Page 864

ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥
ਦਿਨ ਅਤੇ ਰਾਤ ਨਾਨਕ ਨਾਮ ਦਾ ਸਿਮਰਨ ਕਰਦਾ ਹੈ।

ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥
ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਨੂੰ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੁੰਦੀ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
ਤੂੰ ਆਪਣੇ ਚਿੱਤ ਅੰਦਰ ਗੁਰਾਂ ਦੀ ਤਸਵੀਰ ਦਾ ਚਿੰਤਨ ਕਰ,

ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਆਤਮਾ ਨੂੰ ਗੁਰਾਂ ਦੀ ਬਾਣੀ ਨਾਲ ਪਰੰਸਨ ਕਰ।

ਗੁਰ ਕੇ ਚਰਨ ਰਿਦੈ ਲੈ ਧਾਰਉ ॥
ਤੂੰ ਗੁਰਾਂ ਦੇ ਚਰਨ ਆਪਣੇ ਅੰਤਰ-ਆਤਮੇ ਟਿਕਾ।

ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥
ਤੂੰ ਸਦੀਵ ਹੀ ਆਪਣੇ ਸ਼ਰੋਮਣੀ ਸਾਹਿਬ, ਗੁਰਾਂ ਨੂੰ ਪ੍ਰਣਾਮ ਕਰ।

ਮਤ ਕੋ ਭਰਮਿ ਭੁਲੈ ਸੰਸਾਰਿ ॥
ਇਸੇ ਜਣੇ ਨੂੰ ਇਸ ਜਗ ਅੰਦਰ ਸੰਦੇਹ ਵਿੱਚ ਭਟਕਣਾ ਨਹੀਂ ਚਾਹੀਦਾ।

ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
ਜਾਣ ਲੈ ਕਿ ਗੁਰਾਂ ਦੇ ਬਗੈਰ ਕੋਈ ਜਣਾ ਭੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ। ਠਹਿਰਾਉ।

ਭੂਲੇ ਕਉ ਗੁਰਿ ਮਾਰਗਿ ਪਾਇਆ ॥
ਭਟਕੇ ਹੋਏ ਨੂੰ ਗੁਰੂ ਹੀ ਰਸਤਾ ਵਿਖਾਲਦਾ ਹੈ।

ਅਵਰ ਤਿਆਗਿ ਹਰਿ ਭਗਤੀ ਲਾਇਆ ॥
ਹੁਰਸ ਗੁਰੂ ਛੱਡ ਕੇ, ਗੁਰੂ ਜੀ ਉਸ ਨੂੰ ਸੁਆਮੀ ਦਾ ਪ੍ਰੇਮ-ਮਈ ਸੇਵਾ ਅੰਦਰ ਜੋੜ ਦਿੰਦੇ ਹਨ।

ਜਨਮ ਮਰਨ ਕੀ ਤ੍ਰਾਸ ਮਿਟਾਈ ॥
ਗੁਰੂ ਜੀ ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਕਰ ਦਿੰਦੇ ਹਨ।

ਗੁਰ ਪੂਰੇ ਕੀ ਬੇਅੰਤ ਵਡਾਈ ॥੨॥
ਅਨੰਦ ਹੈ ਮਹਾਨਤਾ ਪੂਰਨ ਗੁਰੂ ਮਹਾਰਾਜ ਦੀ।

ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥
ਗੁਰਾਂ ਦੀ ਦਇਆ ਦੁਆਰਾ ਦਿਲ ਦਾ ਮੂਧਾ ਕੰਵਲ ਸਿੱਧਾ ਪ੍ਰਫੁਲਤ ਹੋ ਜਾਂਦਾ ਹੈ,

ਅੰਧਕਾਰ ਮਹਿ ਭਇਆ ਪ੍ਰਗਾਸ ॥
ਅਤੇ ਪਰਮ ਅਨ੍ਹੇਰੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।

ਜਿਨਿ ਕੀਆ ਸੋ ਗੁਰ ਤੇ ਜਾਨਿਆ ॥
ਜਿਸ ਨੇ ਮੈਨੂੰ ਰਚਿਆ ਹੈ, ਉਸ ਨੂੰ ਮੈਂ ਗੁਰਾਂ ਦੇ ਰਾਹੀਂ ਜਾਣਦਾ ਹਾਂ।

ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥
ਗੁਰਾਂ ਦੀ ਰਹਿਮਤ ਦੁਆਰਾ ਮੇਰੀ ਮੂਰਖ ਆਤਮਾ ਦੀ ਤਸੱਲੀ ਹੋ ਗਈ ਹੈ।

ਗੁਰੁ ਕਰਤਾ ਗੁਰੁ ਕਰਣੈ ਜੋਗੁ ॥
ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀਸਾਰਾ ਕੁਛ ਕਰਨ ਦੇ ਸਮਰਥ ਹਨ।

