Page 690

ਧਨਾਸਰੀ ਛੰਤ ਮਹਲਾ ੪ ਘਰੁ ੧
ਧਨਾਸਰੀ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥
ਜੇਕਰ ਪੂਜਯ ਪ੍ਰਭੂ ਆਪਣੀ ਮਿਹਰ ਧਾਰੇ, ਤਦ ਹੀ ਕੋਈ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ।

ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥
ਸ੍ਰੇਸ਼ਟ ਸ਼ਰਧਾ ਰਾਹੀਂ ਸੱਚੇ ਗੁਰਾਂ ਨੂੰ ਮਿਲ ਕੇ, ਕੋਈ ਸੁਖੈਨ ਹੀ ਸੁਆਮੀ ਦਾ ਜੱਸ ਗਾਇਨ ਕਰਦਾ ਹੈ।

ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥
ਜਦ ਸੱਚੇ ਸਾਈਂ ਖੁਦ ਐਕੁਰ ਭਾਉਂਦਾ ਹੈ ਤਾਂ ਪ੍ਰਾਣੀ ਰਾਤ ਦਿਨ ਹਮੇਸ਼ਾਂ ਸਾਹਿਬ ਦੀ ਸਿਫ਼ਤ ਗਾਇਨ ਕਰਨ ਦੁਆਰਾ ਪ੍ਰਫੁਲਤ ਹੁੰਦਾ ਹੈ।

ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥
ਉਹ ਹੰਕਾਰ ਸਵੈ-ਹੰਗਤਾ ਅਤੇ ਧਨ-ਦੌਲਤ ਨੂੰ ਛੱਡ ਦਿੰਦਾ ਹੈ ਅਤੇ ਸੁਖੈਨ ਹੀ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥
ਉਹ ਰਚਣਹਾਰ ਖੁਦ ਹੀ ਰਚਦਾ ਹੈ। ਜਦ ਉਹ ਖੁਦ ਬਖਸ਼ਦਾ ਹੈ, ਕੇਵਲ ਤਦ ਹੀ ਅਸੀਂ ਪਾਉਂਦੇ ਹਾਂ।

ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥
ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ, ਕੇਵਲ ਤਦ ਹੀ ਅਸੀਂ ਉਸ ਦੇ ਨਾਮ ਦਾ ਆਰਾਧਨ ਕਰਦੇ ਹਾਂ।

ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥
ਮੇਰੇ ਹਿਰਦੇ ਅੰਦਰ ਪੂਰਨ ਸੱਚੇ ਗੁਰਾਂ ਦਾ ਪਿਆਰ ਹੈ।

ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥
ਉਨ੍ਹਾਂ ਦੀ ਮੈਂ ਦਿਨ ਰਾਤ ਟਹਿਲ ਕਮਾਉਂਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਕਦਾਚਿਤ ਨਹੀਂ ਭੁਲਾਉਂਦਾ।

ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥
ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭਲਾਉਂਦਾ ਅਤੇ ਰੈਣ ਦਿਹੁੰ ਉਸ ਨੂੰ ਯਾਦ ਕਰਦਾ ਹਾਂ। ਜਦ ਮੈਂ ਉਸ ਦਾ ਚਿੰਤਨ ਕਰਦਾ ਹਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ।

ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥
ਆਪਣੇ ਕੰਨਾਂ ਨਾਲ ਮੈਂ ਗੁਰਾਂ ਬਾਰੇ ਸੁਣਦਾ ਹਾਂ ਅਤੇ ਮੇਰੀ ਆਤਮਾ ਰੱਜ ਗਈ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਅੰਮ੍ਰਿਤ ਪਾਨ ਕਰਦਾ ਹਾਂ।

ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥
ਜੇਕਰ ਸਾਹਿਬ ਆਪਣੀ ਮਿਹਰ ਧਾਰੇ, ਤਦ ਮੈਂ ਸੱਚੇ ਗੁਰਾਂ ਨੂੰ ਮਿਲ ਪਵਾਂਗਾ ਅਤੇ ਮੇਰਾ ਪ੍ਰਬੀਨ ਮਨੂਆਂ ਰੈਣ ਦਿਹੁੰ ਨਾਮ ਦਾ ਚਿੰਤਨ ਕਰੇਗਾ।

ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥
ਮੇਰੇ ਅੰਦਰ ਪੂਰਨ ਸੱਚੇ ਗੁਰਾਂ ਦਾ ਸੱਚਾ ਪ੍ਰੇਮ ਹੈ।

ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥
ਜੇਕਰ ਭਾਰੇ ਚੰਗੇ ਨਸੀਬਾਂ ਦੁਆਰਾ ਪ੍ਰਾਣੀ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਵੇ, ਤਦ ਉਸ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਮਿਲਦੀ ਹੈ।

ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥
ਰੈਣ ਦਿਹੁੰ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ ਅਤੇ ਤਦ ਉਹ ਕੁਦਰਤੀ ਆਰਾਮ ਵਿੱਚ ਸਮਾ ਜਾਂਦਾ ਹੈ।

ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥
ਜਦ ਉਹ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ ਅਤੇ ਹਮੇਸ਼ਾਂ ਨਿਰਲੇਪ ਤੇ ਅਟੰਕ ਵਿਚਰਦਾ ਹੈ।

ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥
ਸਾਹਿਬ ਦੇ ਨਾਮ ਨਾਲ ਪ੍ਰੇਮ ਪਾਉਣ ਦੁਆਰਾ, ਉਹ ਇਸ ਜਹਾਨ, ਪ੍ਰਲੋਕਅਤੇ ਆਲਮ ਅੰਦਰ ਵਡਿਆਈ ਪਾਉਂਦਾ ਹੈ।

ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥
ਖੁਸ਼ੀ ਅਤੇ ਗਮੀ, ਦੋਨਾਂ ਤੋਂ ਉਹ ਆਜ਼ਾਦ ਰਹਿੰਦਾ ਹੈ ਅਤੇ ਜੋ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਭਾਉਂਦਾ ਹੈ।

ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥
ਚੰਗੇ ਕਰਮਾਂ ਦੁਆਰਾ ਸਾਧ ਸੰਗਤ ਪਾਈਦੀ ਹੈ, ਤੇ ਤਦ ਬੰਦਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ।

ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥
ਹੋਰਸ ਦੀ ਪ੍ਰੀਤ ਤੋਂ ਪੀੜ ਉਤਪੰਨ ਹੁੰਦੀ ਹੈ ਅਤੇ ਮੌਤ ਦਾ ਫਰੇਸ਼ਤਾ ਪ੍ਰਤੀਕੂਲ ਪੁਰਸ਼ ਨੂੰ ਤਕਾਉਂਦਾ ਹੈ।

ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥
ਸੰਸਾਰੀ ਮਮਤਾ ਦੀ ਪੀੜ ਦਾ ਡੰਗਿਆ ਹੋਇਆ, ਉਹ ਦਿਹੁੰ ਰੈਣ ਵਿਰਲਾਪ ਕਰਦਾ ਹੈ।

ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥
ਦੁਖਦਾਈ ਸੰਸਾਰੀ ਪਦਾਰਥਾਂ ਦਾ ਫਰੇਬਤਾ ਕੀਤਾ ਹੋਇਆ, ਉਹ ਹੰਕਾਰ ਵਿੱਚ ਕ੍ਰੋਧਵਾਨ ਹੋ ਜਾਂਦਾ ਹੈ ਅਤੇ ਇਹ "ਮੈਂਡੀ ਹੈ, ਇਹ ਮੈਂਡੀ ਹੈ" ਕਹਿੰਦਿਆਂ ਉਸ ਦੀ ਆਰਬਲਾ ਬੀਤ ਜਾਂਦੀ ਹੈ।

ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥
ਉਹ ਉਸ ਸੁਆਮੀ ਨੂੰ ਯਾਦ ਨਹੀਂ ਕਰਦਾ, ਜਿਹੜਾ ਉਸ ਨੂੰ ਦਾਤਾਂ ਦਿੰਦਾ ਹੈ ਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।

ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥
ਨਾਮ ਦੇ ਬਾਝੋਂ ਕੁਝ ਭੀ ਪ੍ਰਾਣੀ ਨਾਲ ਨਹੀਂ ਜਾਂਦਾ। ਧੀਆਂ, ਪੁੱਤ੍ਰ, ਵਹੁਟੀ ਅਤੇ ਧਨ-ਦੌਲਤ ਨੇ ਉਸ ਨੂੰ ਠੱਗ ਲਿਆ ਹੈ।

ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥
ਦਵੈਤ-ਭਾਵ ਵਿੱਚ, ਅਧਰਮੀ ਦੁੱਖ ਭੋਗਦਾ ਹੈ, ਅਤੇ ਮੌਤ ਦਾ ਦੂਤ ਉਸ ਨੂੰ ਨਜ਼ਰ ਹੇਠਾਂ ਰੱਖਦਾ ਹੈ।

ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥
ਮੇਰੇ ਤੇ ਮਿਹਰ ਧਾਰ ਕੇ, ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਉਸ ਦੀ ਹਜ਼ੂਰੀ ਪ੍ਰਾਪਤ ਹੋ ਗਈ ਹੈ।

ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥
ਹੱਥ-ਬੰਨ੍ਹ ਕੇ ਮੈਂ ਹਮੇਸ਼ਾਂ ਸੁਆਮੀ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ, ਅਤੇ ਇਸ ਤਰ੍ਹਾਂ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਗਿਆ ਹਾਂ।

ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥
ਜਦ ਇਨਸਾਨ ਪ੍ਰਭੂ ਦੇ ਚਿੱਤ ਨੂੰ ਪੁੜ ਜਾਂਦਾ ਹੈ, ਤਦ ਉਹ ਉਸ ਦੀ ਰਜ਼ਾ ਅੰਦਰ ਲੀਨ ਹੋ ਜਾਂਦਾ ਹੈ। ਸਾਹਿਬ ਦੇ ਫੁਰਮਾਨ ਨੂੰ ਕਬੂਲ ਕਰ ਬੰਦਾ ਆਰਾਮ ਪਾਉਂਦਾ ਹੈ।

ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥
ਰਾਤ ਦਿਨ ਤਦ ਉਹ ਹਮੇਸ਼ਾਂ ਹੀ ਉਸ ਸੁਆਮੀ ਨੂੰ ਸਿਮਰਦਾ ਹੈ ਅਤੇ ਨਿਰਯਤਨ ਹੀ ਨਾਮ ਦਾ ਉਚਾਰਨ ਕਰਦਾ ਹੈ।

ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥
ਕੇਵਲ ਨਾਮ ਦੇ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ। ਸਾਹਿਬ ਦਾ ਨਾਮ ਨਾਨਕ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥
ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ ਤੇ ਮੈਨੂੰ ਆਪਣੀ ਹਜ਼ੂਰੀ ਪ੍ਰਦਾਨ ਕਰ।

copyright GurbaniShare.com all right reserved. Email