Page 1153

ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩
ਰਾਗੁ ਭੈਰਊ ਪੰਜਵੀਂ ਪਾਤਿਸ਼ਾਹੀ ਪੜਤਾਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ ॥
ਪਾਲਣ ਪੋਸਣਹਾਰ ਵਾਹਿਗੁਰੂ ਦਇਆਲੂ ਹੈ। ਉਸ ਦੀਆਂ ਨੇਕੀਆਂ ਨੂੰ ਕੌਣ ਗਿਣ ਸਕਦਾ ਹੈ?

ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥
ਉਸ ਦੇ ਬਹੁਤੇ ਵਰਨ ਅਤੇ ਘਣੇਰੀਆਂ ਖੁਸ਼ੀ ਦੀਆਂ ਲਹਿਰਾਂ ਹਨ। ਉਹ ਸਾਰਿਆਂ ਦਾ ਮਾਲਕ ਹੈ। ਠਹਿਰਾਉ।

ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥
ਉਸ ਦੇ ਕਈ ਇਕ ਵਿਚਾਰ, ਕਈ ਇਕ ਖਿਆਲ ਅਤੇ ਕਈ ਇਕ ਪੂਜਾ ਪਾਠ ਅਤੇ ਤਪ ਹਨ।

ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥
ਅਨੇਕਾਂ ਹਨ ਉਸ ਦੀਆਂ ਨੇਕੀਆਂ, ਆਵਾਜ਼ਾ ਤੇ ਕੌਤਕ ਅਤੇ ਅਨੇਕਾਂ ਹੀ ਖਾਮੋਸ਼ ਰਿਸ਼ੀ ਉਸ ਨੂੰ ਆਪਣੇ ਮਨ ਅੰਦਰ ਟਿਕਾਉਂਦੇ ਹਨ।

ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥
ਉਹ ਬਹੁਤਿਆਂ ਰਾਗਾਂ ਬਹੁਤਿਆਂ ਸੰਗੀਤਕ ਸਾਜਾਂ ਅਤੇ ਹਰ ਮੁਹਤ ਬਹੁਤਿਆਂ ਸੁਆਦਾਂ ਦਾ ਅਨੰਦ ਲੈਂਦਾ ਹੈ। ਘਣੇਰੇ ਪਾਪਾਂ ਅਤੇ ਘਣੇਰੀਆਂ ਬੀਮਾਰੀਆਂ ਉਸ ਦੀ ਮਹਿਮਾ ਸੁਣਨ ਨਾਲ ਦੂਰ ਹੋ ਜਾਂਦੀਆਂ ਹਨ।

ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥
ਹੇ ਨਾਨਕ! ਬੇਅੰਤ ਪ੍ਰਭੂ ਦੀ ਘਾਲ ਕਮਾਉਣ ਦੁਆਰਾ ਦਰਿਆਵਾਂ ਦੇ ਕਿਨਾਰਿਆਂ ਛੇ ਕਰਮ ਕਾਂਡਾ, ਵਰਤਾਂ, ਪੁਸਤਕਾ ਅਤ ਯਾਤਰਾਂ ਅਸਥਾਨਾਂ ਤੇ ਜਾ ਕੇ ਰਟਨ ਕਰਨ ਦੇ ਸਾਰੇ ਮੇਵੇ ਅਤੇ ਗੁਣ ਪਰਾਪਤ ਹੋ ਜਾਂਦੇ ਹਨ।

ਭੈਰਉ ਅਸਟਪਦੀਆ ਮਹਲਾ ੧ ਘਰੁ ੨
ਭੈਰਉ ਅਸਟਪਤੀਆਂ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥
ਸਾਈਂ ਰੂਹ ਅੰਦਰ ਵਸਦਾ ਹੈ ਅਤੇ ਰੂਹ ਸਾਈਂ ਅੰਦਰ। ਗੁਰਾਂ ਦੀ ਗਿਆਤ ਦੁਆਰਾ ਮੈਂ ਇਹ ਅਨੁਭਵ ਕੀਤਾ ਹੈ।

ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤਮਈ ਗੁਰਬਾਣੀ ਅਨੁਭਵ ਕੀਤੀ ਜਾਂਦੀ ਹੈ ਤੇ ਜੀਵ ਦਾ ਦੁਖੜਾ ਕਟਿਆ ਜਾਂਦਾ ਹੈ ਅਤੇ ਹੰਗਤਾ ਮਰ ਜਾਂਦੀ ਹੈ।