ਗੁਰੁ ਪਰਮੇਸਰੁ ਹੈ ਭੀ ਹੋਗੁ ॥
ਗੁਰੂ-ਭਗਵਾਨ ਹੈ ਅਤੇ ਹੋਵੇਗਾ ਭੀ।

ਕਹੁ ਨਾਨਕ ਪ੍ਰਭਿ ਇਹੈ ਜਨਾਈ ॥
ਗੁਰੂ ਜੀ ਆਖਦੇ ਹਨ, ਇਹ ਹੈ ਜੋ ਸੁਆਮ ਨੇ ਮੈਨੂੰ ਦਰਸਾਇਆ ਹੈ।

ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥
ਗੁਰਾਂ ਦੇ ਬਾਝੋਂ ਮੁਕਤੀ ਪਰਾਪਤ ਨਹੀਂ ਹੁੰਦੀ, ਹੇ ਵੀਰ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥
ਹੇ ਮੇਰੀ ਜਿੰਦੜੀਏ! ਤੂੰ ਗੁਰਾਂ, ਵੱਡੇ ਗੁਰਾਂ ਨੂੰ ਯਾਦ ਕਰ।

ਗੁਰੂ ਬਿਨਾ ਮੈ ਨਾਹੀ ਹੋਰ ॥
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਨਹੀਂ।

ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥
ਦਿਨ ਰਾਤ ਮੈਨੂੰ ਗੁਰਦੇਵ ਜੀ ਦਾ ਹੀ ਆਸਰਾ ਹੈ।

ਜਾ ਕੀ ਕੋਇ ਨ ਮੇਟੈ ਦਾਤਿ ॥੧॥
ਉਸ ਦੀ ਬਖਸ਼ਿਸ਼ ਨੂੰ ਕੋਈ ਭੀ ਰੋਕ ਨਹੀਂ ਸਕਦਾ।

ਗੁਰੁ ਪਰਮੇਸਰੁ ਏਕੋ ਜਾਣੁ ॥
ਤੂੰ ਗੁਰਾਂ ਅਤੇ ਵਾਹਿਗੁਰੂ ਨੂੰ ਇਕ ਹੀ ਸਮਝ।

ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥
ਜਿਹੜਾ ਕੁਛ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਹ ਹੀ ਕਬੂਲ ਪੈ ਜਾਂਦਾ ਹੈ। ਠਹਿਰਾਉ।

ਗੁਰ ਚਰਣੀ ਜਾ ਕਾ ਮਨੁ ਲਾਗੈ ॥
ਜਿਸ ਦੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਹੋਈ ਹੈ,

ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
ਉਸ ਦੀ ਪੀੜ, ਤਕਲੀਫ ਅਤੇ ਵਹਿਮ ਦੌੜ ਜਾਂਦੇ ਹਨ।

ਗੁਰ ਕੀ ਸੇਵਾ ਪਾਏ ਮਾਨੁ ॥
ਗੁਰਾਂ ਦੀ ਟਹਿਲ ਸੇਵਾ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਪਾ ਲੈਂਦਾ ਹੈ।

ਗੁਰ ਊਪਰਿ ਸਦਾ ਕੁਰਬਾਨੁ ॥੨॥
ਗੁਰਾਂ ਦੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।

ਗੁਰ ਕਾ ਦਰਸਨੁ ਦੇਖਿ ਨਿਹਾਲ ॥
ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ।

ਗੁਰ ਕੇ ਸੇਵਕ ਕੀ ਪੂਰਨ ਘਾਲ ॥
ਪੂਰੀ ਹੈ ਟਹਿਲ ਸੇਵਾ, ਗੁਰਾਂ ਦੇ ਗੋਲੇ ਦੀ।

ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥
ਗੁਰਾਂ ਦੇ ਨਫਰ ਨੂੰ ਤਕਲੀਫ ਨਹੀਂ ਵਾਪਰਦੀ।

ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥੩॥
ਗੁਰਾਂ ਦਾ ਗੋਲਾ ਦਸੀਂ ਪਾਸੀਂ ਪ੍ਰਗਟ ਹੋ ਜਾਂਦਾ ਹੈ।

ਗੁਰ ਕੀ ਮਹਿਮਾ ਕਥਨੁ ਨ ਜਾਇ ॥
ਗੁਰਾਂ ਦੀ ਪ੍ਰਭਤਾ ਕੋਈ ਵਰਣਨ ਨਹੀਂ ਕਰ ਸਕਦਾ।

ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥
ਗੁਰੂ ਜੀ ਸ਼ਰੋਮਣੀ ਸਾਹਿਬ ਅੰਦਰ ਲੀਨ ਹੋਏ ਰਹਿੰਦੇ ਹਨ।

ਕਹੁ ਨਾਨਕ ਜਾ ਕੇ ਪੂਰੇ ਭਾਗ ॥
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੀ ਪੂਰਨ ਪ੍ਰਾਲਭਧ ਹੈ,

