Page 666

ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥
ਨਾਨਕ, ਸਾਹਿਬ ਖੁਦ ਦੇਖਦਾ ਹੈ, ਅਤੇ ਖੁਦ ਹੀ ਇਨਸਾਨ ਨੂੰ ਸੱਚ ਨਾਲ ਜੋੜਦਾ ਹੈ।

ਧਨਾਸਰੀ ਮਹਲਾ ੩ ॥
ਧਨਾਸਰੀ ਤੀਜੀ ਪਾਤਿਸ਼ਾਹੀ।

ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥
ਸੁਆਮੀ ਦੇ ਨਾਮ ਦਾ ਮੁੱਲ ਅਤੇ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।

ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥
ਮੁਬਾਰਕ ਹਨ ਉਹ ਪੁਰਸ਼ ਜੋ ਆਪਣੀ ਬਿਰਤੀ ਕੇਵਲ ਨਾਮ ਨਾਲ ਹੀ ਜੋੜਦੇ ਹਨ।

ਗੁਰਮਤਿ ਸਾਚੀ ਸਾਚਾ ਵੀਚਾਰੁ ॥
ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸੁਆਮੀ ਦਾ ਸਿਮਰਨ।

ਆਪੇ ਬਖਸੇ ਦੇ ਵੀਚਾਰੁ ॥੧॥
ਆਪਣੀ ਬੰਦਗੀ ਦੀ ਵਿਚਾਰ ਦੇ ਕੇ, ਸੁਆਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ।

ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥
ਅਦਭੁਤ ਹੈ ਵਾਹਿਗੁਰੂ ਦਾ ਨਾਮ। ਪ੍ਰਭੂ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਹੈ।

ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥
ਕਾਲੇ ਯੁੱਗ ਅੰਦਰ ਗੁਰਾਂ ਦੇ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਓ।

ਹਮ ਮੂਰਖ ਮੂਰਖ ਮਨ ਮਾਹਿ ॥
ਅਸੀਂ ਬੇਸਮਝ ਹਾਂ ਅਤੇ ਬੇਸਮਝੀ ਹੀ ਸਾਡੇ ਚਿੱਤ ਵਿੱਚ ਹੈ,

ਹਉਮੈ ਵਿਚਿ ਸਭ ਕਾਰ ਕਮਾਹਿ ॥
ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਹਾਂ।

ਗੁਰ ਪਰਸਾਦੀ ਹੰਉਮੈ ਜਾਇ ॥
ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਹੈ,

ਆਪੇ ਬਖਸੇ ਲਏ ਮਿਲਾਇ ॥੨॥
ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥
ਸੰਸਾਰ ਦੇ ਧਨ ਪਦਾਰਥ ਘਣਾ ਹੰਕਾਰ ਪੈਦਾ ਕਰਦੇ ਹਨ,

ਅਹੰਕਾਰਿ ਡੂਬੈ ਨ ਪਾਵੈ ਮਾਨੁ ॥
ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਤੇ ਇਜ਼ਤ ਆਬਰੂ ਨਹੀਂ ਪਾਉਂਦਾ।

ਆਪੁ ਛੋਡਿ ਸਦਾ ਸੁਖੁ ਹੋਈ ॥
ਸਵੈ-ਹੰਗਤਾ ਨੂੰ ਤਿਆਗ, ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ।

ਗੁਰਮਤਿ ਸਾਲਾਹੀ ਸਚੁ ਸੋਈ ॥੩॥
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜੱਸ ਕਰਦਾ ਹੈ।

ਆਪੇ ਸਾਜੇ ਕਰਤਾ ਸੋਇ ॥
ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ।

ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
ਉਸ ਦੇ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ।

ਜਿਸੁ ਸਚਿ ਲਾਏ ਸੋਈ ਲਾਗੈ ॥
ਕੇਵਲ ਓਹੀ ਸੱਚ ਨਾਲ ਜੁੜਦਾ ਹੈ, ਜਿਸ ਨੂੰ ਸਾਹਿਬ ਆਪ ਜੋੜਦਾ ਹੈ।

ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥
ਨਾਨਕ ਨਾਮ ਦੇ ਰਾਹੀਂ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।

ਰਾਗੁ ਧਨਾਸਿਰੀ ਮਹਲਾ ੩ ਘਰੁ ੪
ਰਾਗ ਧਨਾਸਰੀ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥
ਮੈਂ ਤੈਡਾਂ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।

ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥
ਮਿਹਰਬਾਨ ਹੋ ਅਤੇ ਮੈਨੂੰ ਆਪਣੇ ਮੰਗਤੇ ਨੂੰ, ਆਪਣਾ ਨਾਮ ਪ੍ਰਦਾਨ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਪ੍ਰੀਤ ਨਾਲ ਰੰਗੀਜਿਆ ਰਹਾਂ, ਹੇ ਸੁਆਮੀ!

ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥
ਮੈਂ ਤੇਰੇ ਨਾਮ ਉਤੋਂ ਕੁਰਬਾਨ ਹਾਂ, ਹੇ ਸੱਚੇ ਸੁਆਮੀ!

ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥
ਇੱਕ ਸਾਹਿਬ ਹੀ ਸਾਰਿਆਂ ਹੇਤੂਆਂ ਦਾ ਹੇਤੂ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਓ।

ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥
ਮੈਂ, ਕਮੀਨੇ ਨੇ, ਜੂਨੀਆਂ ਵਿੱਚ ਘਣੇਰੇ ਚੱਕਰ ਕੱਟੇ ਹਨ। ਹੁਣ ਹੇ ਸੁਆਮੀ! ਮੇਰੇ ਉਤੇ ਕੁਝ ਰਹਿਮਤ ਧਾਰ।

ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥
ਮਿਹਰਬਾਨ ਹੋ, ਤੇ ਮੈਨੂੰ ਆਪਣਾ ਦੀਦਾਰ ਵਿਖਾਲ। ਮੈਨੂੰ ਐਹੋ ਜਿਹੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ।

ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥
ਗੁਰੂ ਜੀ ਆਖਦੇ ਹਨ, ਭਰਮ ਦੇ ਕਵਾੜ (ਪੜਦੇ) ਖੁਲ੍ਹ ਗਏ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸਾਈਂ ਨੂੰ ਜਾਣ ਲਿਆ ਹੈ।

ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
ਸੱਚੀ ਪ੍ਰੀਤ ਮੇਰੇ ਅੰਦਰ ਘਰ ਕਰ ਗਈ ਹੈ ਅਤੇ ਮੇਰਾ ਮਨੂਆ ਸੱਚੇ ਗੁਰਾਂ ਨਾਲ ਪਤੀਜ ਗਿਆ ਹੈ।

ਧਨਾਸਰੀ ਮਹਲਾ ੪ ਘਰੁ ੧ ਚਉਪਦੇ
ਧਨਾਸਰੀ ਚੌਥੀ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥
ਹੇ ਹਰੀ! ਸਾਧੂ ਤੇ ਸ਼ਰਧਾਲੂ ਜੋ ਤੇਰੀ ਘਾਲ ਕਮਾਉਂਦੇ ਹਨ, ਤੂੰ ਉਹਨਾਂ ਦੇ ਸਾਰੇ ਪਾਪ ਧੋ ਸੁੱਟਦਾ ਹੈਂ।

ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥
ਮੇਰੇ ਉਤੇ ਰਹਿਮਤ ਧਾਰ, ਹੇ ਠਾਕੁਰ ਅਤੇ ਮੈਨੂੰ ਉਸ ਸਭਾ ਅੰਦਰ ਰੱਖ ਜਿਹੜੀ ਮਿੱਠੜੀ ਲੱਗਦੀ ਹੈ।

ਹਰਿ ਗੁਣ ਕਹਿ ਨ ਸਕਉ ਬਨਵਾਰੀ ॥
ਜਗਤ ਜੰਗਲ ਦੇ ਮਾਲੀ ਵਾਹਿਗੁਰੂ ਦੀ ਕੀਰਤੀ ਮੈਂ ਵਰਣਨ ਨਹੀਂ ਕਰ ਸਕਦਾ।

ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥
ਅਸੀਂ ਗੁਨਾਹਗਾਰ ਪੱਥਰ ਦੀ ਨਿਆਈਂ, ਪਾਣੀ ਵਿੱਚ ਡੁੱਬ ਰਹੇ ਹਾਂ। ਮਿਹਰ ਧਾਰ ਤੇ ਸਾਡਾ, ਪੱਥਰਾਂ ਦਾ, ਪਾਰ ਉਤਾਰਾ ਕਰ ਦੇ। ਠਹਿਰਾਓ।

ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥
ਅਨੇਕਾਂ ਜਨਮਾਂ ਦੇ ਪਾਪਾਂ ਦਾ ਜੰਗਾਲ ਸਾਨੂੰ ਲੱਗਾ ਹੋਇਆ ਸੀ, ਸਤਿਸੰਗਤ ਨਾਲ ਜੁੜਨ ਦੁਆਰਾ ਇਹ ਐਉਂ ਲਹਿ ਗਿਆ ਹੈ,

ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥
ਜਿਸ ਤਰ੍ਹਾਂ ਅੱਗ ਵਿੱਚ ਤੱਤਾ ਕਰਨ ਨਾਲ ਸੋਨੇ ਦੀ ਮੈਲ ਪੂਰੀ ਤਰ੍ਹਾਂ ਲਹਿ ਅਤੇ ਉਤਰ ਜਾਂਦੀ ਹੈ।

ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥
ਦਿਨ ਰਾਤ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਸੁਆਮੀ ਮਾਲਕ ਦੇ ਨਾਮ ਦਾ ਜਾਪ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਥਾਉਂਦਾ ਹਾਂ।

ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥
ਸੁਆਮੀ ਮਾਲਕ ਦਾ ਨਾਮ ਇਸ ਜਗਤ ਅੰਦਰ ਕਾਮਲ ਦਵਾਈ ਹੈ, ਸਾਈਂ ਦੇ ਨਾਮ ਦਾ ਉਚਾਰਨ ਕਰ ਕੇ ਮੈਂ ਆਪਣੀ ਹੰਗਤਾ ਮਾਰ ਸੁੱਟੀ ਹੈ।

copyright GurbaniShare.com all right reserved. Email