Page 680

ਠਾਕੁਰੁ ਗਾਈਐ ਆਤਮ ਰੰਗਿ ॥
ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।

ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ।

ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ।

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥
ਆਦਮੀ ਹੋਰਨਾਂ ਨੂੰ ਧੋਖਾ ਦੇਣ ਦੇ ਉਪਰਾਲੇ ਕਰਦਾ ਹੈ, ਪਰ ਉਹ ਦਿਲਾਂ ਦੀਆਂ ਜਾਨਣਹਾਰ ਸਾਈਂ ਸਭ ਕੁਛ ਜਾਣਦਾ ਹੈ।

ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
ਉਹ ਗੁਨਾਹ ਕਮਾਉਦਾ, ਤੇ ਕਰਕੇ ਮੁੱਕਰ ਜਾਂਦਾ ਹੈ ਅਤੇ ਤਿਆਗੀਆਂ ਦਾ ਭੇਸ ਧਾਰਦਾ ਹੈ।

ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥
ਤੈਨੂੰ, ਹੇ ਸੁਆਮੀ! ਉਹ ਦੁਰੇਡੇ ਸਮਝਦਾ ਹੈ, ਪਰ ਤੂੰ ਐਨ ਨੇੜੇ ਹੀ ਹੈ।

ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
ਲਾਲਚੀ ਬੰਦਾ ਐਧਰ ਉਧਰ ਤੱਕਦਾ ਹੈ ਅਤੇ ਫੇਰ ਓਧਰੋਂ ਏਧਰ ਵੇਖਦਾ ਹੈ ਅਤੇ ਚੋਰੀ ਕਰ ਕੇ ਮੁੜ ਆਉਂਦਾ ਹੈ। ਠਹਿਰਾਉ।

ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥
ਜਦ ਤਾਂਈਂ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਤਦ ਤੱਕ ਤਾਂਈਂ ਮੋਖਸ਼ ਪ੍ਰਾਪਤ ਨਹੀਂ ਹੁੰਦੀ।

ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਗੁਰੂ ਆਖਦੇ ਹਨ, ਕੇਵਲ ਉਹ ਹੀ ਸਾਧੂ ਹੇ ਤੇ ਓਹੀ ਭਗਤ ਪੁਰਸ਼ ਜਿਸ ਉਤੇ ਪ੍ਰਭੂ ਮਿਹਰਬਾਨ ਹੈ।

ਧਨਾਸਰੀ ਮਹਲਾ ੫ ॥
ਧਵਾਸਰੀ ਪੰਜਵੀਂ ਪਾਤਿਸ਼ਾਹੀ।

ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥
ਮੇਰੇ ਗੁਰਦੇਵ ਉਸ ਪ੍ਰਾਣੀ ਨੂੰ ਨਾਮ ਬਖਸ਼ਦੇ ਹਨ, ਜਿਸ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥
ਉਹ ਨਾਮ ਨੂੰ ਪੱਕਾ ਕਰਦੇ ਹਨ, ਅਤੇ ਨਾਮ ਦਾ ਹੀ ਉਹ ਉਚਾਰਨ ਕਰਾਉਂਦੇ ਹਨ। ਇਹ ਹੈ ਉਨ੍ਹਾਂ ਦਾ ਮੱਤ ਇਸ ਸੰਸਾਰ ਵਿੱਚ ਹੈ।

ਜਨ ਕਉ ਨਾਮੁ ਵਡਾਈ ਸੋਭ ॥
ਨਾਮ ਹੀ ਰੱਬ ਦੇ ਦਾਸ ਦੀ ਵਿਸ਼ਾਲਤਾ ਅਤੇ ਪ੍ਰਤਾਪ ਹੈ।

ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥
ਨਾਮ ਹੀ ਪ੍ਰਭੂ ਸੇਵਕ ਦੀ ਮੁਕਤੀ ਅਤੇ ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁੱਛ ਹੁੰਦਾ ਹੈ, ਉਹ ਉਸ ਨੂੰ ਭਲਾ ਕਰ ਕੇ ਮੰਨਦਾ ਹੈ। ਠਹਿਰਾਉ।

ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥
ਜਿਸ ਇਨਸਾਨ ਦੀ ਝੋਲੀ ਵਿੱਚ ਨਾਮ ਦੀ ਦੌਲਤ ਹੈ, ਓਹੀ ਪੂਰਨ ਸ਼ਾਹੂਕਾਰ ਹੈ।

ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
ਨਾਨਕ ਨੂੰ ਨਾਮ ਦੇ ਕਾਰ-ਵਿਹਾਰ ਦਾ ਆਸਰਾ ਹੈ, ਅਤੇ ਉਹ ਕੇਵਲ ਨਾਮ ਦਾ ਹੀ ਨਫਾ ਪ੍ਰਾਪਤ ਕਰਦਾ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥
ਮੇਰੀਆਂ ਅੱਖਾਂ ਸੁਆਮੀ ਦਾ ਦਰਸ਼ਨ ਦੇਖ ਕੇ ਪਵਿੱਤਰ ਹੋ ਗਈਆਂ ਹਨ ਅਤੇ ਮੇਰਾ ਮੱਥਾ ਉਸ ਦੇ ਪੈਰਾਂ ਦੀ ਧੂੜ ਪੈਣ ਦੁਆਰਾ।

ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥
ਖੁਸ਼ੀ ਅਤੇ ਸੁਆਦ ਨਾਲ ਮੈਂ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਮੇਰੇ ਮਨ ਅੰਦਰ ਜਗ ਦਾ ਪਾਲਣਹਾਰ ਵੱਸਦਾ ਹੈ।

ਤੁਮ ਤਉ ਰਾਖਨਹਾਰ ਦਇਆਲ ॥
ਤੂੰ, ਹੇ ਸੁਆਮੀ! ਮੇਰਾ ਮਿਹਰਬਾਨ ਰਖਿਅਕ ਹੈ।

ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥
ਤੂੰ, ਸੁਨੱਖੇ, ਸਿਆਣੇ ਅਤੇ ਅਨੰਤ, ਸੁਆਮੀ, ਤੂੰ, ਹੇ ਬਾਬਲ! ਮੇਰੇ ਉਤੇ ਦਇਆਵਾਨ ਹੋ। ਠਹਿਰਾਉ।

ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥
ਹੇ ਪਰਮ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ! ਤੇਰੀ ਬਾਣੀ ਮਹਾਨ ਸੁੰਦਰ ਅਤੇ ਅੰਮ੍ਰਿਤ ਦਾ ਘਰ ਹੈ।

ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
ਨਾਨਕ ਨੇ ਸੱਚੇ ਗੁਰਾਂ ਦੇ ਪੈਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥
ਆਪਣੀ ਯੁਕਤੀ ਦੁਆਰਾ, ਪ੍ਰਭੂ ਸਾਨੂੰ ਆਹਰ ਛਕਾਉਂਦਾ ਹੈ ਅਤੇ ਆਪਣੀ ਯੁਕਤੀ ਦੁਆਰਾ ਹੀ ਉਹ ਸਾਨੂੰ ਖਿਡਾਉਂਦਾ ਹੈ।

ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥
ਉਹ ਸਾਨੂੰ ਸਾਰੇ ਆਰਾਮ, ਭੋਗ-ਬਿਲਾਸ ਅਤੇ ਨਿਆਮਤਾਂ ਬਖਸ਼ਦਾ ਹੈ ਅਤੇ ਸਾਡੀ ਜਿੰਦ ਤੇ ਨਾਲ ਵਸਦਾ ਹੈ।

ਹਮਰੇ ਪਿਤਾ ਗੋਪਾਲ ਦਇਆਲ ॥
ਕੁਲ ਆਲਮ ਨੂੰ ਪਾਲਣਹਾਰ ਦਇਆਵਾਨ ਵਾਹਿਗੁਰੂ ਮੇਰਾ ਪਿਤਾ ਹੈ।

ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ, ਏਸੇ ਤਰ੍ਹਾਂ ਹੀ ਸਾਹਿਬ ਮੇਰੀ ਪਰਵਰਿਸ਼ ਕਰਦਾ ਹੈ। ਠਹਿਰਾਉ।

ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥
ਹੇ ਮੇਰੇ ਸਦੀਵੀ, ਪੱਕੇ ਅਤੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰਾ ਮਿੱਤਰ ਤੇ ਯਾਰ ਅਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ।

ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥
ਏਥੇ ਓਥੇ ਅਤੇ ਹਰ ਥਾਂ ਤੂੰ, ਹੇ ਸਾਹਿਬ! ਰਮਿਆ ਹੋਇਆ ਹੈ ਆਪਣੇ ਸੰਤਾਂ ਦੀ ਚਾਰਕੀ ਤੂੰ ਨਾਨਕ ਨੂੰ ਪ੍ਰਦਾਨ ਕਰ।

ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।

ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥
ਮਿਹਰਬਾਨ ਤੇ ਦਇਆਵਾਨ ਸਾਹਿਬ ਦੇ ਸਾਧੂ ਆਪਣੀ ਕਾਮ ਚੇਸ਼ਟਾ, ਗੁੱਸੇ ਤੇ ਪਾਪ ਨੂੰ ਸਾੜ ਸੁੱਟਦੇ ਹਨ।

ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥
ਮੇਰਾ ਰਾਜ ਭਾਗ, ਦੌਲਤ, ਜੁਆਨੀ ਦੇਹ ਤੇ ਆਤਮਾ ਉਨ੍ਹਾਂ ਉਤੋਂ ਕੁਰਬਾਨ ਹਨ।

ਮਨਿ ਤਨਿ ਰਾਮ ਨਾਮ ਹਿਤਕਾਰੇ ॥
ਮੈਂ ਆਪਣੇ ਮਨੋ ਤਨੋ ਪ੍ਰਭੂ ਦੇ ਨਾਮ ਨੂੰ ਪਿਆਰ ਕਰਦਾ ਹਾਂ।

ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥
ਸੁਖ ਆਰਾਮ, ਅਡੋਲਤਾ, ਖੁਸ਼ੀ ਅਤੇ ਪ੍ਰਸੰਨਤਾ ਨਾਲ ਪ੍ਰਭੂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਠਹਿਰਾਉ।

copyright GurbaniShare.com all right reserved. Email