ਗੁਰ ਚਰਣੀ ਤਾ ਕਾ ਮਨੁ ਲਾਗ ॥੪॥੬॥੮॥
ਉਸ ਦਾ ਚਿੱਤ ਹੀ ਗੁਰਾਂ ਦੇ ਪੈਰਾਂ ਨਾਲ ਜੁੜਦਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥
ਮੈਂ ਕੇਵਲ ਆਪਣੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ। ਮੇਰੇ ਗੁਰੂ ਜੀ ਖੁਦ ਹੀ ਪਰਮੇਸ਼ਰ ਹਨ।

ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
ਮੇਰਾ ਗੁਰੂ ਜੀ ਪਰਮ-ਪ੍ਰਭੂ ਹੈ ਅਤੇ ਮੇਰਾ ਗੁਰੂ ਹੀ ਮੁਬਾਰਕ ਮਾਲਕ।

ਗੁਰੁ ਮੇਰਾ ਦੇਉ ਅਲਖ ਅਭੇਉ ॥
ਮੇਰੇ ਗੁਰਦੇਵ ਜੀ ਅਗਾਧ ਅਤੇ ਭੇਦ-ਰਹਿਤ ਪ੍ਰਕਾਸ਼ਵਾਨ ਪ੍ਰਭੂ ਹਨ।

ਸਰਬ ਪੂਜ ਚਰਨ ਗੁਰ ਸੇਉ ॥੧॥
ਮੈਂ ਗੁਰਾਂ ਦੇ ਚਰਨਾਂ ਦਾ ਸੇਵਾ ਕਮਾਉਂਦਾ ਹਾਂ ਜਿਨ੍ਹਾਂ ਦੇ ਸਾਰੇ ਹੀ ਉਪਾਸ਼ਨਾ ਕਰਦੇ ਹਨ।

ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।

ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
ਰਾਤ ਦਿਨ ਮੈਂ, ਵਿਸ਼ਾਲ ਗੁਰਾਂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਠਹਿਰਾਉ।

ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
ਗੁਰੂ ਜੀ ਮੇਰੀ ਬ੍ਰਹਿਮ ਵੀਚਾਰ ਹਨ ਅਤੇ ਆਪਣੇ ਮਨ ਅੰਦਰ ਮੈਂ ਗੁਰਾਂ ਦਾ ਹੀ ਚਿੰਤਨ ਕਰਦਾ ਹਾਂ।

ਗੁਰੁ ਗੋਪਾਲੁ ਪੁਰਖੁ ਭਗਵਾਨੁ ॥
ਮੇਰੇ ਗੁਰੂ ਜੀ ਸੰਸਾਰ ਦੇ ਪਾਲਣ-ਪੋਸਣਹਾਰ ਅਤੇ ਸਰਬ-ਸ਼ਕਤੀਵਾਨ ਕੀਰਤੀਵਾਨ ਵਾਹਿਗੁਰੂ ਹਨ।

ਗੁਰ ਕੀ ਸਰਣਿ ਰਹਉ ਕਰ ਜੋਰਿ ॥
ਹੱਥ ਜੋੜ ਕੇ, ਮੈਂ ਗੁਰਾਂ ਦੀ ਪਨਾਹ ਤਾਬੇ ਵਸਦਾ ਹਾਂ।

ਗੁਰੂ ਬਿਨਾ ਮੈ ਨਾਹੀ ਹੋਰੁ ॥੨॥
ਗੁਰਾਂ ਦੇ ਬਗੈਰ ਮੋਰਾ ਹੋਰ ਕੋਈ ਨਹੀਂ।

ਗੁਰੁ ਬੋਹਿਥੁ ਤਾਰੇ ਭਵ ਪਾਰਿ ॥
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ।

ਗੁਰ ਸੇਵਾ ਜਮ ਤੇ ਛੁਟਕਾਰਿ ॥
ਗੁਰਾਂ ਦੀ ਦੀ ਘਾਲ-ਸੇਵਾ ਦੁਆਰਾ, ਇਨਸਾਨ ਮੌਤ ਦੇ ਦੂਤਾਂ ਦੇ ਪੰਜੇ ਤੋਂ ਖਲਾਸੀ ਪਾ ਜਾਂਦਾ ਹੈ।

ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥
ਗੁਰਾਂ ਦਾ ਉਪਦੇਸ਼ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ।

ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥
ਗੁਰਾਂ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।

ਗੁਰੁ ਪੂਰਾ ਪਾਈਐ ਵਡਭਾਗੀ ॥
ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰੂ ਪਰਾਪਤ ਹੁੰਦੇ ਹਨ।

ਗੁਰ ਕੀ ਸੇਵਾ ਦੂਖੁ ਨ ਲਾਗੀ ॥
ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਣੀ ਨੂੰ ਤਕਲੀਫ ਨਹੀਂ ਵਾਪਰਦੀ।

ਗੁਰ ਕਾ ਸਬਦੁ ਨ ਮੇਟੈ ਕੋਇ ॥
ਗੁਰਾਂ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।

ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
ਨਾਨਕ ਗੁਰੂ ਹੈ ਅਤੇ ਨਾਨਕ ਖੁਦ ਹੀ ਉਹ ਸੁਆਮੀ ਹੈ।

copyright GurbaniShare.com all right reserved. Email