Page 653

ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਨਾਨਕ ਪ੍ਰਭੂ ਦੇ ਧਰਮ ਅਸਥਾਨ ਤੇ ਨ੍ਹਾ ਕੇ ਉਹ ਪਵਿੱਤਰ ਥੀ ਵੰਞਦੇ ਹਨ।

ਸਲੋਕੁ ਮਃ ੪ ॥
ਸਲੋਕ ਚੌਥੀ ਪਾਤਿਸ਼ਾਹੀ।

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
ਗੁਰੂ ਸਮਰਪਨ ਦੇ ਮਨ ਅੰਦਰ ਠੰਢ ਚੈਨ ਹੈ। ਉਸ ਦੀ ਆਤਮਾਂ ਤੇ ਦੇਹ ਸਾਹਿਬ ਦੇ ਨਾਮ ਵਿੱਚ ਲੀਨ ਹਨ।

ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
ਉਹ ਨਾਮ ਨੂੰ ਸਿਮਰਦਾ ਹੈ, ਨਾਮ ਨੂੰ ਹੀ ਵਾਚਦਾ ਹੈ ਅਤੇ ਨਾਮ ਦੇ ਨਾਲ ਹੀ ਉਹ ਪਿਆਰਅੰਦਰ ਜੁੜਿਆ ਰਹਿੰਦਾ ਹੈ।

ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
ਉਹ ਨਾਮ ਦੀ ਦੌਲਤ ਨੂੰ ਪ੍ਰਾਪਤ ਕਰ ਲੈਦਾ ਹੈ ਅਤੇ ਉਸ ਦਾ ਸਾਰਾ ਫਿਕਰ ਦੂਰ ਹੋ ਜਾਂਦਾ ਹੈ।

ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
ਸੱਚੇ ਗੁਰਾਂ ਨਾਲ ਮਿਲਣ ਤੇ ਨਾਮ ਉਤਪੰਨ ਹੁੰਦਾ ਹੈ। ਉਸ ਦੀ ਤ੍ਰੇਹ ਤੇ ਖੁਦਿਆ ਸਭ ਨਵਿਰਤ ਹੋ ਜਾਂਦੀਆਂ ਹਨ।

ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥
ਨਾਨਕ, ਨਾਮ ਨਾਲ ਰੰਗੀਜਣ ਦੁਆਰਾ, ਉਹ ਨਾਮ ਨੂੰ ਹੀ ਆਪਣੀ ਝੋਲੀ ਵਿੱਚ ਪ੍ਰਾਪਤ ਕਰਦਾ ਹੈ।

ਮਃ ੪ ॥
ਚੌਥੀ ਪਾਤਿਸ਼ਾਹੀ।

ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥
ਜੋ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਫਿਟਕਾਰਿਆ ਹੋਇਆ ਹੈ ਊਹ ਖੁਦ ਆਪਣਾ ਝੁੱਗਾ ਤਿਆਗ ਕੇ ਸਦਾ ਹੀ ਭਟਕਦਾ ਫਿਰਦਾ ਹੈ।

ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥
ਉਸ ਦੇ ਮਗਰ ਤੁਹਿ ਤੁਹਿ ਹੁੰਦੀ ਹੈ ਅਤੇ ਉਸ ਦਾ ਚਿਹਰਾ ਪ੍ਰਲੋਕ ਵਿੱਚ ਕਾਲਾ ਕੀਤਾ ਜਾਂਦਾ ਹੈ।

ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
ਉਲਟ ਪੁਲਟ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ ਅਤੇ ਉਹ ਲਾਲਾਂ ਸੁਟਦਾ ਹੋਇਆ ਮਰ ਜਾਂਦਾ ਹੈ।

ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥
ਕਿਸੇ ਜਣੇ ਦੇ ਕਰਨ ਨਾਲ ਕੀ ਹੋ ਸਕਦਾ ਹੈ, ਜਦ ਕਿ ਉਸ ਦੇ ਪੂਰਬਲੇ ਕਰਮਾਂ ਕਾਰਣ, ਵਾਹਿਗੁਰੂ ਨੇ ਉਸ ਲਈ ਐਹੋ ਜਿਹਾ ਲਿਖ ਛੱਡਿਆ ਹੈ।

ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥
ਜਿਥੇ ਕਿਤੇ ਭੀ ਉਹ ਜਾਂਦਾ ਹੈ, ਓਥੇ ਉਹ ਕੂੜਾ ਸਾਬਤ ਹੋ ਜਾਂਦਾ ਹੈ। ਉਸ ਦਾ ਝੂਠ ਬਕਣਾ ਕਿਸੇ ਨੂੰ ਭੀ ਚੰਗਾ ਨਹੀਂ ਲੱਗਦਾ।

ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥
ਹੇ ਭਰਾਓ ਅਤੇ ਸਾਧੂਓ! ਆਪਣੇ ਸਾਹਿਬ ਵਾਹਿਗੁਰੂ ਦੀ ਇਹ ਵਿਸ਼ਾਲਤਾ ਦੇਖੋ। ਜੇਹੋ ਜੇਹਾ ਬੰਦਾ ਕਰਦਾ ਹੈ, ਓਹੋ ਜੇਹਾ (ਫਲ) ਹੀ ਉਹ ਪਾਉਂਦਾ ਹੈ।

ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥
ਪ੍ਰਭੂ ਦੇ ਸੱਚੇ ਦਰਬਾਰ ਵਿੱਚ ਇਹ ਫੈਸਲਾ ਹੋਵੇਗਾ। ਗੋਲਾ ਨਾਨਕ ਇਸ ਨੂੰ ਅਗੇਤਰ ਹੀ ਕਹਿ ਕੇ ਸੁਣਾਉਂਦਾ ਹੈ।

ਪਉੜੀ ॥
ਪਉੜੀ।

ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥
ਸੱਚੇ ਗੁਰਾਂ ਨੇ ਪਿੰਡ ਦੀ ਮੋੜ੍ਹੀ ਗੱਡੀ ਹੈ ਅਤੇ ਉਹਨਾਂ ਗੁਰਾਂ ਨੇ ਹੀ ਰਾਖੇ ਮੁਕੱਰਰ ਕੀਤੇ ਹਨ।

ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
ਮੇਰੀ ਉਮੈਦ ਪੂਰੀ ਹੋ ਗਈ ਹੈ ਅਤੇ ਮੇਰਾ ਚਿੱਤ ਗੁਰਾਂ ਦੈ ਪੈਰਾਂ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ।

ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
ਬੇਹੱਦ ਹੀ ਮਿਹਰਬਾਨ ਹਨ ਮੇਰੇ ਗੁਰਦੇਵ, ਜਿਨ੍ਹਾਂ ਨੇ ਮੇਰੇ ਸਾਰੇ ਪਾਪ ਨਾਸ ਕਰ ਦਿੱਤੇ ਹਨ।

ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
ਆਪਣੀਆਂ ਰਹਿਮਤਾਂ ਨਿਸ਼ਾਵਰ ਕਰ ਕੇ, ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।

ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥
ਨਾਨਕ ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ, ਜਿਨ੍ਹਾਂ ਵਿੱਚ ਐਨੀਆਂ ਚੰਗਿਆਈਆਂ ਹਨ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥
ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਹੇ ਪੰਡਤ?

ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥
ਜਦ ਪ੍ਰਭੂ ਦਾ ਫੁਰਮਾਨ ਆ ਜਾਂਦਾ ਹੈ, ਤਾਂ ਹਰ ਸ਼ੈਅ ਦਾ ਫੈਸਲਾ ਹੋ ਜਾਂਦਾ ਹੈ, ਅਤੇ ਇਨਸਾਨ ਉਸ ਦੇ ਅਨੁਸਾਰ ਟੁਰਦੇ ਹਨ ਤੇ ਕੰਮ ਕਰਦੇ ਹਨ।

ਮਃ ੨ ॥
ਦੂਜੀ ਪਾਤਿਸ਼ਾਹੀ।

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
ਨੱਕ ਦੀ ਨਕੇਲ ਮਾਲਕ ਦੇ ਹੱਥ ਵਿੱਚ ਹੈ ਅਤੇ ਆਦਮੀ ਦੇ ਅਮਲ ਉਸ ਨੂੰ ਧਕੇਲਦੇ ਹਨ।

ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥
ਜਿੋਥੇ ਕਿਤੇ ਭੀ ਬੰਦੇ ਦੀ ਰੋਜ਼ੀ ਹੈ, ਓਥੇ ਹੀ ਉਹ ਇਸ ਨੂੰ ਖਾਣ ਲਈ ਜਾਂਦਾ ਹੈ, ਹੇ ਨਾਨਕ! ਕੇਵਲ ਏਹੀ ਨਿਰੋਲ ਸੱਚ ਹੈ।