ਨਾਨਕ ਹਉਮੈ ਰੋਗ ਬੁਰੇ ॥
ਨਾਨਕ, ਚੰਦਰੀ ਹੈ ਬੀਮਾਰੀ ਹੰਗਤਾ ਦੀ।

ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ ॥੧॥ ਰਹਾਉ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਇਸੇ ਹੀ ਬੀਮਾਰੀ ਦੀ ਪੀੜ ਨੂੰ ਵੇਖਦਾ ਹਾਂ। ਆਦੀ ਪ੍ਰਭੂ ਖੁਦ ਹੀ ਗੁਰਾਂ ਦੀ ਬਾਣੀ ਪਰਦਾਨ ਕਰਦਾ ਹੈ। ਠਹਿਰਾਉ।

ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥
ਜਦ ਪਾਰਖੂ, ਖੁਦ, ਬੰਦੇ ਨੂੰ ਪਰਖ ਕੇ ਪਰਵਾਨ ਕਰ ਲੈਂਦਾ ਹੈ ਤਦ ਮੁੜ ਕੇ ਉਸ ਦੀ ਛਾਨ ਬੀਨ ਨਹੀਂ ਹੁੰਦੀ।

ਜਿਨ ਕਉ ਨਦਰਿ ਭਈ ਗੁਰਿ ਮੇਲੇ ਪ੍ਰਭ ਭਾਣਾ ਸਚੁ ਸੋਈ ॥੨॥
ਜਿਨ੍ਹਾਂ ਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਗੁਰਾਂ ਨੂੰ ਮਿਲ ਪੈਦੇ ਹਨ। ਕੇਵਲ ਉਹ ਹੀ ਸੱਚਾ ਹੈ ਜੋ ਸੁਆਮੀ ਨੂੰ ਚੰਗਾ ਲਗਦਾ ਹੈ।

ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ॥
ਬੀਮਾਰ ਹਨ ਹਵਾ, ਜਲ ਤੇ ਅੱਗ ਅਤੇ ਬੀਮਾਰ ਹੈ ਸੰਸਾਰ ਆਪਣੀਆਂ ਰੰਗ ਰਲੀਆਂ ਸਮੇਤ।

ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ॥੩॥
ਮਾਂ, ਪਿਓ, ਮੋਹਨੀ ਅਤੇ ਕਾਂਇਆ ਉਹ ਬੀਮਾਰ ਹਨ। ਜੋ ਸਨਬੰਧੀਆਂ ਨਾਲ ਜੁੜੇ ਹੋਏ ਹਨ, ਉਹ ਭੀ ਬੀਮਾਰ ਹਨ।

ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥
ਬੀਮਾਰ ਹਨ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਸਮੇਤ ਅਤੇ ਬੀਮਾਰ ਹੈ ਸਾਰਾ ਜਹਾਨ।

ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥
ਜੋ ਪ੍ਰਭੂ ਦੇ ਪੈਰਾ ਨੂੰ ਅਨੁਭਵ ਕਰਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਬੀਚਾਰਦੇ ਹਨ, ਉਹ ਮੁਕਤ ਹੋ ਜਾਂਦੇ ਹਨ।

ਰੋਗੀ ਸਾਤ ਸਮੁੰਦ ਸਨਦੀਆ ਖੰਡ ਪਤਾਲ ਸਿ ਰੋਗਿ ਭਰੇ ॥
ਬੀਮਾਰ ਹਨ ਸਤ ਸਮੁੰਦਰ ਦਰਿਆਵਾਂ ਦੇ ਸਮੇਤ ਬਰਿਆਜ਼ਮ ਅਤੇ ਪਇਆਲ ਭੀ ਬੀਮਾਰੀ ਨਾਲ ਪਰੀਪੂਰਤ ਹਨ।

ਹਰਿ ਕੇ ਲੋਕ ਸਿ ਸਾਚਿ ਸੁਹੇਲੇ ਸਰਬੀ ਥਾਈ ਨਦਰਿ ਕਰੇ ॥੫॥
ਰੱਬ ਦੇ ਬੰਦੇ, ਉਹ ਸੱਚ ਅਤੇ ਆਰਾਮ ਅੰਦਰ ਵਸਦੇ ਹਨ। ਸਾਰੀਆਂ ਥਾਵਾਂ ਤੇ ਉਹ ਉਨ੍ਹਾਂ ਉਤੇ ਮਿਹਰਬਾਨ ਰਹਿੰਦਾ ਹੈ।

