋਂ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥
ਉਨ੍ਹਾਂ ਦਾ ਡਰ ਤੇ ਸੰਸਾ ਦੂਰ ਹੋ ਜਾਂਦੇ ਹਨ, ਮਾਇਆ ਦੀ ਗੰਢ ਖੁੱਲ੍ਹ ਜਾਂਦੀ ਹੈ ਅਤੇ ਉਹ ਮੌਤ ਦੇ ਰਾਹੇ ਕਦਾਚਿੱਤ ਨਹੀਂ ਪੈਦੇ।

ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥
ਗੁਰੂ ਜੀ ਬੇਨਤੀ ਕਰਦੇ ਹਨ, ਮੇਰੇ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਮੈਂ ਹਮੇਸ਼ਾਂ ਤੇਰਾ ਜੱਸ ਗਾਇਨ ਕਰਦਾ ਰਹਾਂ।

ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
ਇਕ ਪਵਿੱਤਰ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।

ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥
ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ।

ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥
ਹੇ ਦੁੱਖ ਦੂਰ ਕਰਨਹਾਰ! ਤੇ ਪ੍ਰਸੰਨਤਾ ਦੇ ਸਾਈਂ ਸਿਰਜਣਹਾਰ! ਜਿਹੜਾ ਕੋਈ ਭੀ ਸੰਤਾਂ ਦੀ ਪਨਾਹ ਲੈਂਦਾ ਹੈ,

ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥
ਉਸ ਨੂੰ ਤੂੰ ਪਰਮ ਕਰਨ ਸੰਸਾਰ ਸਮੁੰਦਰ ਤੋਂ ਇਕ ਮੁਹਤ ਵਿੱਚ ਪਾਰ ਕਰ ਦਿੰਦਾ ਹੈ।

ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥
ਜਦ ਮੈਂ ਗੁਰਾਂ ਦੇ ਬ੍ਰਹਮ ਵੀਚਾਰ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ, ਤਾਂ ਮੈਂ ਸੁਆਮੀ ਨੂੰ ਹਰ ਥਾਂ ਪਰੀਪੂਰਨ ਤੱਕ ਲਿਆ।

ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥
ਗੁਰੂ ਜੀ ਬੇਨਤੀ ਕਰਦੇ ਹਨ, ਹਮੇਸ਼ਾਂ ਹੀ ਮੈਂ ਉਸ ਦਾ ਚਿੰਤਨ ਕਰਦਾ ਹਾਂ, ਜੋ ਪੀੜਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ।

ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥
ਆਪਣੀ ਰਹਿਮਤ ਕਰ ਕੇ, ਸੁਆਮੀ ਨੇ ਮੈਨੂੰ ਆਪਣੇ ਪੱਲੇ ਲਾ ਲਿਆ ਹੈ।

ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥
ਮੈਂ ਨੇਕੀ ਵਿਹੂਣ, ਨੀਵਾਂ ਤੇ ਨਿਖਸਮਾਂ ਹਾਂ ਅਤੇ ਸਾਹਿਬ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।

ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥
ਹਮੇਸ਼ਾਂ ਹੀ ਮਿਹਰਬਾਨ ਤੇ ਮਇਆਵਾਨ ਹੈ ਮੇਰਾ ਮਾਲਕ। ਉਹ ਨੀਵਿਆਂ ਨੂੰ ਅਸਥਾਪਨ ਕਰਨ ਵਾਲਾ ਹੈ।

ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥
ਸਾਰੇ ਜੀਵ ਜੰਤੂ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ।

ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥
ਸੁਆਮੀ ਆਪੇ ਸਿਰਜਣਹਾਰ, ਆਪੇ ਅਨੰਦ ਮਾਨਣ ਵਾਲਾ, ਅਤੇ ਆਪੇ ਹੀ ਸਭ ਕੁਝ ਸੋਚਣ ਸਮਝਣ ਵਾਲਾ ਹੈ।

ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥
ਨਾਨਕ, ਬੇਨਤੀ ਕਰਦਾ ਹੈ ਕਿ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਅਤੇ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।

ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥
ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੈਂਡਾ ਨਾਮ, ਹੇ ਮੇਰੇ ਸੁਆਮੀ!

ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥
ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ!

ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥
ਆਪਣੀ ਪ੍ਰਸੰਨਤਾ ਦੁਆਰਾ ਤੂੰ ਸਾਧੂਆਂ ਦੀ ਜਿਹਭਾ ਉਤੇ ਵਸਦਾ ਹੈ ਅਤੇ ਉਹ ਤੇਰੇ ਅੰਮ੍ਰਿਤ ਨਾਲ ਖੀਵੇ ਹੋਏ ਹੋਏ ਹਨ, ਹੇ ਪ੍ਰਭੂ!

ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥
ਪਰਮ ਚੰਗੇ ਨਸੀਬਾਂ ਵਾਲੇ ਗੁਰਾਂ ਦੇ ਪੈਰੀਂ ਪੈਂਦੇ ਹਨ ਅਤੇ ਰਾਤ ਦਿਨ, ਉਹ ਹਮੇਸ਼ਾਂ ਸੁਚੇਤ ਰਹਿੰਦੇ ਹਨ।

ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥
ਹਮੇਸ਼ਾ, ਹਮੇਸ਼ਾਂ ਹੀ ਤੂੰ ਸਿਰਮਨ ਯੋਗ ਸਾਹਿਬ ਦਾ ਸਿਮਰਨ ਕਰ ਅਤੇ ਆਪਣੇ ਹਰ ਸੁਆਸ ਨਾਲ ਤੂੰ ਉਸ ਦੀਆਂ ਸਿਫਤਾਂ ਦਾ ਉਚਾਰਨ ਕਰ।

ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥
ਗੁਰੂ ਜੀ ਬੇਨਤੀ ਕਰਦੇ ਹਨ, ਕਿ ਅਮੋਲਕ ਹੈ ਸੁਆਮੀ ਦਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਹੈ ਉਹ।

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
ਰਾਗ ਧਨਾਸਰੀ ਪੂਜਯ ਸਾਧੂ ਕਬੀਰ ਜੀ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਨਕ ਸਨੰਦ ਮਹੇਸ ਸਮਾਨਾਂ ॥
ਸਨਕ, ਸਨੰਦ, ਸ਼ਿਵਜੀ ਅਤੇ ਸ਼ੇਸ਼ਨਾਗ ਵਰਗੀਆਂ ਵਿਅਕਤੀਆਂ,

ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥
ਤੇਰੇ ਭੇਦ ਨੂੰ ਨਹੀਂ ਜਾਣਦੀਆਂ, ਹੇ ਸੁਆਮੀ!

ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥
ਸਾਧੂਆਂ ਦੀ ਸੰਗਤ ਰਾਹੀਂ ਸਰਬ-ਵਿਆਪਕ ਸੁਆਮੀ ਹਿਰਦੇ ਅੰਦਰ ਟਿੱਕ ਜਾਂਦਾ ਹੈ।

ਹਨੂਮਾਨ ਸਰਿ ਗਰੁੜ ਸਮਾਨਾਂ ॥
ਹਨੂਮਾਨ ਵਰਗੀਆਂ ਵਿਅਕਤੀਆਂ, ਗਰੜ ਜੈਸੇ ਜੀਵਾਂ,

ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
ਦੇਵਤਿਆਂ ਦੇ ਸੁਆਮੀ ਇੰਦਰ ਅਤੇ ਮਨੁੱਖਾਂ ਦੇ ਸੁਆਮੀ-ਬ੍ਰਹਮਾ, ਤੇਰੀਆਂ ਉਤਕ੍ਰਿਸ਼ਟਤਾਈਆਂ ਨੂੰ ਨਹੀਂ ਜਾਣਦੇ, ਹੇ ਮਾਲਕ!

ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥
ਚਾਰੇ ਵੇਦ, ਸਤਾਈ ਸਿੰਮਰਤੀਆਂ, ਅਠਾਰਾਂ ਪੁਰਾਣ,

ਕਮਲਾਪਤਿ ਕਵਲਾ ਨਹੀ ਜਾਨਾਂ ॥੩॥
ਲਖਸ਼ਮੀ ਦਾ ਪਤੀ ਵਿਸ਼ਨੂੰ ਅਤੇ ਲਖਸ਼ਮੀ, ਸਾਹਿਬ ਨੂੰ ਨਹੀਂ ਸਮਝਦੇ।

ਕਹਿ ਕਬੀਰ ਸੋ ਭਰਮੈ ਨਾਹੀ ॥
ਕਬੀਰ ਜੀ ਆਖਦੇ ਹਨ ਕਿ ਉਹ ਜੂਨੀਆਂ ਅੰਦਰ ਨਹੀਂ ਭਟਕਦਾ,

ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥
ਜੋ ਪ੍ਰਭੂ ਦੇ ਪੈਰਾਂ ਨੂੰ ਪਰਸਦਾ ਹੈ ਅਤੇ ਉਸ ਦੀ ਪਨਾਹ ਹੇਠਾਂ ਰਹਿੰਦਾ ਹੈ।

copyright GurbaniShare.com all right reserved. Email