ਪਉੜੀ ॥
ਪਉੜੀ।

ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥
ਸੁਆਮੀ ਖੁਦ ਹਰ ਵਸਤੂ ਨੂੰ ਇਸ ਦੇ ਮੁਨਾਸਬ ਟਿਕਾਣੇ ਤੇ ਰੱਖਦਾ ਹੈ।

ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥
ਖੁਦ ਉਤਪਤੀ ਨੂੰ ਉਤਪੰਨ ਕਰ ਕੇ, ਸਾਹਿਬ ਆਪ ਹੀ ਇਸ ਨੂੰ ਨਾਸ ਕਰ ਦਿੰਦਾ ਹੈ।

ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥
ਖੁਦ ਜੀਵਾਂ ਨੂੰ ਸਾਜ ਕੇ, ਉਹ ਖੁਦ ਹੀ ਉਨ੍ਹਾਂ ਦਾ ਪਾਲਣਾ-ਪੋਸਣਾ ਕਰਦਾ ਹੈ।

ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥
ਆਪਣੇ ਸੇਵਕਾਂ ਨੂੰ ਉਹ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਨਿਹਾਲ ਕਰ ਦਿੰਦਾ ਹੈ।

ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥
ਨਾਨਕ, ਉਸ ਦੇ ਸਾਧੂ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ। ਹੋਰਸ ਦੀ ਪ੍ਰੀਤ ਨੂੰ ਉਹ ਸਾੜ ਸੁੱਟਦੇ ਹਨ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
ਹੇ ਮੇਰੀ ਜਿੰਦੜੀਏ! ਤੂੰ ਇਕਾਗਰ ਚਿੱਤ ਤੇ ਅਫੁਰ ਲੀਨਤਾ ਦੁਆਰਾ ਪੂਜਯ ਪ੍ਰਭੂ ਦਾ ਪਿਆਰ ਨਾਲ ਸਿਮਰਨ ਕਰ।

ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥
ਅਬਿਨਾਸੀ ਤੇ ਸਦੀਵੀ ਸਥਿਰ ਹਨ ਵਾਹਿਗੁਰੂ ਦੀਆਂ ਬਜ਼ੁਰਗੀਆਂ। ਉਹ ਦੇ ਕੇ ਪਸਚਾਤਾਪ ਨਹੀਂ ਕਰਦਾ।

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥
ਮੈਂ ਹਮੇਸ਼ਾਂ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਟਹਿਲ ਕਮਾਉਣ ਨਾਲ ਆਰਾਮ ਪ੍ਰਾਪਤ ਹੁੰਦਾ ਹੈ।

ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥
ਨਾਨਕ, ਨਾਮ ਦੇ ਨਾਲ ਆਪਣੀ ਹੰਗਤਾ ਨੂੰ ਸਾੜ ਕੇ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਰਹਿੰਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
ਸਾਈਂ ਆਪ ਬੰਦਿਆਂ ਨੂੰ ਆਪਣੀ ਟਹਿਲੇ ਲਾਉਂਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਬਖਸ਼ਿਸ਼ ਕਰਦਾ ਹੈ।

ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥
ਉਹ ਖੁਦ ਸਾਰਿਆਂ ਦਾ ਪਿਤਾ ਤੇ ਮਾਤਾ ਹੈ ਅਤੇ ਖੁਦ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ।

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥
ਨਾਨਕ, ਜੋ ਨਾਮ ਦਾ ਆਰਾਧਨ ਕਰਦੇ ਹਨ, ਉਹ ਆਪਣੇ ਨਿੱਜ ਦੇ ਧਾਮ (ਆਪੇ) ਵਿੱਚ ਨਿਵਾਸ ਪਾਉਂਦੇ ਹਨ ਅਤੇ ਸਾਰਿਆਂ ਯੁਗਾਂ ਅੰਦਰ ਉਨ੍ਹਾਂ ਦੀ ਇਜ਼ਤ ਹੁਦੀ ਹੈ।

ਪਉੜੀ ॥
ਪਉੜੀ।

ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥
ਤੂੰ ਹੇ ਕਰਤਾਰ! ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈਂ। ਤੇਰੇ ਬਗੈਰ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।

copyright GurbaniShare.com all right reserved. Email