ਰੋਗੀ ਖਟ ਦਰਸਨ ਭੇਖਧਾਰੀ ਨਾਨਾ ਹਠੀ ਅਨੇਕਾ ॥
ਬੀਮਾਰ ਹਨ ਛੈ ਸ਼ਾਸਤਰ, ਅਨੇਕਾਂ ਸ਼ੰਪ੍ਰਦਾਈ ਅਤੇ ਘਦੇਰੇ ਹੀ ਦ੍ਰਿੜ੍ਹਤਾ ਵਾਲੇ ਬੰਦੇ।

ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥੬॥
ਵਿਚਾਰੇ ਵੇਦ ਅਤੇ ਧਾਰਮਕ ਪੁਸਤਕ ਕੀ ਕਰ ਸਕਦੇ ਹਨ ਜਦ ਕਿ ਬੰਦੇ ਇਕ ਸਾਈਂ ਨੂੰ ਨਹੀਂ ਸਮਝਦੇ।

ਮਿਠ ਰਸੁ ਖਾਇ ਸੁ ਰੋਗਿ ਭਰੀਜੈ ਕੰਦ ਮੂਲਿ ਸੁਖੁ ਨਾਹੀ ॥
ਮਿੱਠੀਆਂ ਨਿਆਮਤਾਂ ਖਾਣ ਦੁਆਰਾ, ਪ੍ਰਾਣੀ ਬੀਮਾਰੀ ਨਾਲ ਭਰ ਜਾਂਦਾ ਹੈ ਅਤੇ ਫਲ ਤੇ ਜੜ੍ਹ ਖਾਣ ਵਿੱਚ ਭੀ ਕੋਈ ਆਰਾਮ ਨਹੀਂ।

ਨਾਮੁ ਵਿਸਾਰਿ ਚਲਹਿ ਅਨ ਮਾਰਗਿ ਅੰਤ ਕਾਲਿ ਪਛੁਤਾਹੀ ॥੭॥
ਨਾਮ ਨੂੰ ਭੁਲਾ ਕੇ ਜੋ ਹੋਰ ਰਸਤਿਆਂ ਅੰਦਰ ਟੁਰਦੇ ਹਨ, ਉਹ ਅਖੀਰ ਦੇ ਵੇਲੇ ਪਸਚਾਤਾਪ ਕਰਦੇ ਹਨ।

ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ ॥
ਯਾਤ੍ਰਾ ਅਸਥਾਨਾਂ ਤੇ ਭਟਕਣ ਦੁਆਰਾ, ਜ਼ਹਿਮਤ ਕੱਟੀ ਨਹੀਂ ਜਾਂਦੀ। ਪੜ੍ਹਨ ਰਾਹੀਂ, ਉਹ ਫਜੂਲ ਬਖੇੜਿਆਂ ਵਿੱਚ ਖਚਤ ਹੋ ਜਾਂਦਾਹੈ।

ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥੮॥
ਬਹੁਤੀ ਵਡੀ ਹੈ ਜ਼ਹਿਮਤ ਦਵੈਤ-ਭਾਵ ਦੀ। ਇਸ ਦੇ ਰਾਹੀਂ ਇਨਸਾਨ ਧਨ-ਦੌਲਤ ਦਾ ਗੁਲਾਮ ਹੋ ਜਾਂਦਾ ਹੈ।

ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ ॥
ਗੁਰਾਂ ਦੀ ਦਇਆ ਦੁਆਰਾ ਜੋ ਸਚੇ ਨਾਮ ਦੀ ਸਿਫ਼ਤ ਸ਼ਲਾਘਾ ਕਰਦਾ ਹੈ ਅਤੇ ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਹੈ, ਉਸ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥
ਨਾਨਕੀ ਸੁਆਮੀ ਦਾ ਸੇਵਕ ਜਿਸ ਤੇ ਗੁਰੂ-ਪਰਮੇਸ਼ਰ ਦੀ ਰਹਿਮਤ ਦੀ ਮੋਹਰ ਲੱਗੀ ਹੋਈ ਹੈ, ਸਦੀਵ ਹੀ ਪਵਿੱਤ੍ਰ ਹੈ।

copyright GurbaniShare.com all right reserved. Email