Page 365
ਗੁਰ ਪਰਸਾਦੀ ਭਵਜਲੁ ਤਰੈ ॥
ਗੁਰਾਂ ਦੀ ਦਇਆ ਦੁਆਰਾ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰੇਮਮਈ ਸੇਵਾ ਪ੍ਰਮਾਣੀਕ ਹੋ ਜਾਂਦੀ ਹੈ।

ਹਰਿ ਜੀਉ ਆਪਿ ਵਸੈ ਮਨਿ ਆਇ ॥੪॥
ਪੂਜਯ ਪ੍ਰਭੂ ਖੁਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।

ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਤਾਂ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜ ਦਿੰਦਾ ਹੈ।

ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
ਤਦ ਅਸਥਿਰ ਹੋ ਜਾਂਦਾ ਹੈ ਉਸ ਦਾ ਅਨੁਰਾਗ (ਪ੍ਰੇਮ) ਤੇ ਉਹ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਲੈਂਦਾ ਹੈ।

ਭਗਤਿ ਰਤੇ ਤਿਨ੍ਹ੍ਹ ਸਚੀ ਸੋਇ ॥
ਸੱਚੀ ਹੈ ਸੋਭਾ ਉਨ੍ਹਾਂ ਦੀ ਜੋ ਸਾਹਿਬ ਦੀ ਪ੍ਰੇਮਾਭਗਤੀ ਨਾਲ ਰੰਗੀਜੇ ਹਨ।

ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਬੰਦਾ ਆਰਾਮ ਪਾਉਂਦਾ ਹੈ।

ਆਸਾ ਘਰੁ ੮ ਕਾਫੀ ਮਹਲਾ ੩
ਆਸਾ। ਕਾਫੀ। ਤੀਜੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥
ਰੱਬ ਦੀ ਰਜ਼ਾ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਸੱਚੀ ਸਮਝ ਪ੍ਰਾਪਤ ਹੁੰਦੀ ਹੈ।

ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥
ਗੁਰਾਂ ਦੀ ਰਹਿਮਤ ਸਦਕਾ ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।

ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥
ਮੇਰਾ ਦਾਤਾਰ ਪਤੀ ਕੇਵਲ ਇੱਕ ਹੈ। ਹੋਰ ਕੋਈ ਨਹੀਂ।

ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਨਿਵਾਸ ਕਰ ਲੈਦਾ ਹੈ, ਤਦ ਹਮੇਸ਼ਾਂ ਦਾ ਆਰਾਮ ਹੋ ਜਾਂਦਾ ਹੈ। ਠਹਿਰਾਉ।

ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥
ਇਸ ਯੁੱਗ, ਅੰਦਰ ਡਰ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਪਾਇਆ ਜਾਂਦਾ ਹੈ।

ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥
ਨਾਮ ਦੇ ਬਗੈਰ ਅੰਨ੍ਹਾਂ ਅਤੇ ਮੂਰਖ ਪ੍ਰਤੀਕੂਲ ਪੁਰਸ਼, ਮੌਤ ਦੇ ਫ਼ਰਿਸ਼ਤੇ ਦੇ ਅਖਤਿਆਰ ਵਿੱਚ ਹੈ।

ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥
ਗੋਲਾ, ਜੋ ਵਾਹਿਗੁਰੂ ਦੀ ਰਜਾ ਮੰਨ ਕੇ ਘਾਲ ਕਮਾਉਂਦਾ ਹੈ, ਉਹ ਸੱਚੇ ਸਾਈਂ ਨੂੰ ਸਮਝ ਲੈਦਾ ਹੈ।

ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥
ਉਸ ਦੇ ਹੁਕਮ ਤਾਬੇ ਹਰੀ ਦੀ ਪਰਸੰਸਾ ਕੀਤੀ ਜਾਂਦੀ ਹੈ। ਉਸ ਦੀ ਰਜਾ ਸਵੀਕਾਰ ਕਰਨ ਨਾਲ ਆਰਾਮ ਪ੍ਰਾਪਤ ਹੁੰਦਾ ਹੈ।

ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥
ਵਾਹਿਗੁਰੂ ਦੀ ਖੁਸ਼ੀ ਦੁਆਰਾ ਮਨੁਖ ਨੂੰ ਜਨਮ ਦੀ ਦੌਲਤ ਮਿਲਦੀ ਹੈ ਅਤੇ ਅਕਲ ਸ਼੍ਰੇਸ਼ਟ ਥੀ ਵੰਞਦੀ ਹੈ।

ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥
ਹੇ ਨਾਨਕ! ਤੂੰ ਨਾਮ ਦੀ ਸਿਫ਼ਤ ਸ਼ਲਾਘਾ ਕਰ। ਗੁਰਾਂ ਦੇ ਰਾਹੀਂ ਤੂੰ ਮੁਕਤ ਹੋ ਜਾਵੇਗਾਂ।

ਆਸਾ ਮਹਲਾ ੪ ਘਰੁ ੨
ਆਸਾ ਚਉਥੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
ਤੂੰ ਸੱਚਾ ਸਿਰਜਣਹਾਰ ਅਤੇ ਮੇਰਾ ਮਾਲਕ ਹੈਂ।

ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥
ਕੇਵਲ ਉਹੀ ਹੁੰਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੈਂ ਓਹੀ ਕੁਛ ਪਰਾਪਤ ਕਰਦਾ ਹਾਂ, ਜੋ ਕੁਛ ਤੂੰ ਮੈਨੂੰ ਦਿੰਦਾ ਹੈ। ਠਹਿਰਾਉ।

ਸਭ ਤੇਰੀ ਤੂੰ ਸਭਨੀ ਧਿਆਇਆ ॥
ਸਾਰੇ ਤੈਡੇਂ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।

ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਜਿਸ ਉੱਤੇ ਤੂੰ ਦਇਆ ਧਾਰਦਾ ਹੈਂ ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।

ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
ਪਵਿੱਤਰ ਪੁਰਸ਼ ਨਾਮ ਪਰਾਪਤ ਕਰ ਲੈਂਦੇ ਹਨ ਅਤੇ ਆਪ ਹੁਦਰੇ ਇਸ ਨੂੰ ਗੁਆ ਬੈਠਦੇ ਹਨ।

ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈਂ ਅਤੇ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈ।

ਤੂੰ ਦਰੀਆਉ ਸਭ ਤੁਝ ਹੀ ਮਾਹਿ ॥
ਤੂੰ ਦਰਿਆ ਹੈਂ ਅਤੇ ਸਾਰੇ ਤੇਰੇ ਅੰਦਰ ਹਨ।

ਤੁਝ ਬਿਨੁ ਦੂਜਾ ਕੋਈ ਨਾਹਿ ॥
ਤੇਰੇ ਬਗੈਰ ਹੋਰ ਕੋਈ ਨਹੀਂ।

ਜੀਅ ਜੰਤ ਸਭਿ ਤੇਰਾ ਖੇਲੁ ॥
ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।

ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
ਵਿਜੋਗ ਦੇ ਰੱਬੀ ਨੇਮ ਅਨੁਕੂਲ ਮਿਲਿਆ ਵਿਛੜਦਾ ਹੈ ਤੇ ਮੇਲ ਦੇ ਨੇਮ ਅਨੁਸਾਰ ਵਿਛੜਿਆ ਰੱਬ ਨਾਲ ਮਿਲਦਾ ਹੈ।

ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,

ਹਰਿ ਗੁਣ ਸਦ ਹੀ ਆਖਿ ਵਖਾਣੈ ॥
ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਅਤੇ ਉਚਾਰਨ ਕਰਦਾ ਹੈ, ਹੇ ਵਾਹਿਗੁਰੂ!

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪਰਾਪਤ ਹੋਇਆ ਹੈ।

ਸਹਜੇ ਹੀ ਹਰਿ ਨਾਮਿ ਸਮਾਇਆ ॥੩॥
ਉਹ ਸੁਖੈਨ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ!

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ।

ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੇਰੇ ਬਾਝੋਂ ਹੋਰ ਦੂਸਰਾ ਕੋਈ ਨਹੀਂ।

ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਤੂੰ ਆਪਣੀ ਉਸ ਰਚੀ ਹੋਈ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ।

ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥
ਗੁਰਾਂ ਦੇ ਰਾਹੀਂ, ਹੇ ਗੋਲੇ ਨਾਨਕ! ਪ੍ਰਭੂ ਪਰਤੱਖਸ਼ (ਸਾਖਸ਼ਾਤ) ਹੁੰਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

copyright GurbaniShare.com all right reserved. Email